ਦੇਸ਼ ‘ਚ ਪਹਿਲੀ ਵਾਰ 90% ਲੋਕਾਂ ਕੋਲ ਮੋਬਾਇਲ ਕੁਨੈਕਸ਼ਨ, ਗਾਹਕਾਂ ਦੀ ਗਿਣਤੀ 128.79 ਕਰੋੜ ਤੋਂ ਪਾਰ
ਦੇਸ਼ ‘ਚ ਮੋਬਾਇਲ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ਨੇ ਨਵਾਂ ਰਿਕਾਰਡ ਬਣਾਇਆ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਦੀ ਤਾਜ਼ਾ ਰਿਪੋਰਟ ਮੁਤਾਬਕ ਜੁਲਾਈ 2026 ਦੇ ਅਖੀਰ ਤੱਕ ਦੇਸ਼ ‘ਚ ਮੋਬਾਇਲ ਗਾਹਕਾਂ ਦੀ ਗਿਣਤੀ ਵਧ ਕੇ 128 ਕਰੋੜ 79 ਲੱਖ ਹੋ ਗਈ ਹੈ।ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦੀ ਆਬਾਦੀ ਦੇ ਹਿਸਾਬ ਨਾਲ ਮੋਬਾਇਲ ਕੁਨੈਕਸ਼ਨਾਂ ਦੀ ਦਰ ਭਾਵ ਟੈਲੀ-ਡੈਂਸਿਟੀ 90 ਫੀਸਦੀ ਤੋਂ ਪਾਰ ਹੋ ਗਈ ਹੈ। TRAI ਨੇ ਸ਼ੁੱਕਰਵਾਰ ਨੂੰ ਜਾਰੀ ਕੀਤੀ ਰਿਪੋਰਟ ‘ਚ ਦੱਸਿਆ ਕਿ ਜੁਲਾਈ ‘ਚ ਮੋਬਾਇਲ ਟੈਲੀ-ਡੈਂਸਿਟੀ 90.04% ਦਰਜ ਕੀਤੀ ਗਈ, ਜੋ ਜੂਨ ‘ਚ 89.71% ਸੀ।
ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦੇ ਅੰਕੜੇ
ਜੁਲਾਈ ‘ਚ ਸ਼ਹਿਰੀ ਖੇਤਰਾਂ ‘ਚ ਮੋਬਾਇਲ ਗਾਹਕਾਂ ਦੀ ਗਿਣਤੀ 73.94 ਕਰੋੜ ਤੋਂ ਵਧ ਕੇ 74.37 ਕਰੋੜ ਹੋ ਗਈ, ਜਦਕਿ ਪੇਂਡੂ ਇਲਾਕਿਆਂ ‘ਚ ਇਹ ਗਿਣਤੀ 54.30 ਕਰੋੜ ਤੋਂ ਵਧ ਕੇ 54.43 ਕਰੋੜ ‘ਤੇ ਪਹੁੰਚ ਗਈ। ਮਹੀਨਾਵਾਰ ਵਾਧਾ ਕ੍ਰਮਵਾਰ 0.57% ਅਤੇ 0.24% ਰਿਹਾ।ਰਿਪੋਰਟ ਅਨੁਸਾਰ ਸ਼ਹਿਰੀ ਇਲਾਕਿਆਂ ‘ਚ ਮੋਬਾਇਲ ਕੁਨੈਕਸ਼ਨ ਆਬਾਦੀ ਤੋਂ 44% ਜ਼ਿਆਦਾ ਹਨ, ਜਦਕਿ ਪੇਂਡੂ ਇਲਾਕਿਆਂ ‘ਚ ਟੈਲੀ-ਡੈਂਸਿਟੀ ਅਜੇ ਵੀ ਸਿਰਫ 60% ਹੈ, ਭਾਵ ਆਬਾਦੀ ਨਾਲੋਂ 40% ਘੱਟ।
ਕਿਹੜੀ ਕੰਪਨੀ ਦੇ ਗਾਹਕ ਵਧੇ?
TRAI ਦੇ ਅੰਕੜਿਆਂ ਮੁਤਾਬਕ ਜੁਲਾਈ ‘ਚ ਸਭ ਤੋਂ ਜ਼ਿਆਦਾ ਵਾਧਾ Airtel ‘ਚ ਹੋਇਆ। ਕੰਪਨੀ ਦੇ 26.88 ਲੱਖ ਨਵੇਂ ਗਾਹਕ ਜੁੜੇ। ਉਸ ਤੋਂ ਬਾਅਦ Reliance Jio ਦੇ 24.47 ਲੱਖ, Vodafone ਦੇ 2.40 ਲੱਖ ਅਤੇ BSNL ਦੇ 16.89 ਲੱਖ ਗਾਹਕ ਵਧੇ। ਇਸ ਦੌਰਾਨ MTNL ਦੇ ਗਾਹਕਾਂ ‘ਚ 5.74 ਹਜ਼ਾਰ ਦੀ ਕਮੀ ਆਈ।
ਕੁੱਲ ਟੈਲੀਫੋਨ ਗਾਹਕ ਅਤੇ ਨੰਬਰ ਪੋਰਟ
ਫਿਕਸਡ ਲਾਈਨ, ਫਿਕਸਡ ਵਾਇਰਲੈੱਸ ਅਤੇ ਮੋਬਾਇਲ ਨੂੰ ਮਿਲਾ ਕੇ ਦੇਸ਼ ‘ਚ ਕੁੱਲ ਟੈਲੀਫੋਨ ਗਾਹਕਾਂ ਦੀ ਗਿਣਤੀ ਜੁਲਾਈ ਦੇ ਅੰਤ ਤੱਕ 135.43 ਕਰੋੜ ਹੋ ਗਈ ਹੈ, ਜੋ ਪਿਛਲੇ ਮਹੀਨੇ ਨਾਲੋਂ 0.46% ਜ਼ਿਆਦਾ ਹੈ।ਇਸ ਦੇ ਨਾਲ ਹੀ ਜੁਲਾਈ ਮਹੀਨੇ ‘ਚ 1 ਕਰੋੜ 50 ਲੱਖ 80 ਹਜ਼ਾਰ ਲੋਕਾਂ ਨੇ ਆਪਣਾ ਮੋਬਾਇਲ ਨੰਬਰ ਪੋਰਟ ਕਰਵਾਉਣ ਲਈ ਅਰਜ਼ੀ ਦਿੱਤੀ।
