Punjab ਸਮੇਤ 4 ਸੂਬਿਆਂ ’ਚ ਪਰਾਲੀ ਸਾੜਨ ਵਾਲਿਆਂ ’ਤੇ Satellite ਦੀ ਨਜ਼ਰ; ਹਰ 15 ਮਿੰਟ ਬਾਅਦ Update ਹੋਵੇਗਾ ਅੱਗ ਦਾ ਰਿਕਾਰਡ
ਹੁਣ ਸਿਰਫ਼ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ ਹੀ ਨਹੀਂ ਹੋਵੇਗੀ, ਸਗੋਂ ਅੱਗ ਲੱਗਣ ਦਾ ਸਮਾਂ, ਸਥਾਨ ਅਤੇ ਪ੍ਰਭਾਵਿਤ ਖੇਤਰ ਦੀ ਵੀ ਮਿਲੇਗੀ ਪੂਰੀ ਜਾਣਕਾਰੀ
ਪੰਜਾਬ ਸਮੇਤ ਚਾਰ ਸੂਬਿਆਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਤੇ ਨਜ਼ਰ ਰੱਖਣ ਲਈ ਹੁਣ ਆਧੁਨਿਕ ਸੈਟੇਲਾਈਟ ਤਕਨੀਕ ਦੀ ਮਦਦ ਲਈ ਜਾ ਰਹੀ ਹੈ। ਵਾਤਾਵਰਣ ਸਬੰਧੀ ਕੰਮ ਕਰਨ ਵਾਲੀ ਸੰਸਥਾ ਆਈਫੌਰੈਸਟ (iFOREST) ਵੱਲੋਂ ‘ਫਾਇਰ ਵਾਚ’ (Fire Watch) ਨਾਮ ਦਾ ਮਲਟੀ-ਸੈਟੇਲਾਈਟ ਡੈਸ਼ਬੋਰਡ ਸ਼ੁਰੂ ਕੀਤਾ ਗਿਆ ਹੈ। ਇਸ ਦੇ ਪਹਿਲੇ ਪੜਾਅ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਨਵੀਂ ਪ੍ਰਣਾਲੀ ਰਾਹੀਂ ਪਰਾਲੀ ਨੂੰ ਅੱਗ ਲਗਾਉਣ ਦੀਆਂ ਗਤੀਵਿਧੀਆਂ ਦੀ ਹਰ 15 ਮਿੰਟ ਬਾਅਦ ਨਿਗਰਾਨੀ ਕੀਤੀ ਜਾਵੇਗੀ। ਇਸ ਨਾਲ ਪ੍ਰਸ਼ਾਸਨ ਨੂੰ ਇਹ ਪਤਾ ਲਗਾਉਣ ਵਿੱਚ ਮਦਦ ਮਿਲੇਗੀ ਕਿ ਕਿਸ ਇਲਾਕੇ ਵਿੱਚ ਅੱਗ ਲੱਗੀ, ਇਹ ਘਟਨਾ ਕਿਸ ਸਮੇਂ ਵਾਪਰੀ ਅਤੇ ਕਿੰਨੇ ਰਕਬੇ ਵਿੱਚ ਫ਼ਸਲ ਦੀ ਰਹਿੰਦ-ਖੂੰਹਦ ਸਾੜੀ ਗਈ। ਇਸ ਤੋਂ ਇਲਾਵਾ ਦਿਨ ਦੇ ਕਿਹੜੇ ਸਮੇਂ ਪਰਾਲੀ ਸਾੜਨ ਦੀਆਂ ਘਟਨਾਵਾਂ ਵੱਧ ਹੁੰਦੀਆਂ ਹਨ, ਇਸ ਬਾਰੇ ਵੀ ਅੰਕੜੇ ਸਾਹਮਣੇ ਆਉਣਗੇ।
ਡੈਸ਼ਬੋਰਡ ਵਿੱਚ ਉੱਚ ਰੈਜ਼ੋਲਿਊਸ਼ਨ ਵਾਲੀਆਂ ਸੈਟੇਲਾਈਟ ਤਸਵੀਰਾਂ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਅੱਗ ਕਾਰਨ ਪ੍ਰਭਾਵਿਤ ਹੋਏ ਖੇਤਾਂ ਦੇ ਰਕਬੇ ਦਾ ਵਧੇਰੇ ਸਟੀਕ ਅੰਦਾਜ਼ਾ ਲਗਾਇਆ ਜਾ ਸਕੇਗਾ। ਇਸ ਤਰ੍ਹਾਂ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਨਿਗਰਾਨੀ ਸਿਰਫ਼ ਗਿਣਤੀ ਤੱਕ ਸੀਮਤ ਨਹੀਂ ਰਹੇਗੀ, ਸਗੋਂ ਉਨ੍ਹਾਂ ਦੇ ਅਸਲ ਪ੍ਰਭਾਵ ਦਾ ਮੁਲਾਂਕਣ ਕਰਨਾ ਵੀ ਸੰਭਵ ਹੋਵੇਗਾ।
iFOREST ਦੇ C.E.O. ਡਾ. ਚੰਦਰ ਭੂਸ਼ਣ ਮੁਤਾਬਕ ਪਹਿਲਾਂ ਪਰਾਲੀ ਸਾੜਨ ਸਬੰਧੀ ਨਿਗਰਾਨੀ ਦਾ ਮੁੱਖ ਆਧਾਰ ਅੱਗ ਲੱਗਣ ਦੀਆਂ ਘਟਨਾਵਾਂ ਦੀ ਗਿਣਤੀ ਹੁੰਦੀ ਸੀ, ਜਿਸ ਕਾਰਨ ਕਈ ਅਹਿਮ ਜਾਣਕਾਰੀਆਂ ਸਾਹਮਣੇ ਨਹੀਂ ਆਉਂਦੀਆਂ ਸਨ। ਨਵਾਂ ਡੈਸ਼ਬੋਰਡ ਘਟਨਾ ਦੇ ਸਥਾਨ, ਸਮੇਂ ਅਤੇ ਪ੍ਰਭਾਵਿਤ ਜ਼ਮੀਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਏਗਾ। ਇਸ ਨਾਲ ਅੰਕੜਿਆਂ ਨੂੰ ਸੰਭਾਲਣ ਅਤੇ ਨੀਤੀ ਬਣਾਉਣ ਵਾਲੀਆਂ ਸੰਸਥਾਵਾਂ ਦੇ ਨਾਲ-ਨਾਲ ਆਮ ਲੋਕਾਂ ਤੱਕ ਭਰੋਸੇਯੋਗ ਜਾਣਕਾਰੀ ਪਹੁੰਚਾਉਣ ਵਿੱਚ ਮਦਦ ਮਿਲੇਗੀ।
ਇਸ ਡੈਸ਼ਬੋਰਡ ’ਤੇ ਇੰਟਰਐਕਟਿਵ ਨਕਸ਼ਿਆਂ, ਚਾਰਟਾਂ ਅਤੇ ਵੱਖ-ਵੱਖ ਫਿਲਟਰਾਂ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਹਰ ਹਫ਼ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਬਾਰੇ ਵਿਸ਼ੇਸ਼ ਬੁਲੇਟਿਨ ਜਾਰੀ ਕੀਤਾ ਜਾਵੇਗਾ, ਜਿਸ ਰਾਹੀਂ ਵੱਖ-ਵੱਖ ਸੂਬਿਆਂ ਅਤੇ ਇਲਾਕਿਆਂ ਦੀ ਸਥਿਤੀ ਦਾ ਮੁਲਾਂਕਣ ਕੀਤਾ ਜਾ ਸਕੇਗਾ।
ਇਸ ਪਹਿਲ ਦਾ ਮੁੱਖ ਮਕਸਦ ਪਰਾਲੀ ਸਾੜਨ ਵਾਲੇ ਖੇਤਰਾਂ ਦੀ ਸਹੀ ਪਛਾਣ ਕਰਕੇ ਉੱਥੇ ਸਮੇਂ ਸਿਰ ਕਾਰਵਾਈ ਨੂੰ ਉਤਸ਼ਾਹਿਤ ਕਰਨਾ ਹੈ। ਇਸ ਨਾਲ ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਮਿੱਟੀ ਦੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਵੀ ਪ੍ਰਭਾਵਸ਼ਾਲੀ ਕਦਮ ਚੁੱਕਣ ਵਿੱਚ ਮਦਦ ਮਿਲਣ ਦੀ ਉਮੀਦ ਹੈ।
