ਨੇਪਾਲ ਦੇ ਹੜ੍ਹ ਪੀੜਤਾਂ ਲਈ ਸ਼੍ਰੋਮਣੀ ਕਮੇਟੀ ਨੇ ਖੋਲ੍ਹੇ ਸੇਵਾ ਦੇ ਦਰਵਾਜ਼ੇ, ਲੰਗਰ ਸੇਵਾ ਸ਼ੁਰੂ

ਨੇਪਾਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਸੇਵਾ ਅਤੇ ਰਾਹਤ ਕਾਰਜ ਸ਼ੁਰੂ, ਪਹਿਲਾ ਲੰਗਰ ਦਾ ਟਰੱਕ ਰਵਾਨਾ

ਸ਼੍ਰੋਮਣੀ ਕਮੇਟੀ ਵੱਲੋਂ ਨੇਪਾਲ ਵਿਖੇ ਹੜ੍ਹ ਪੀੜਤਾਂ ਲਈ ਲੰਗਰ ਸੇਵਾ ਦੀ ਕੀਤੀ ਸ਼ੁਰੂਆਤ

Punjab-ਲੋੜਵੰਦਾਂ ਲਈ ਰਾਹਤ ਸਮੱਗਰੀ ਪਹੁੰਚਾਉਣ ਦਾ ਵੀ ਕੀਤਾ ਜਾਵੇਗਾ ਉਪਰਾਲਾ

ਨੇਪਾਲ ਵਿਚ ਆਈ ਕੁਦਰਤੀ ਆਫ਼ਤ ਕਾਰਨ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨੁੱਖਤਾ ਦੀ ਸੇਵਾ ਤਹਿਤ ਲੰਗਰ ਅਤੇ ਰਾਹਤ ਕਾਰਜ ਆਰੰਭ ਕਰ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਬੀਤੇ ਦਿਨਾਂ ਤੋਂ ਇਕ ਵਫ਼ਦ ਨੇਪਾਲ ਪੁੱਜਾ ਹੋਇਆ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਮੀਤ ਸਕੱਤਰ ਸ. ਅਜਾਦ ਦੀਪ ਸਿੰਘ ਸ਼ਾਮਲ ਹਨ।

ਨੇਪਾਲ ਤੋਂ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਲੰਗਰ ਦਾ ਪਹਿਲਾ ਟਰੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜਿਆ ਗਿਆ ਹੈ ਅਤੇ ਅਗਲੇ ਦਿਨਾਂ ਵਿਚ ਹੜ੍ਹ ਪੀੜਤ ਪਰਿਵਾਰਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਦਾ ਉਪਰਾਲਾ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਫ਼ਦ ਵੱਲੋਂ ਬੀਤੇ ਦਿਨੀਂ ਸਰਕਾਰ ਨਾਲ ਕੀਤੀ ਗੱਲਬਾਤ ਦੌਰਾਨ ਮਨੁੱਖਤਾ ਦੀ ਸੇਵਾ ਲਈ ਨੇਪਾਲ ਆਉਣ ਵਾਲੀਆਂ ਸੰਸਥਾਵਾਂ ਅਤੇ ਲੋਕਾਂ ਨੂੰ ਸਰਹੱਦ ਤੋਂ ਰਾਹਤ ਸਮੱਗਰੀ ਲਿਆਉਣ ਦੀ ਇਜਾਜ਼ਤ ਦੇਣ ਸਬੰਧੀ ਸੁਝਾਅ ਦਿੱਤਾ ਸੀ, ਜਿਸ ਨੂੰ ਨੇਪਾਲ ਸਰਕਾਰ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ। ਇਸ ਸਹਿਯੋਗ ਅਤੇ ਸਹਿਮਤੀ ਤੋਂ ਬਾਅਦ ਅੱਜ ਹੜ੍ਹ ਪੀੜਤਾਂ ਲਈ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ।
ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚੇ ਸ਼੍ਰੋਮਣੀ ਕਮੇਟੀ ਵਫ਼ਦ ਅਤੇ ਸੇਵਾਦਾਰਾਂ ਦਾ ਸਥਾਨਕ ਲੋਕਾਂ ਵੱਲੋਂ ਧੰਨਵਾਦ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਕੁਦਰਤੀ ਆਫ਼ਤ ਦੀ ਇਸ ਔਖੀ ਘੜੀ ਵਿਚ ਲੰਗਰ ਅਤੇ ਰਾਹਤ ਸਮੱਗਰੀ ਉਨ੍ਹਾਂ ਲਈ ਵੱਡਾ ਸਹਾਰਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਰਾਹਤ ਸੇਵਾਵਾਂ ਵਿਚ ਨੇਪਾਲ ਵੱਸਦੇ ਸ. ਪ੍ਰੀਤਮ ਸਿੰਘ, ਸ. ਅੰਗਦ ਸਿੰਘ, ਸ. ਹਰਪਾਲ ਸਿੰਘ ਪਾਲੀ ਅਤੇ ਸਥਾਨਕ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵੱਲੋਂ ਵੀ ਵਿਸ਼ੇਸ਼ ਸਹਿਯੋਗ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *