‘ਮਿਸ਼ਨ ਕਲੀਨ ਪੰਜਾਬ’ ਦਾ ਤੀਜਾ ਦਿਨ: ਕਾਲਾ ਘਣੂਪੁਰ ਬਾਈਪਾਸ ’ਤੇ ਵਿਧਾਇਕ ਡਾ. ਜਸਬੀਰ ਸੰਧੂ ਨੇ ਚਲਾਇਆ ਵਿਸ਼ੇਸ਼ ਸਫ਼ਾਈ ਅਭਿਆਨ

ਵਾਰਡ ਨੰਬਰ 82 ਦੇ ਕਾਲਾ ਘਣੂਪੁਰ ਬਾਈਪਾਸ ਵਿਖੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਸਫ਼ਾਈ ਅਭਿਆਨ ਦੌਰਾਨ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਅਤੇ ਸਫ਼ਾਈ ਕਰਮਚਾਰੀ।

‘ਮਿਸ਼ਨ ਕਲੀਨ ਪੰਜਾਬ’ ਤਹਿਤ ਤੀਜੇ ਦਿਨ ਵਾਰਡ ਨੰਬਰ 82 ਦੇ ਕਾਲਾ ਘਣੂਪੁਰ ਬਾਈਪਾਸ ਵਿਖੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਵਿਸ਼ੇਸ਼ ਸਫ਼ਾਈ ਅਭਿਆਨ

Punjab-ਸਫ਼ਾਈ ਦੇ ਨਾਲ-ਨਾਲ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਕੀਤਾ ਜਾਗਰੂਕ

ਲੋਕਾਂ ਨੂੰ ਕੂੜਾ ਡਸਟਬਿਨ ਵਿੱਚ ਪਾਉਣ, ਸਿੰਗਲ-ਯੂਜ਼ ਪਲਾਸਟਿਕ ਤੋਂ ਗੁਰੇਜ਼ ਕਰਨ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ

ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਚਲਾਏ ਜਾ ਰਹੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਅੱਜ ਮੁਹਿੰਮ ਦੇ ਤੀਜੇ ਦਿਨ ਵਾਰਡ ਨੰਬਰ 82 ਦੇ ਕਾਲਾ ਘਣੂਪੁਰ ਬਾਈਪਾਸ ਇਲਾਕੇ ਵਿਖੇ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੀ ਅਗਵਾਈ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਕੀਤੀ ਗਈ।

ਇਸ ਮੌਕੇ ਇਲਾਕੇ ਵਿੱਚ ਵਿਸ਼ੇਸ਼ ਸਫ਼ਾਈ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਅਤੇ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਕੀਤਾ ਗਿਆ। ਸਫ਼ਾਈ ਕਰਮਚਾਰੀਆਂ ਵੱਲੋਂ ਸੜਕਾਂ, ਬਾਈਪਾਸ ਦੇ ਆਲੇ-ਦੁਆਲੇ ਅਤੇ ਹੋਰ ਜਨਤਕ ਥਾਵਾਂ ਤੋਂ ਕੂੜਾ-ਕਰਕਟ ਹਟਾ ਕੇ ਇਲਾਕੇ ਨੂੰ ਸਾਫ਼ ਬਣਾਇਆ ਗਿਆ।ਇਸ ਮੌਕੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ‘ਮਿਸ਼ਨ ਕਲੀਨ ਪੰਜਾਬ’ ਦਾ ਮੁੱਖ ਉਦੇਸ਼ ਸੂਬੇ ਦੇ ਹਰ ਸ਼ਹਿਰ ਅਤੇ ਪਿੰਡ ਨੂੰ ਸਾਫ਼, ਸੁੰਦਰ ਅਤੇ ਪ੍ਰਦੂਸ਼ਣ ਮੁਕਤ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸਿਰਫ਼ ਸਰਕਾਰ ਜਾਂ ਕਿਸੇ ਇੱਕ ਵਿਭਾਗ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰੇਕ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਫ਼ਾਈ ਦਾ ਧਿਆਨ ਰੱਖੇ ਤਾਂ ਅਸੀਂ ਅੰਮ੍ਰਿਤਸਰ ਨੂੰ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰਾਂ ਵਿੱਚ ਸ਼ਾਮਲ ਕਰ ਸਕਦੇ ਹਾਂ।

 

 

 

ਡਾ. ਸੰਧੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੂੜਾ ਸਿਰਫ਼ ਨਿਰਧਾਰਤ ਡਸਟਬਿਨਾਂ ਵਿੱਚ ਹੀ ਪਾਇਆ ਜਾਵੇ ਅਤੇ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵੀ ਪ੍ਰੇਰਿਤ ਕੀਤਾ।

 

ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਵਾਤਾਵਰਣ ਨਾ ਸਿਰਫ਼ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਂਦਾ ਹੈ, ਬਲਕਿ ਲੋਕਾਂ ਦੀ ਸਿਹਤ ਅਤੇ ਜੀਵਨ ਦੀ ਗੁਣਵੱਤਾ ’ਤੇ ਵੀ ਸਿੱਧਾ ਪ੍ਰਭਾਵ ਪਾਉਂਦਾ ਹੈ। ਇਸ ਲਈ ਹਰੇਕ ਨਾਗਰਿਕ ਨੂੰ ਸਫ਼ਾਈ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।ਇਸ ਮੌਕੇ ਕੌਂਸਲਰ ਸ. ਸੰਦੀਪ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਅੰਮ੍ਰਿਤਸਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਹਰਿਆ-ਭਰਿਆ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ‘ਮਿਸ਼ਨ ਕਲੀਨ ਪੰਜਾਬ’ ਤਹਿਤ ਅਜਿਹੇ ਸਫ਼ਾਈ ਅਤੇ ਜਾਗਰੂਕਤਾ ਅਭਿਆਨ ਲਗਾਤਾਰ ਜਾਰੀ ਰੱਖੇ ਜਾਣਗੇ, ਤਾਂ ਜੋ ਲੋਕਾਂ ਦੀ ਭਾਗੀਦਾਰੀ ਨਾਲ ਅੰਮ੍ਰਿਤਸਰ ਨੂੰ ਸਾਫ਼, ਸੁੰਦਰ ਅਤੇ ਸਿਹਤਮੰਦ ਸ਼ਹਿਰ ਬਣਾਉਣ ਦੇ ਟੀਚੇ ਨੂੰ ਸਾਕਾਰ ਕੀਤਾ ਜਾ ਸਕੇ।

Leave a Reply

Your email address will not be published. Required fields are marked *