ਮਾਨਸੂਨ ਨੇ ਫਿਰ ਜ਼ੋਰ ਫੜ ਲਿਆ ਹੈ, ਪੰਜਾਬ ਅਤੇ ਹਿਮਾਚਲ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਈ ਥਾਵਾਂ ‘ਤੇ ਹਾਲਾਤ ਖਰਾਬ
ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ‘ਚ ਅੰਮ੍ਰਿਤਸਰ ‘ਚ ਸਭ ਤੋਂ ਜ਼ਿਆਦਾ ਮੀਂਹ ਪਿਆ। ਸ਼ਹਿਰ ‘ਚ ਕਰੀਬ 185 MM ਯਾਨੀ 7 ਇੰਚ ਬਾਰਿਸ਼ ਦਰਜ ਕੀਤੀ ਗਈ। ਇਸ ਨਾਲ 78 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਇਸ ਤੋਂ ਪਹਿਲਾਂ 22 ਜੁਲਾਈ 1948 ਨੂੰ 24 ਘੰਟਿਆਂ ‘ਚ 184.9 MM ਮੀਂਹ ਪਿਆ ਸੀ। ਅੰਮ੍ਰਿਤਸਰ ‘ਚ ਜੁਲਾਈ ‘ਚ 24 ਘੰਟਿਆਂ ਦਾ ਸਭ ਤੋਂ ਵੱਡਾ ਰਿਕਾਰਡ 10 ਜੁਲਾਈ 1881 ਦਾ ਹੈ, ਜਦੋਂ 396.2 MM ਮੀਂਹ ਪਿਆ ਸੀ।
ਪੰਜਾਬ ਦੇ ਹੋਰ ਜ਼ਿਲ੍ਹਿਆਂ ‘ਚ ਮੀਂਹ
ਪਠਾਨਕੋਟ ‘ਚ 104.9 MM
ਗੁਰਦਾਸਪੁਰ ‘ਚ 88.2 MM
ਨਵਾਂਸ਼ਹਿਰ ‘ਚ 43.1 MM
ਫਾਜ਼ਿਲਕਾ ‘ਚ 33.8 MM
ਫਰੀਦਕੋਟ ‘ਚ 31.4 MM
ਮੋਹਾਲੀ ‘ਚ 12 MM ਅਤੇ ਹੁਸ਼ਿਆਰਪੁਰ ‘ਚ 13 MM ਮੀਂਹ ਪਿਆ।
ਬਾਰਿਸ਼ ਕਾਰਨ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਵੀ ਡਿੱਗ ਗਿਆ। ਬਠਿੰਡਾ ‘ਚ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਦਰਜ ਕੀਤਾ ਗਿਆ।

ਹਿਮਾਚਲ ‘ਚ ਬੱਦਲ ਫਟਣ ਨਾਲ ਤਬਾਹੀ
ਉੱਧਰ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਸ਼ਾਹਪੁਰ ‘ਚ ਬੱਦਲ ਫਟਣ ਦੀ ਘਟਨਾ ਵਾਪਰੀ। ਤੇਜ਼ ਪਾਣੀ ਅਤੇ ਮਲਬੇ ਕਾਰਨ ਕਰੀਬ 19 ਘਰਾਂ ਨੂੰ ਨੁਕਸਾਨ ਪਹੁੰਚਿਆ। ਲੈਂਡਸਲਾਈਡ ਕਾਰਨ ਕਈ ਸੜਕਾਂ ਵੀ ਬੰਦ ਹੋ ਗਈਆਂ।
ਪਠਾਨਕੋਟ-ਬੈਜਨਾਥ ਰੇਲ ਰੂਟ 3 ਦਿਨ ਬੰਦ
ਬਾਰਿਸ਼ ਕਾਰਨ ਪਠਾਨਕੋਟ-ਬੈਜਨਾਥ ਨੈਰੋਗੇਜ਼ ਰੇਲ ਲਾਈਨ ‘ਤੇ ਕਈ ਥਾਵਾਂ ‘ਤੇ ਪੱਥਰ ਅਤੇ ਮਲਬਾ ਆ ਗਿਆ। ਇਸ ਕਾਰਨ ਰੇਲ ਸੇਵਾ ਅਗਲੇ 3 ਦਿਨਾਂ ਲਈ ਮੁਅੱਤਲ ਕਰ ਦਿੱਤੀ ਗਈ ਹੈ। ਮੰਗਲਵਾਰ ਸਵੇਰੇ 4:45 ਵਜੇ ਪਠਾਨਕੋਟ ਤੋਂ ਚੱਲੀ ਟ੍ਰੇਨ ਨੂੰ ਕਾਂਗੜਾ ‘ਚ ਹੀ ਰੋਕ ਦਿੱਤਾ ਗਿਆ।
ਅੱਗੇ ਕਿਹੋ ਜਿਹਾ ਰਹੇਗਾ ਮੌਸਮ –
ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ ਪੰਜਾਬ ‘ਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। 27 ਜੁਲਾਈ ਨੂੰ ਮਾਨਸੂਨ ਫਿਰ ਸਰਗਰਮ ਹੋਵੇਗਾ ਅਤੇ ਭਾਰੀ ਮੀਂਹ ਦੀ ਸੰਭਾਵਨਾ ਹੈ। ਹਿਮਾਚਲ ‘ਚ ਵੀ ਅੱਜ ਭਾਰੀ ਬਾਰਿਸ਼ ਦਾ ਯੈਲੋ ਅਲਰਟ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀਆਂ-ਨਾਲਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
