ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦਾ ਮਾਮਲਾ, ਗੁਟਕਾ ਸਾਹਿਬ ਦੇ ਅੰਗ ਪਾੜਨ ਦੇ ਦੋਸ਼ ਹੇਠ ਨੌਜਵਾਨ ਕਾਬੂ
Punjab : ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੀ ਕਥਿਤ ਘਟਨਾ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ। ਜਾਣਕਾਰੀ ਅਨੁਸਾਰ ਮੱਥਾ ਟੇਕਣ ਲਈ ਪਹੁੰਚੇ ਇੱਕ ਨੌਜਵਾਨ ਨੇ ਕਥਿਤ ਤੌਰ ’ਤੇ ਗੁਟਕਾ ਸਾਹਿਬ ਦੇ ਅਰਦਾਸ ਵਾਲੇ ਅੰਗ ਪਾੜ ਦਿੱਤੇ। ਇਸ ਤੋਂ ਬਾਅਦ ਉਸ ਨੇ ਪਾੜੇ ਗਏ ਅੰਗ ਉੱਥੇ ਮੌਜੂਦ ਇੱਕ ਮਹਿਲਾ ਦੀ ਚੁੰਨੀ ਦੇ ਪੱਲੇ ਨਾਲ ਬੰਨ੍ਹ ਦਿੱਤੇ।
ਘਟਨਾ ਦੀ ਜਾਣਕਾਰੀ ਮਿਲਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਥਾਣਾ ਕੋਤਵਾਲੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਕੇ ਕਥਿਤ ਮੁਲਜ਼ਮ ਦੀ ਪਛਾਣ ਕੀਤੀ ਅਤੇ ਉਸ ਨੂੰ ਕਾਬੂ ਕਰ ਲਿਆ।
ਮੱਥਾ ਟੇਕਣ ਆਇਆ ਸੀ ਨੌਜਵਾਨ
ਪੁਲਿਸ ਮੁਤਾਬਕ ਨੌਜਵਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਇਆ ਸੀ। ਇਸੇ ਦੌਰਾਨ ਉਸ ’ਤੇ ਗੁਟਕਾ ਸਾਹਿਬ ਦੇ ਅੰਗ ਪਾੜਨ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਅੰਗਾਂ ਨੂੰ ਮਹਿਲਾ ਦੀ ਚੁੰਨੀ ਦੇ ਪੱਲੇ ਨਾਲ ਬੰਨ੍ਹਿਆ ਗਿਆ, ਉਹ ਮਹਿਲਾ ਵੀ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਲਈ ਪਹੁੰਚੀ ਹੋਈ ਸੀ।
ਪੁਲਿਸ ਨੇ ਨੌਜਵਾਨ ਦੀ ਕੀਤੀ ਪਛਾਣ
ACP ਸੈਂਟਰਲ ਅੰਮ੍ਰਿਤਸਰ ਸੁਰਿੰਦਰ ਸਿੰਘ ਅਨੁਸਾਰ, ਕਥਿਤ ਮੁਲਜ਼ਮ ਦੀ ਪਛਾਣ ਸ਼ਹੀਦ ਊਧਮ ਸਿੰਘ ਨਗਰ ਵਾਸੀ ਮਨਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਘਟਨਾ ਪਿੱਛੇ ਮਕਸਦ ਦੀ ਜਾਂਚ ਜਾਰੀ
ਪੁਲਿਸ ਵੱਲੋਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਪਿੱਛੇ ਨੌਜਵਾਨ ਦੀ ਕੀ ਮਨਸ਼ਾ ਸੀ। ਮਾਮਲੇ ਸਬੰਧੀ CCTV ਫੁਟੇਜ ਅਤੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਗਲੀ ਕਾਨੂੰਨੀ ਕਾਰਵਾਈ ਜਾਂਚ ਦੇ ਆਧਾਰ ’ਤੇ ਕੀਤੀ ਜਾਵੇਗੀ।
