Amritsar ‘ਚ ਅਚਾਰ ਦੇ ਡੱਬੇ ‘ਚੋਂ ਨਿਕਲੀ ਮਰੀ ਹੋਈ ਛਿਪਕਲੀ,ਪਰਿਵਾਰ ਦੇ ਉੱਡੇ ਹੋਸ਼; ਖੁਰਾਕ ਸੁਰੱਖਿਆ ਵਿਭਾਗ ਨੇ ਜਾਂਚ ਦਾ ਦਿੱਤਾ ਭਰੋਸਾ
Amritsar: ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸਫ਼ਾਈ ਨੂੰ ਲੈ ਕੇ Amritsar ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਾਮਬਾਗ ਨੇੜੇ ਸਥਿਤ ਸਬਜ਼ੀ ਮੰਡੀ ਤੋਂ ਖਰੀਦੇ ਗਏ ਅਚਾਰ ਦੇ ਡੱਬੇ ਵਿੱਚੋਂ ਮਰੀ ਹੋਈ ਛਿਪਕਲੀ ਮਿਲਣ ਕਾਰਨ ਪਰਿਵਾਰ ਵਿੱਚ ਹੜਕੰਪ ਮਚ ਗਿਆ। ਇਸ ਘਟਨਾ ਤੋਂ ਬਾਅਦ ਖੁਰਾਕੀ ਵਸਤਾਂ ਦੀ ਜਾਂਚ ਅਤੇ ਦੁਕਾਨਾਂ ‘ਤੇ ਸਫ਼ਾਈ ਦੇ ਪ੍ਰਬੰਧਾਂ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ।
ਮਿਲੀ ਜਾਣਕਾਰੀ ਅਨੁਸਾਰ, ਪਿੰਡ ਖਲਚੀਆਂ ਦੇ ਰਹਿਣ ਵਾਲੇ ਕਾਮਰੇਡ ਚਰਨ ਸਿੰਘ ਨੇ ਦੱਸਿਆ ਕਿ ਉਹ 28 ਤਰੀਕ ਨੂੰ ਕਿਸੇ ਪਰਿਵਾਰਕ ਕੰਮ ਲਈ Amritsar ਆਏ ਸਨ। ਵਾਪਸੀ ਸਮੇਂ ਉਨ੍ਹਾਂ ਨੇ ਰਾਮਬਾਗ ਨੇੜੇ ਸਬਜ਼ੀ ਮੰਡੀ ਦੇ ਆਖਰੀ ਪਾਸੇ ਸਥਿਤ ਇੱਕ ਦੁਕਾਨ ਤੋਂ ਇੱਕ ਕਿਲੋ ਅਚਾਰ ਖਰੀਦਿਆ ਸੀ।

ਘਰ ਪਹੁੰਚਣ ਤੋਂ ਬਾਅਦ ਜਦੋਂ ਪਰਿਵਾਰ ਦੇ ਮੈਂਬਰਾਂ ਨੇ ਖਾਣ ਲਈ ਅਚਾਰ ਦਾ ਡੱਬਾ ਖੋਲ੍ਹਿਆ ਅਤੇ ਅਚਾਰ ਕਟੋਰੀ ਵਿੱਚ ਪਾਇਆ ਤਾਂ ਉਸ ਵਿੱਚ ਮਰੀ ਹੋਈ ਛਿਪਕਲੀ ਦਿਖਾਈ ਦਿੱਤੀ। ਇਹ ਦੇਖ ਕੇ ਪਰਿਵਾਰ ਦੇ ਮੈਂਬਰ ਹੈਰਾਨ ਰਹਿ ਗਏ। ਚਰਨ ਸਿੰਘ ਨੇ ਇਸ ਨੂੰ ਖੁਰਾਕੀ ਵਸਤਾਂ ਦੀ ਗੁਣਵੱਤਾ ਨਾਲ ਜੁੜੀ ਗੰਭੀਰ ਲਾਪਰਵਾਹੀ ਦੱਸਦਿਆਂ ਕਿਹਾ ਕਿ ਜੇਕਰ ਪਰਿਵਾਰ ਦਾ ਕੋਈ ਮੈਂਬਰ ਅਣਜਾਣੇ ਵਿੱਚ ਇਸ ਨੂੰ ਖਾ ਲੈਂਦਾ ਤਾਂ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਸੀ।
ਉਨ੍ਹਾਂ ਨੇ ਖੁਰਾਕ ਸੁਰੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਬਾਜ਼ਾਰ ਵਿੱਚ ਵਿਕਣ ਵਾਲੀਆਂ ਪੈਕਿੰਗ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਦੀ ਨਿਯਮਤ ਜਾਂਚ ਕੀਤੀ ਜਾਵੇ ਅਤੇ ਦੁਕਾਨਾਂ ‘ਤੇ ਸਫ਼ਾਈ ਦੇ ਮਿਆਰਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਦੁਕਾਨ ਦੀ ਜਾਂਚ ਕਰਕੇ ਲਏ ਜਾਣਗੇ ਅਚਾਰ ਦੇ Sample
ਇਸ ਮਾਮਲੇ ਸਬੰਧੀ ਜ਼ਿਲ੍ਹਾ ਸਿਹਤ ਅਧਿਕਾਰੀ ਅਤੇ ਖੁਰਾਕ ਸੁਰੱਖਿਆ ਵਿਭਾਗ ਦੇ ਡੈਜ਼ੀਗਨੇਟਿਡ ਅਧਿਕਾਰੀ Manjit Singh Rataul ਨੇ ਕਿਹਾ ਕਿ ਸਬੰਧਤ ਦੁਕਾਨ ਦਾ ਪੂਰਾ ਪਤਾ ਮਿਲਣ ‘ਤੇ ਵਿਭਾਗੀ ਟੀਮ ਨੂੰ ਜਾਂਚ ਲਈ ਭੇਜਿਆ ਜਾਵੇਗਾ। ਦੁਕਾਨ ਤੋਂ ਅਚਾਰ ਦੇ ਸੈਂਪਲ ਵੀ ਲਏ ਜਾਣਗੇ ਅਤੇ ਜਾਂਚ ਦੇ ਆਧਾਰ ‘ਤੇ ਦੁਕਾਨਦਾਰ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਲੰਘਣਾ ਸਾਹਮਣੇ ਆਉਣ ‘ਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
ਅਧਿਕਾਰੀ ਮੁਤਾਬਕ ਤਿਉਹਾਰਾਂ ਦੇ ਮੱਦੇਨਜ਼ਰ ਵਿਭਾਗ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਕੁਝ ਦੁਕਾਨਾਂ ਤੋਂ ਲਏ ਗਏ ਖੋਏ, ਪਨੀਰ ਅਤੇ ਮਠਿਆਈਆਂ ਦੇ ਸੈਂਪਲ ਵੀ ਅਸੁਰੱਖਿਅਤ ਪਾਏ ਗਏ ਹਨ, ਜਿਨ੍ਹਾਂ ਸਬੰਧੀ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
