ਬਾਗਾਂ ਵਿੱਚ ਪਰਾਲੀ ਦੀ ਵਰਤੋਂ ਅਤੇ P.A.U. ਤੇ ਬਾਗਬਾਨੀ ਮਾਹਿਰਾਂ ਵੱਲੋਂ ਕਿਸਾਨਾਂ ਨਾਲ ਵਿਚਾਰ-ਵਟਾਂਦਰਾ
ਨਾਸ਼ਪਾਤੀ ਦੀ ਗੁਣਵੱਤਾ ਭਰਪੂਰ ਪੈਦਾਵਾਰ ਲਈ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਪਣਾਉਣ ਲਈ ਕੀਤਾ ਪ੍ਰੇਰਿਤ
Punjab Agriculture University , Ludhiana ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਅੰਮ੍ਰਿਤਸਰ ਵੱਲੋਂ ਬਾਗਾਂ ਵਿੱਚ ਪਰਾਲੀ ਨਾਲ ਮਲਚਿੰਗ ਅਤੇ ਕਿਸਾਨ-ਵਿਗਿਆਨੀ ਸੰਵਾਦ ਪ੍ਰੋਗਰਾਮ ਨਾਸ਼ਪਾਤੀ ਅਸਟੇਟ, Amritsar (Verka) ਵਿਖੇ ਕਰਵਾਇਆ ਗਿਆ। ਇਸ ਮੌਕੇ ਮਾਹਿਰਾਂ ਨੇ ਬਾਗਬਾਨਾਂ ਨੂੰ ਪਰਾਲੀ ਦੀ ਸੁਚੱਜੀ ਵਰਤੋਂ, ਨਾਸ਼ਪਾਤੀ ਦੀ ਕਾਸ਼ਤ ਅਤੇ ਫਲਾਂ ਦੀ ਗੁਣਵੱਤਾ ਵਿੱਚ ਸੁਧਾਰ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ।ਇਸ ਮੌਕੇ ਡਾ. ਸਵਰੀਤ ਖਹਿਰਾ, ਸੀਨੀਅਰ ਪਸਾਰ ਵਿਗਿਆਨੀ (ਫਲ), ਨੇ ਬਾਗਾਂ ਵਿੱਚ ਪਰਾਲੀ ਨਾਲ ਮਲਚਿੰਗ ਕਰਨ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੂਟਿਆਂ ਦੀ ਕਾਂਟ-ਛਾਂਟ ਅਤੇ ਬਾਗਾਂ ਵਿੱਚ ਨਦੀਨਾਂ ਦੀ ਰੋਕਥਾਮ ਦੇ ਨਾਲ-ਨਾਲ ਖਾਦਾਂ ਅਤੇ ਪਾਣੀ ਦੇ ਸੁਚੱਜੇ ਪ੍ਰਬੰਧ ਬਾਰੇ ਵੀ ਬਾਗਬਾਨਾਂ ਨੂੰ ਜਾਗਰੂਕ ਕੀਤਾ।

ਡਾ. ਨਰਿੰਦਰਪਾਲ ਸਿੰਘ, ਜ਼ਿਲ੍ਹਾ ਪਸਾਰ ਮਾਹਿਰ (ਮੁੱਖੀ), ਨੇ ਬਾਗਬਾਨਾਂ ਨੂੰ ਫਲਾਂ ਦੀ ਸਹੀ ਮੰਡੀਕਰਨ ਪ੍ਰਕਿਰਿਆ ਅਪਣਾਉਣ ਅਤੇ ਫਾਰਮ ਦਾ ਰਿਕਾਰਡ ਸਹੀ ਢੰਗ ਨਾਲ ਰੱਖਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਡਾ. ਗੁਰਮੀਤ ਸਿੰਘ ਨੇ ਫਲਦਾਰ ਬੂਟਿਆਂ ਨੂੰ ਲੱਗਣ ਵਾਲੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ।
ਪ੍ਰੋਗਰਾਮ ਵਿੱਚ ਸ੍ਰੀ ਜਤਿੰਦਰ ਸਿੰਘ ਸੰਧੂ ਅਤੇ ਬਾਗਬਾਨੀ ਵਿਭਾਗ ਦੇ ਮਾਹਿਰ ਸ੍ਰੀ ਸੁਖਪਾਲ ਸਿੰਘ ਤੇ ਸ੍ਰੀ ਤੇਜਬੀਰ ਸਿੰਘ ਵੀ ਮੌਜੂਦ ਸਨ। ਵਿਭਾਗ ਦੇ ਮਾਹਿਰਾਂ ਨੇ ਨਾਸ਼ਪਾਤੀ ਹੇਠ ਰਕਬਾ ਵਧਾਉਣ, ਫਲਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਬਾਗਬਾਨਾਂ ਨੂੰ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਤੇ ਸਬਸਿਡੀਆਂ ਦਾ ਲਾਭ ਲੈਣ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨਵੇਂ ਬਾਗ ਲਗਾਉਣ ਅਤੇ ਪੁਰਾਣੇ ਬਾਗਾਂ ਨੂੰ ਮੁੜ ਸੁਰਜੀਤ ਕਰਨ ਲਈ ਉਪਲਬਧ ਸਕੀਮਾਂ ਬਾਰੇ ਵੀ ਚਾਨਣਾ ਪਾਇਆ।

ਡਾ. ਬਿਕਰਮਜੀਤ ਸਿੰਘ ਗਿੱਲ, ਐਸੋਸੀਏਟ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਅੰਮ੍ਰਿਤਸਰ ਨੇ ਬਾਗਬਾਨਾਂ ਨੂੰ ਨਾਸ਼ਪਾਤੀ ਦੀ ਸਫ਼ਲ ਕਾਸ਼ਤ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਾਸ਼ਤ ਦੇ ਸੁਚੱਜੇ ਢੰਗਾਂ, ਫਲਾਂ ਦੀ ਗੁਣਵੱਤਾ ਵਿੱਚ ਸੁਧਾਰ, ਬਾਗਾਂ ਵਿੱਚ ਅੰਤਰ-ਫ਼ਸਲੀ ਕਾਸ਼ਤ, ਫਲਾਂ ਦੀ ਸਹੀ ਸਮੇਂ ’ਤੇ ਤੁੜਾਈ ਅਤੇ ਉਨ੍ਹਾਂ ਦੀ ਢੁੱਕਵੀਂ ਪੈਕਿੰਗ ਸਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਤਕਨੀਕੀ ਸੈਸ਼ਨ ਦੌਰਾਨ P.A.U. ਦੇ ਮਾਹਿਰਾਂ ਨੇ ਬਾਗਬਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਢੁੱਕਵੇਂ ਹੱਲ ਸੁਝਾਏ। ਇਸ ਮੌਕੇ ਯੂਨੀਵਰਸਿਟੀ ਦੀਆਂ ਪ੍ਰਕਾਸ਼ਿਤ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਰਾਹੀਂ ਕਿਸਾਨਾਂ ਨੂੰ ਖੇਤੀਬਾੜੀ ਅਤੇ ਬਾਗਬਾਨੀ ਸਬੰਧੀ ਤਕਨੀਕੀ ਸਾਹਿਤ ਨਾਲ ਜਾਣੂ ਕਰਵਾਇਆ ਗਿਆ।
ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬਾਗਬਾਨਾਂ ਨੂੰ ਵਿਗਿਆਨਕ ਤਕਨੀਕਾਂ ਨਾਲ ਜੋੜਨਾ, ਪਰਾਲੀ ਦੀ ਸੁਚੱਜੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਅਤੇ ਨਾਸ਼ਪਾਤੀ ਦੀ ਗੁਣਵੱਤਾ ਭਰਪੂਰ ਪੈਦਾਵਾਰ ਰਾਹੀਂ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਪ੍ਰੇਰਿਤ ਕਰਨਾ ਸੀ।
