Heritage Walk ‘ਤੇ ਗੁਰਬਾਣੀ ਦੀ ਥਾਂ ਸਿਆਸੀ ਪ੍ਰਚਾਰ ‘ਤੇ ਵਿਵਾਦ, ਡਾ. ਨੂਰੀਨ ਮਹਾਜਨ ਨੇ ਜਤਾਈ ਚਿੰਤਾ

ਡਾ. ਨੂਰੀਨ ਮਹਾਜਨ ਵੱਲੋਂ ਹੈਰੀਟੇਜ ਵਾਕ 'ਤੇ ਗੁਰਬਾਣੀ ਦਾ ਪ੍ਰਚਾਰ ਮੁੜ ਸ਼ੁਰੂ ਕਰਨ ਦੀ ਮੰਗ ਸਬੰਧੀ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦੇ ਹੋਏ।

Punjab- ਭਾਜਪਾ ਨਾਰਥ ਮੰਡਲ ਸਿਵਲ ਲਾਈਨਜ਼ ਦੀ ਪ੍ਰਧਾਨ ਨੇ ਗੁਰਬਾਣੀ ਦਾ ਪ੍ਰਸਾਰ ਮੁੜ ਸ਼ੁਰੂ ਕਰਨ ਦੀ ਕੀਤੀ ਮੰਗ, ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਭਾਜਪਾ ਨਾਰਥ ਮੰਡਲ ਸਿਵਲ ਲਾਈਨਜ਼ ਦੀ ਪ੍ਰਧਾਨ ਡਾ. ਨੂਰੀਨ ਮਹਾਜਨ ਨੇ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਂਦੇ ਹੈਰੀਟੇਜ ਵਾਕ ‘ਤੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਨੂੰ ਹਟਾ ਕੇ ਸਿਆਸੀ ਪ੍ਰਚਾਰ ਲਈ ਸਕ੍ਰੀਨਾਂ ਅਤੇ ਡਿਜ਼ਿਟਲ ਮਾਧਿਅਮਾਂ ਦੀ ਵਰਤੋਂ ਕੀਤੇ ਜਾਣ ‘ਤੇ ਗੰਭੀਰ ਚਿੰਤਾ ਜਤਾਈ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਂਦਾ ਇਹ ਪਵਿੱਤਰ ਗਲਿਆਰਾ ਸਿੱਖ ਧਰਮ ਦੇ ਸਰਵੋੱਚ ਆਸਥਾ ਕੇਂਦਰ ਤੱਕ ਪਹੁੰਚਣ ਦਾ ਆਧਿਆਤਮਿਕ ਮਾਰਗ ਹੈ। ਜਿੱਥੇ ਪਹਿਲਾਂ ਸ਼ਰਧਾਲੂਆਂ ਦਾ ਸਵਾਗਤ ਗੁਰਬਾਣੀ ਦੀ ਮਿੱਠੀ ਧੁਨ ਨਾਲ ਹੁੰਦਾ ਸੀ, ਉੱਥੇ ਹੁਣ ਆਮ ਆਦਮੀ ਪਾਰਟੀ ਦੇ ਸਿਆਸੀ ਪ੍ਰਚਾਰ ਅਤੇ ਮਾਰਕੀਟਿੰਗ ਲਈ ਸਕ੍ਰੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਕਾਰਨ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਅਤੇ ਪਵਿੱਤਰ ਮਾਹੌਲ ਪ੍ਰਭਾਵਿਤ ਹੋ ਰਿਹਾ ਹੈ।
ਡਾ. ਨੂਰੀਨ ਮਹਾਜਨ ਨੇ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸਮੂਹ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਗੰਭੀਰ ਅਤੇ ਸੰਵੇਦਨਸ਼ੀਲ ਮੁੱਦੇ ਵਿੱਚ ਅੱਗੇ ਆਉਣ ਅਤੇ ਹੈਰੀਟੇਜ ਵਾਕ ਦੀ ਪਵਿੱਤਰਤਾ, ਮਰਿਆਦਾ ਅਤੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਨੂੰ ਮੁੜ ਬਹਾਲ ਕਰਵਾਉਣ ਲਈ ਆਪਣਾ ਯੋਗਦਾਨ ਪਾਉਣ।

 

ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਸੰਸਥਾ ਦਾ ਨਹੀਂ, ਸਗੋਂ ਸਮੂਹ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਮਾਮਲਾ ਹੈ।
ਇਸ ਸਬੰਧੀ ਡਾ. ਨੂਰੀਨ ਮਹਾਜਨ ਵੱਲੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਸ੍ਰੀਮਤੀ ਪੱਲਵੀ ਮਿਸ਼ਰਾ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਮੰਗ ਪੱਤਰ ਰਾਹੀਂ ਅਪੀਲ ਕੀਤੀ ਗਈ ਕਿ ਇਸ ਸੰਵੇਦਨਸ਼ੀਲ ਮਾਮਲੇ ਨੂੰ ਸਰਵੋੱਚ ਤਰਜੀਹ ਅਤੇ ਤੁਰੰਤਤਾ ਨਾਲ ਵਿਚਾਰਿਆ ਜਾਵੇ ਅਤੇ ਹੈਰੀਟੇਜ ਵਾਕ ‘ਤੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਨੂੰ ਜਲਦ ਤੋਂ ਜਲਦ ਮੁੜ ਬਹਾਲ ਕੀਤਾ ਜਾਵੇ, ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ, ਵਿਸ਼ਵਾਸ ਅਤੇ ਆਸਥਾ ਨੂੰ ਮੁੜ ਪੂਰੀ ਤਰ੍ਹਾਂ ਸਨਮਾਨ ਮਿਲ ਸਕੇ ਅਤੇ ਇਸ ਪਵਿੱਤਰ ਮਾਰਗ ਦੀ ਮਰਿਆਦਾ ਅਤੇ ਪਵਿੱਤਰਤਾ ਬਰਕਰਾਰ ਰਹੇ।

Leave a Reply

Your email address will not be published. Required fields are marked *