ਧਾਰਮਿਕ, ਇਤਿਹਾਸਕ ਅਤੇ ਸੈਰ-ਸਪਾਟਾ ਰਾਜਧਾਨੀ ਅੰਮ੍ਰਿਤਸਰ ਨੂੰ AAP ਸਰਕਾਰ ਨੇ ਕੂੜੇ ਦੀ ਰਾਜਧਾਨੀ ਬਣਾ ਦਿੱਤਾ: Tarun Chugh
Punjab-ਚੱਬਲ ਰੋਡ ’ਤੇ 1.5 ਲੱਖ ਮੀਟ੍ਰਿਕ ਟਨ ਕੂੜਾ AAP ਸਰਕਾਰ ਦੇ ਖੋਖਲੇ ‘ਬਦਲਾਅ’ ਅਤੇ ਨਗਰ ਨਿਗਮ ਦੀ ਘੋਰ ਲਾਪਰਵਾਹੀ ਦਾ ਸਬੂਤ
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਦਫ਼ਤਰ ਇੰਚਾਰਜ ਅਤੇ ਗੁਜਰਾਤ ਭਾਜਪਾ ਇੰਚਾਰਜ ਤਰੁਣ ਚੁਗ ਨੇ ਅੰਮ੍ਰਿਤਸਰ ਦੇ ਚੱਬਲ ਰੋਡ ’ਤੇ 11 ਏਕੜ ਦੇ ਡੰਪ ਸਾਈਟ ’ਤੇ ਕਰੀਬ 1.5 ਲੱਖ ਮੀਟ੍ਰਿਕ ਟਨ ਕੂੜਾ ਇਕੱਠਾ ਹੋਣ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅੰਮ੍ਰਿਤਸਰ ਨਗਰ ਨਿਗਮ ਦੀ ਗੰਭੀਰ ਲਾਪਰਵਾਹੀ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅੱਗੇ ਹਲਫ਼ਨਾਮਾ ਦਾਇਰ ਕੀਤੇ ਜਾਣ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ।
Tarun Chugh ਨੇ ਕਿਹਾ ਕਿ ਧਾਰਮਿਕ, ਇਤਿਹਾਸਕ ਅਤੇ ਸੈਰ-ਸਪਾਟਾ ਰਾਜਧਾਨੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ AAP ਸਰਕਾਰ ਨੇ ਕੂੜੇ ਦੇ ਪਹਾੜ ਵਿੱਚ ਬਦਲ ਦਿੱਤਾ ਹੈ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਵਰਗੇ ਵਿਸ਼ਵ ਪ੍ਰਸਿੱਧ ਧਾਰਮਿਕ ਸਥਾਨਾਂ ਅਤੇ ਜਲ੍ਹਿਆਂਵਾਲਾ ਬਾਗ, ਮਹਾਰਾਜਾ ਰਣਜੀਤ ਸਿੰਘ ਸਮਾਰਕ ਸਮੇਤ ਹੋਰ ਇਤਿਹਾਸਕ ਸਥਾਨਾਂ ਵਾਲੇ ਇਸ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਦੀ ਬਜਾਏ AAP ਸਰਕਾਰ ਨੇ ਇਸ ਨੂੰ ਗੰਦਗੀ, ਬਦਬੂ ਅਤੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝਣ ਲਈ ਛੱਡ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਚੱਬਲ ਰੋਡ ’ਤੇ ਰੇਲਵੇ ਫਾਟਕ ਦੇ ਨੇੜੇ ਮੁੱਖ ਸੜਕ ਦੇ ਕਿਨਾਰੇ ਹੀ ਸ਼ਹਿਰ ਦਾ ਕੂੜਾ ਸੁੱਟਿਆ ਜਾ ਰਿਹਾ ਹੈ। ਇਹ ਕੋਈ ਸੁੰਨਸਾਨ ਇਲਾਕਾ ਨਹੀਂ, ਸਗੋਂ ਅੰਮ੍ਰਿਤਸਰ ਸੈਂਟਰਲ ਵਿਧਾਨ ਸਭਾ ਹਲਕੇ ਦਾ ਸੰਘਣੀ ਆਬਾਦੀ ਵਾਲਾ ਇਲਾਕਾ ਹੈ, ਜਿੱਥੇ ਵੱਡੀ ਗਿਣਤੀ ਵਿੱਚ ਪਰਿਵਾਰ ਰਹਿੰਦੇ ਹਨ। ਇਸੇ ਰਸਤੇ ’ਤੇ ਕਈ ਵੱਡੇ ਸਕੂਲ ਵੀ ਸਥਿਤ ਹਨ। ਇਹ ਉਹੀ ਇਤਿਹਾਸਕ ਰਸਤਾ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਗੁਰਦੁਆਰਾ, ਪ੍ਰਸਿੱਧ ਚੀਫ਼ ਖਾਲਸਾ ਦੀਵਾਨ ਵੱਲੋਂ ਚਲਾਇਆ ਜਾ ਰਿਹਾ ਨਰਸਿੰਘ ਕਾਲਜ, ਰਾਧਾ ਸੁਆਮੀ ਡੇਰਾ ਅਤੇ ਕਈ ਹੋਰ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਮੌਜੂਦ ਹਨ। ਕੂੜੇ ਦੇ ਢੇਰਾਂ ਅਤੇ ਉਨ੍ਹਾਂ ਤੋਂ ਆਉਂਦੀ ਬਦਬੂ ਕਾਰਨ ਸਥਾਨਕ ਵਸਨੀਕਾਂ ਅਤੇ ਖ਼ਾਸ ਕਰਕੇ ਨੇੜਲੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਇਤਿਹਾਸਕ ਅਤੇ ਮਹੱਤਵਪੂਰਨ ਸੜਕ ਨੂੰ ਕੂੜੇ ਦੇ ਢੇਰਾਂ ਵਿੱਚ ਬਦਲ ਦੇਣਾ ਨਗਰ ਨਿਗਮ ਅਤੇ ਸਥਾਨਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਚੁਗ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ। ਕੂੜੇ ਦੇ ਢੇਰਾਂ ਤੋਂ ਆਉਂਦੀ ਬਦਬੂ, ਗੰਦਾ ਪਾਣੀ ਅਤੇ ਪਾਣੀ ਖੜ੍ਹਾ ਹੋਣ ਕਾਰਨ ਆਲੇ-ਦੁਆਲੇ ਦਾ ਵਾਤਾਵਰਣ ਹੋਰ ਪ੍ਰਦੂਸ਼ਿਤ ਹੁੰਦਾ ਹੈ ਅਤੇ ਮੱਛਰਾਂ ਤੇ ਹੋਰ ਬਿਮਾਰੀਆਂ ਫੈਲਾਉਣ ਵਾਲੇ ਜੀਵਾਂ ਦੇ ਪੈਦਾ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਅਜਿਹੇ ਹਾਲਾਤਾਂ ਵਿੱਚ ਡੇਂਗੂ ਸਮੇਤ ਵੈਕਟਰ-ਜਨਿਤ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵਧਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਗੰਦਗੀ, ਬਦਬੂ ਅਤੇ ਪ੍ਰਦੂਸ਼ਣ ਵਿਚਕਾਰ ਰਹਿਣ ਲਈ ਮਜਬੂਰ ਕਰਨਾ AAP ਸਰਕਾਰ ਦੀ ਸੰਵੇਦਨਹੀਣਤਾ ਅਤੇ ਪ੍ਰਸ਼ਾਸਨਿਕ ਨਾਕਾਮੀ ਦਾ ਸਬੂਤ ਹੈ।
ਉਨ੍ਹਾਂ ਕਿਹਾ ਕਿ ਇਹ ਸਮੱਸਿਆ ਅੱਜ ਦੀ ਪੈਦਾ ਕੀਤੀ ਹੋਈ ਨਹੀਂ ਹੈ। ਸਥਾਨਕ ਵਸਨੀਕ ਕਈ ਵਾਰ ਧਰਨੇ ਅਤੇ ਪ੍ਰਦਰਸ਼ਨ ਕਰ ਚੁੱਕੇ ਹਨ ਅਤੇ ਪ੍ਰਸ਼ਾਸਨ ਨੂੰ ਵਾਰ-ਵਾਰ ਇਸ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਨ, ਪਰ ਇਸ ਦੇ ਬਾਵਜੂਦ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ। ਜਦੋਂ ਲੋਕ ਵਾਰ-ਵਾਰ ਸਰਕਾਰ ਅਤੇ ਪ੍ਰਸ਼ਾਸਨ ਕੋਲ ਆਪਣੀ ਸਮੱਸਿਆ ਲੈ ਕੇ ਜਾਣ ਅਤੇ ਨਗਰ ਨਿਗਮ ਫਿਰ ਵੀ ਅੱਖਾਂ ਬੰਦ ਕਰਕੇ ਬੈਠਾ ਰਹੇ, ਤਾਂ ਇਹ ਸਿਰਫ਼ ਸਫ਼ਾਈ ਪ੍ਰਬੰਧ ਦੀ ਨਾਕਾਮੀ ਨਹੀਂ, ਸਗੋਂ ਪੂਰੇ ਪ੍ਰਸ਼ਾਸਨ ਦੀ ਨਾਕਾਮੀ ਹੈ।
Tarun Chugh ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ NGT ਅੱਗੇ ਦਾਇਰ ਕੀਤੇ ਹਲਫ਼ਨਾਮੇ ਨੇ ਵੀ ਅੰਮ੍ਰਿਤਸਰ ਨਗਰ ਨਿਗਮ ਦੀ ਗੰਭੀਰ ਲਾਪਰਵਾਹੀ ਨੂੰ ਸਾਹਮਣੇ ਲਿਆਂਦਾ ਹੈ। ਚੱਬਲ ਰੋਡ ਵਾਲੀ ਸਾਈਟ ’ਤੇ legacy waste ਦੇ ਵਿਗਿਆਨਕ ਨਿਪਟਾਰੇ ਲਈ ਲੋੜੀਂਦੀ ਕਾਰਜਸ਼ੀਲ ਮਸ਼ੀਨਰੀ ਦੀ ਕਮੀ, ਡਰੇਨੇਜ ਅਤੇ ਲੈਂਡਫ਼ਿਲ ਪ੍ਰਬੰਧਨ ਦੀ ਅਪੂਰਤੀ ਵਿਵਸਥਾ ਅਤੇ Solid Waste Management Rules, 2016 ਦੀ ਪਾਲਣਾ ਵਿੱਚ ਗੰਭੀਰ ਕਮੀਆਂ ਸਾਹਮਣੇ ਆਈਆਂ ਹਨ।
Chugh ਨੇ ਕਿਹਾ ਕਿ ਨਗਰ ਨਿਗਮ ਦੀ ਲਾਪਰਵਾਹੀ ਦੀ ਕੀਮਤ ਹੁਣ ਕਰੋੜਾਂ ਰੁਪਏ ਦੇ ਵਾਤਾਵਰਣਕ ਜੁਰਮਾਨਿਆਂ ਦੇ ਰੂਪ ਵਿੱਚ ਸਾਹਮਣੇ ਆ ਰਹੀ ਹੈ। ਪਹਿਲਾਂ ਹੀ ₹8 ਕਰੋੜ ਦੀ ਵਾਤਾਵਰਣਕ ਮੁਆਵਜ਼ਾ ਰਾਸ਼ੀ ਲਗਾਈ ਜਾ ਚੁੱਕੀ ਹੈ ਅਤੇ PPCB ਨੇ ਨਵੇਂ ਮਾਮਲੇ ਵਿੱਚ ਇਸ ਨੂੰ ਵਧਾ ਕੇ ਕਰੀਬ ₹8.90 ਕਰੋੜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਨਤਾ ਦੇ ਪੈਸੇ ਨਾਲ ਚੱਲਣ ਵਾਲੇ ਨਗਰ ਨਿਗਮ ਨੂੰ ਕਰੋੜਾਂ ਰੁਪਏ ਦਾ ਵਾਤਾਵਰਣਕ ਜੁਰਮਾਨਾ ਕਿਉਂ ਭਰਨਾ ਪੈ ਰਿਹਾ ਹੈ ਅਤੇ ਇਸ ਗੰਭੀਰ ਲਾਪਰਵਾਹੀ ਲਈ ਜ਼ਿੰਮੇਵਾਰੀ ਕੌਣ ਲਵੇਗਾ?
ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਮੁੱਢਲੀ ਜ਼ਿੰਮੇਵਾਰੀ ਸ਼ਹਿਰ ਦਾ ਕੂੜਾ ਚੁੱਕਣਾ, ਉਸ ਦਾ ਵਿਗਿਆਨਕ ਨਿਪਟਾਰਾ ਕਰਨਾ ਅਤੇ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਦੇਣਾ ਹੈ। ਪਰ ਇਸ ਦੇ ਉਲਟ ਮੁੱਖ ਸੜਕ ਦੇ ਕਿਨਾਰੇ ਕੂੜੇ ਦੇ ਢੇਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਇੰਨੇ ਸਾਲਾਂ ਤੋਂ ਨਗਰ ਨਿਗਮ ਅਤੇ ਸਥਾਨਕ ਪ੍ਰਸ਼ਾਸਨ ਕੀ ਕਰ ਰਹੇ ਸਨ ਅਤੇ ਲੋਕਾਂ ਦੀਆਂ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਇਸ ਸਮੱਸਿਆ ਦਾ ਸਥਾਈ ਹੱਲ ਕਿਉਂ ਨਹੀਂ ਕੀਤਾ ਗਿਆ।
Chugh ਨੇ ਕਿਹਾ ਕਿ AAP ਦਾ ਦਿੱਲੀ ਮਾਡਲ ਹੁਣ ਪੰਜਾਬ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ। ਦਿੱਲੀ ਦੇ ਲੋਕਾਂ ਨੂੰ ਕੂੜੇ ਦੇ ਪਹਾੜਾਂ ਤੋਂ ਰਾਹਤ ਦਿਵਾਉਣ ਵਿੱਚ ਨਾਕਾਮ ਰਹੀ AAP ਹੁਣ ਅੰਮ੍ਰਿਤਸਰ ਵਰਗੇ ਧਾਰਮਿਕ ਅਤੇ ਇਤਿਹਾਸਕ ਸ਼ਹਿਰ ਨੂੰ ਵੀ ਉਸੇ ਰਾਹ ’ਤੇ ਲੈ ਕੇ ਜਾ ਰਹੀ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ਨੂੰ ਸਵਾਲ ਕੀਤਾ ਕਿ ਕੀ 1.5 ਲੱਖ ਮੀਟ੍ਰਿਕ ਟਨ ਕੂੜੇ ਦਾ ਪਹਾੜ ਹੀ ਉਨ੍ਹਾਂ ਦਾ ‘ਬਦਲਾਅ’ ਅਤੇ ‘ਸੁਸ਼ਾਸਨ’ ਹੈ?
Chughਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਨਗਰ ਨਿਗਮ ਹੁਣ ਖਾਨਾਪੂਰਤੀ ਬੰਦ ਕਰਕੇ ਚੱਬਲ ਰੋਡ ਸਮੇਤ ਸ਼ਹਿਰ ਦੇ ਸਾਰੇ ਡੰਪਿੰਗ ਸਥਾਨਾਂ ’ਤੇ ਜਮ੍ਹਾਂ ਕੂੜੇ ਦੇ ਪਹਾੜਾਂ ਦਾ ਸਮੇਂਬੱਧ ਅਤੇ ਵਿਗਿਆਨਕ ਢੰਗ ਨਾਲ ਸਥਾਈ ਨਿਪਟਾਰਾ ਯਕੀਨੀ ਬਣਾਉਣ। ਮੁੱਖ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਖੁੱਲ੍ਹੇ ਵਿੱਚ ਘਰੇਲੂ ਅਤੇ ਮਿਕਸਡ ਕੂੜਾ ਸੁੱਟਣ ਦੀ ਪ੍ਰਥਾ ਤੁਰੰਤ ਬੰਦ ਕੀਤੀ ਜਾਵੇ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਚੱਬਲ ਰੋਡ ’ਤੇ ਕੂੜੇ ਕਾਰਨ ਪੈਦਾ ਹੋ ਰਹੇ ਪ੍ਰਦੂਸ਼ਣ ਅਤੇ ਬਦਬੂ ਤੋਂ ਸਥਾਨਕ ਲੋਕਾਂ, ਖ਼ਾਸ ਕਰਕੇ ਨੇੜਲੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਤੁਰੰਤ ਰਾਹਤ ਦਿਵਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਵਧ ਰਹੇ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਲੈ ਕੇ ਸਰਕਾਰ ਨੂੰ ਗੰਭੀਰਤਾ ਦਿਖਾਉਣੀ ਪਵੇਗੀ। ਬਰਸਾਤ ਦੌਰਾਨ ਕੂੜੇ ਕਾਰਨ ਪੈਦਾ ਹੋਣ ਵਾਲੀ ਗੰਦਗੀ, ਪਾਣੀ ਖੜ੍ਹਾ ਹੋਣ ਅਤੇ ਬਦਬੂ ਦੀ ਸਮੱਸਿਆ ਨਾਲ ਨਜਿੱਠਣ ਲਈ ਨਗਰ ਨਿਗਮ ਨੂੰ ਪ੍ਰਭਾਵਸ਼ਾਲੀ ਪ੍ਰਬੰਧ ਕਰਨੇ ਚਾਹੀਦੇ ਹਨ, ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ। ਉਨ੍ਹਾਂ ਕਿਹਾ ਕਿ ਸਥਾਨਕ ਲੋਕ ਕਈ ਵਾਰ ਧਰਨੇ ਅਤੇ ਪ੍ਰਦਰਸ਼ਨ ਕਰ ਚੁੱਕੇ ਹਨ ਅਤੇ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦੇ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਉਨ੍ਹਾਂ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਸਾਲਾਂ ਤੱਕ ਇਸ ਸਮੱਸਿਆ ਨੂੰ ਵਧਣ ਦਿੱਤਾ।
Chugh ਨੇ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਕੂੜੇ ਦੇ ਪਹਾੜ ਨਹੀਂ, ਸਗੋਂ ਸਾਫ਼-ਸੁਥਰਾ ਅਤੇ ਸੁੰਦਰ ਸ਼ਹਿਰ ਚਾਹੀਦਾ ਹੈ। ਭਗਵੰਤ ਮਾਨ ਸਰਕਾਰ ਨੂੰ ਇਸ਼ਤਿਹਾਰਾਂ ਅਤੇ ਖੋਖਲੇ ਦਾਅਵਿਆਂ ਤੋਂ ਬਾਹਰ ਨਿਕਲ ਕੇ ਜ਼ਮੀਨ ’ਤੇ ਕੰਮ ਕਰਨਾ ਪਵੇਗਾ। AAP ਸਰਕਾਰ ਨੇ ਅੰਮ੍ਰਿਤਸਰ ਦੇ ਲੋਕਾਂ ਨੂੰ ਕੂੜੇ, ਬਦਬੂ ਅਤੇ ਪ੍ਰਦੂਸ਼ਣ ਵਿਚਕਾਰ ਰਹਿਣ ਲਈ ਮਜਬੂਰ ਕੀਤਾ ਹੈ ਅਤੇ ਹੁਣ ਇਸ ਲਾਪਰਵਾਹੀ ਦੀ ਜਵਾਬਦੇਹੀ ਤੈਅ ਕਰਨੀ ਹੀ ਪਵੇਗੀ। ਭਾਜਪਾ ਪੰਜਾਬ ਦੀ ਜਨਤਾ ਦੀ ਸਿਹਤ, ਵਾਤਾਵਰਣ ਅਤੇ ਅੰਮ੍ਰਿਤਸਰ ਦੀ ਪਵਿੱਤਰਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਸਵੀਕਾਰ ਨਹੀਂ ਕਰੇਗੀ।
