Amritsar ਦੇ ਆਨੰਦ ਐਵੇਨਿਊ ’ਚ ਖੂਨੀ ਵਾਰਦਾਤ, Activa ਸਾਈਡ ਕਰਨ ਦੇ ਵਿਵਾਦ ’ਚ 27 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕ*ਤ*ਲ
ਪੰਜਾਬ ਦੇ ਅੰਮ੍ਰਿਤਸਰ ਵਿੱਚ ਮਾਮੂਲੀ ਵਿਵਾਦ ਨੇ ਖ਼ੂਨੀ ਰੂਪ ਧਾਰ ਲਿਆ। ਸ਼ਹਿਰ ਦੇ ਆਨੰਦ ਐਵੇਨਿਊ ਇਲਾਕੇ ਵਿੱਚ ਸ਼ੁੱਕਰਵਾਰ ਦੇਰ ਰਾਤ ਐਕਟਿਵਾ ਸਾਈਡ ਕਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ 27 ਸਾਲਾ ਨੌਜਵਾਨ Amit ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਿਲੀ ਜਾਣਕਾਰੀ ਅਨੁਸਾਰ, ਅਮਿਤ ਇੱਕ ਨਿੱਜੀ ਮਾਰਕੀਟਿੰਗ ਕੰਪਨੀ ਵਿੱਚ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਐਕਟਿਵਾ ਨੂੰ ਸਾਈਡ ਕਰਨ ਦੀ ਗੱਲ ਨੂੰ ਲੈ ਕੇ ਕੁਝ ਵਿਅਕਤੀਆਂ ਨਾਲ ਉਸ ਦਾ ਵਿਵਾਦ ਹੋ ਗਿਆ। ਇਸ ਦੌਰਾਨ ਹਮਲਾਵਰਾਂ ਨੇ ਅਮਿਤ ਨੂੰ ਉਸ ਦੇ ਘਰ ਦੇ ਬਾਹਰ ਹੀ ਘੇਰ ਲਿਆ ਅਤੇ ਉਸ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।
ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਲੱਗੀਆਂ ਗੋਲੀਆਂ
ਮੁੱਢਲੀ ਜਾਣਕਾਰੀ ਮੁਤਾਬਕ, ਹਮਲਾਵਰਾਂ ਵੱਲੋਂ ਕੁੱਲ ਛੇ ਗੋਲੀਆਂ ਚਲਾਈਆਂ ਗਈਆਂ। ਇਨ੍ਹਾਂ ਵਿੱਚੋਂ ਦੋ ਗੋਲੀਆਂ ਅਮਿਤ ਦੇ ਸਿਰ ਵਿੱਚ, ਇੱਕ ਕਮਰ ਅਤੇ ਇੱਕ ਲੱਤ ਵਿੱਚ ਲੱਗਣ ਦੀ ਗੱਲ ਸਾਹਮਣੇ ਆਈ ਹੈ। ਗੰਭੀਰ ਜ਼ਖ਼ਮੀ ਹੋਏ ਅਮਿਤ ਨੂੰ ਉਸ ਦੇ ਪਰਿਵਾਰਕ ਮੈਂਬਰ ਤੁਰੰਤ ਹਸਪਤਾਲ ਲਿਜਾਣ ਲਈ ਰਵਾਨਾ ਹੋਏ, ਪਰ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ।
ਪਿਤਾ ਨੇ ਦੋਸਤਾਂ ’ਤੇ ਲਾਏ ਕਤਲ ਦੇ ਦੋਸ਼
ਮ੍ਰਿਤਕ ਦੇ ਪਿਤਾ ਨੇ ਦਾਅਵਾ ਕੀਤਾ ਹੈ ਕਿ ਇਸ ਵਾਰਦਾਤ ਨੂੰ ਅਮਿਤ ਦੇ ਹੀ ਦੋਸਤਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਅਨੁਸਾਰ, ਇਸ ਮਾਮਲੇ ਵਿੱਚ ਤਿੰਨ ਸਕੇ ਭਰਾਵਾਂ ਦੇ ਸ਼ਾਮਲ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਪੁਲਿਸ ਜਾਂਚ ਤੋਂ ਬਾਅਦ ਹੀ ਹੋ ਸਕੇਗੀ।
ਮੁਲਜ਼ਮਾਂ ਦੀ ਭਾਲ ਵਿੱਚ ਪੁਲਿਸ ਦੀ ਛਾਪੇਮਾਰੀ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਨਾਮਜ਼ਦ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਵਾਰਦਾਤ ਨੇ ਇੱਕ ਵਾਰ ਫਿਰ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਮਾਮੂਲੀ ਝਗੜਿਆਂ ਦੌਰਾਨ ਵਧ ਰਹੀ ਹਿੰਸਾ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਜਾਂਚ ਤੋਂ ਬਾਅਦ ਹੀ ਕਤਲ ਦੇ ਅਸਲ ਕਾਰਨਾਂ ਅਤੇ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਹੋਰ ਸਪੱਸ਼ਟ ਜਾਣਕਾਰੀ ਸਾਹਮਣੇ ਆ ਸਕੇਗੀ।
