ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ ‘ਤੇ
ਜਲੰਧਰ ਵਿੱਚ ਸੰਤ ਰਵਿਦਾਸ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਕੀਤਾ

ਇਸ ਮੌਕੇ ਪ੍ਰਧਾਨ ਮੰਤਰੀ ਹਰੇ ਰੰਗ ਦੀ ਪੱਗ ਵਿੱਚ ਨਜ਼ਰ ਆਏ ਅਤੇ ਆਪਣੇ ਸੰਬੋਧਨ ਦੀ ਸ਼ੁਰੂਆਤ ਪੰਜਾਬੀ ਵਿੱਚ ਕਰਦਿਆਂ ਪੰਜਾਬੀਆਂ ਨੂੰ ਖ਼ਾਸ ਅੰਦਾਜ਼ ਵਿੱਚ ਸੰਬੋਧਿਤ ਕੀਤਾ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਵਿਕਾਸ, ਰੇਲਵੇ, ਗੁਰੂਆਂ ਦੀ ਸਿੱਖਿਆ ਅਤੇ ਪੰਜਾਬ ਦੇ ਲੋਕਾਂ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ।

ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ ਵਿੱਚ ਕਰਦਿਆਂ ਪੰਜਾਬੀਆਂ ਨੂੰ ਯਾਦ ਕੀਤਾ ਅਤੇ ਪੰਜਾਬ ਦੀ ਧਰਤੀ ਨੂੰ ਨਮਨ ਕੀਤਾ।
ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈ, ਫਿਰ ਵੀ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਜਲੰਧਰ ਦੇ ਲੋਕਾਂ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਧਰਤੀ ਮਿਹਨਤੀ ਅਤੇ ਦੇਸ਼ਭਗਤ ਲੋਕਾਂ ਦੀ ਧਰਤੀ ਹੈ।
ਪ੍ਰਧਾਨ ਮੰਤਰੀ ਨੇ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ‘ਤੇ ਚੱਲਣ ਦਾ ਸੰਦੇਸ਼ ਦਿੰਦਿਆਂ ਸਮਾਜ ਵਿੱਚ ਬਰਾਬਰੀ, ਭਾਈਚਾਰੇ ਅਤੇ ਸੇਵਾ ਦੀ ਭਾਵਨਾ ਨੂੰ ਅਪਣਾਉਣ ਦੀ ਅਪੀਲ ਕੀਤੀ।
ਉਨ੍ਹਾਂ ਤੇਜਾ ਸਿੰਘ ਸਮੁੰਦਰੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਨਮਨ ਕੀਤਾ।
ਰੇਲਵੇ ਖੇਤਰ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ 2014 ਤੋਂ ਬਾਅਦ ਭਾਰਤੀ ਰੇਲਵੇ ਵਿੱਚ ਵੱਡੇ ਪੱਧਰ ‘ਤੇ ਸੁਧਾਰ ਹੋਏ ਹਨ ਅਤੇ ਆਧੁਨਿਕ ਸਹੂਲਤਾਂ ਦੇ ਨਾਲ ਦੇਸ਼ ਦਾ ਰੇਲ ਨੈੱਟਵਰਕ ਤੇਜ਼ੀ ਨਾਲ ਮਜ਼ਬੂਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਉਦੇਸ਼ ਪੰਜਾਬ ਨੂੰ ਬਿਹਤਰ connectivity ਅਤੇ ਵਿਕਾਸ ਦੇ ਨਵੇਂ ਮੌਕੇ ਪ੍ਰਦਾਨ ਕਰਨਾ ਹੈ।
ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਸੰਤ ਰਵਿਦਾਸ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਾ ਅਤੇ ਪੰਜਾਬ ਲਈ ਕਈ ਵਿਕਾਸਮੁਖੀ ਸੰਦੇਸ਼ ਦੇਣਾ ਸਿਆਸੀ ਅਤੇ ਵਿਕਾਸੀ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ।

ਵਿਰੋਧੀ ਧਿਰਾਂ ‘ਤੇ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਆਪਣੀਆਂ ਅੰਦਰੂਨੀ ਲੜਾਈਆਂ ਵਿੱਚ ਉਲਝੀ ਹੋਈ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਪਰਵਾਹ ਨਹੀਂ ਰਹੀ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਅਤੇ ਲੋਕ ਭਲਾਈ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਵੀ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਗਾਇਆ ਕਿ ਸੂਬਾ ਸਰਕਾਰ ਪੰਜਾਬ ਦੇ ਨਾਮ ‘ਤੇ ਕਰਜ਼ ਲੈ ਰਹੀ ਹੈ ਅਤੇ ਉਸ ਪੈਸੇ ਦੀ ਸਹੀ ਵਰਤੋਂ ਕਰਨ ਦੀ ਬਜਾਏ ਉਸ ਨੂੰ ਫ਼ਜ਼ੂਲ ਖਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤੇਜ਼ ਵਿਕਾਸ ਦੀ ਰਾਹ ‘ਤੇ ਲਿਆਉਣ ਲਈ ਭਾਜਪਾ ਦੀ ਡਬਲ ਇੰਜਣ ਸਰਕਾਰ ਦੀ ਲੋੜ ਹੈ।
