Ranbir kapoor ਦੀ ‘Ramayana’ ਦਾ Trailer Release, ਸ਼੍ਰੀ ਰਾਮ ਅਤੇ ਰਾਵਣ ਦੇ ਮਹਾਂਯੁੱਧ ਦੀ ਪਹਿਲੀ ਝਲਕ ਨੇ ਵਧਾਇਆ ਫੈਨਜ਼ ਦਾ ਉਤਸ਼ਾਹ
ਕਈ ਮਹੀਨਿਆਂ ਤੋਂ ਉਡੀਕੀ ਜਾ ਰਹੀ ਨਿਰਦੇਸ਼ਕ ਨਿਤੇਸ਼ ਤਿਵਾਰੀ ਦੀ ਮੈਗਾ ਬਜਟ ਫਿਲਮ ‘ਰਾਮਾਇਣ: ਪਾਰਟ 1’ ਦਾ ਅਧਿਕਾਰਕ ਟ੍ਰੇਲਰ ਵੀਰਵਾਰ ਸਵੇਰੇ ਰਿਲੀਜ਼ ਕਰ ਦਿੱਤਾ ਗਿਆ। ਨਿਰਮਾਤਾਵਾਂ ਨੇ ਇਸ ਨੂੰ ਭਾਰਤੀ ਪਰੰਪਰਾ ਅਨੁਸਾਰ ਬ੍ਰਹਮ ਮੁਹੂਰਤ (ਸਵੇਰੇ 4:15 ਵਜੇ) ਲਾਂਚ ਕੀਤਾ। ਇਸ ਦੇ ਨਾਲ ਹੀ ਐਲਾਨ ਕੀਤਾ ਗਿਆ ਹੈ ਕਿ ਇਹ ਟ੍ਰੇਲਰ ਹਾਲੀਵੁੱਡ ਫਿਲਮ Spider-Man: Brand New Day ਦੇ ਨਾਲ ਵੀ ਸਿਨੇਮਾਘਰਾਂ ਵਿੱਚ ਦਿਖਾਇਆ ਜਾਵੇਗਾ।
ਲਗਭਗ ਤਿੰਨ ਮਿੰਟ ਦੇ ਇਸ ਟ੍ਰੇਲਰ ਵਿੱਚ ਭਗਵਾਨ ਸ਼੍ਰੀ ਰਾਮ ਅਤੇ ਲੰਕਾਪਤੀ ਰਾਵਣ ਵਿਚਾਲੇ ਹੋਣ ਵਾਲੇ ਧਰਮ ਅਤੇ ਅਧਰਮ ਦੇ ਮਹਾਂਸੰਗਰਾਮ ਦੀ ਝਲਕ ਦਿਖਾਈ ਗਈ ਹੈ। ਫਿਲਮ ਦੇ Visual Efffects (VFX), ਸ਼ਾਨਦਾਰ Background Music ਅਤੇ ਵਿਸ਼ਾਲ ਸੈੱਟ ਪਹਿਲੀ ਨਜ਼ਰ ਵਿੱਚ ਹੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੇ ਹਨ।


ਫਿਲਮ ਵਿੱਚ ਰਣਬੀਰ ਕਪੂਰ ਭਗਵਾਨ ਸ਼੍ਰੀ ਰਾਮ, ਸਾਈ ਪੱਲਵੀ ਮਾਤਾ ਸੀਤਾ ਅਤੇ ਯਸ਼ ਰਾਵਣ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਟ੍ਰੇਲਰ ਦੀ ਸ਼ੁਰੂਆਤ ਰਾਵਣ ਦੇ ਉਭਾਰ ਨਾਲ ਹੁੰਦੀ ਹੈ, ਜਿੱਥੇ ਉਸ ਨੂੰ ਇੱਕ ਅਜਿਹੇ ਸ਼ਾਸਕ ਵਜੋਂ ਦਿਖਾਇਆ ਗਿਆ ਹੈ ਜੋ ਆਪਣੀ ਤਾਕਤ ਨਾਲ ਤਿੰਨਾਂ ਲੋਕਾਂ ‘ਤੇ ਪ੍ਰਭਾਵ ਕਾਇਮ ਕਰਦਾ ਹੈ। ਦੂਜੇ ਪਾਸੇ ਰਣਬੀਰ ਕਪੂਰ ਦਾ ਸ਼੍ਰੀ ਰਾਮ ਵਾਲਾ ਰੂਪ ਸ਼ਾਂਤ, ਸੰਯਮਿਤ ਅਤੇ ਸ਼ਕਤੀਸ਼ਾਲੀ ਯੋਧੇ ਵਜੋਂ ਸਾਹਮਣੇ ਆਉਂਦਾ ਹੈ।

ਟ੍ਰੇਲਰ ਵਿੱਚ ਸੀਤਾ ਸਵਯੰਵਰ, ਕੈਕਈ ਵੱਲੋਂ ਮੰਗੇ ਗਏ ਵਰਦਾਨ, ਜਿਸ ਕਾਰਨ ਸ਼੍ਰੀ ਰਾਮ ਨੂੰ 14 ਸਾਲਾਂ ਦਾ ਵਨਵਾਸ ਮਿਲਦਾ ਹੈ, ਅਤੇ ਉਨ੍ਹਾਂ ਨਾਲ ਮਾਤਾ ਸੀਤਾ ਅਤੇ ਲਕਸ਼ਮਣ ਦੇ ਜੰਗਲ ਜਾਣ ਦੇ ਦ੍ਰਿਸ਼ ਵੀ ਦਿਖਾਏ ਗਏ ਹਨ। ਇਸ ਤੋਂ ਇਲਾਵਾ ਸ਼ੂਰਪਣਖਾ ਦੀ ਨੱਕ ਕੱਟੇ ਜਾਣ ਦੀ ਘਟਨਾ, ਸੀਤਾ ਹਰਣ ਅਤੇ ਉਸ ਤੋਂ ਬਾਅਦ ਸ਼ੁਰੂ ਹੋਣ ਵਾਲੇ ਮਹਾਂਯੁੱਧ ਦੀਆਂ ਕਈ ਪ੍ਰਭਾਵਸ਼ਾਲੀ ਝਲਕੀਆਂ ਵੀ ਟ੍ਰੇਲਰ ਦਾ ਹਿੱਸਾ ਹਨ।
ਟ੍ਰੇਲਰ ਵਿੱਚ ਕਈ ਰਾਕਸ਼ਸਾਂ ਨਾਲ ਜੰਗ ਅਤੇ ਐਕਸ਼ਨ ਸੀਕਵੈਂਸ ਵੀ ਸ਼ਾਮਲ ਹਨ, ਪਰ ਇੱਕ ਗੱਲ ਜਿਸ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ, ਉਹ ਹਨੂਮਾਨ ਜੀ ਦੀ ਗੈਰਹਾਜ਼ਰੀ। ਫਿਲਮ ਵਿੱਚ ਹਨੂਮਾਨ ਦਾ ਕਿਰਦਾਰ ਸੰਨੀ ਦਿਓਲ ਨਿਭਾ ਰਹੇ ਹਨ, ਪਰ ਟ੍ਰੇਲਰ ਵਿੱਚ ਉਨ੍ਹਾਂ ਦੀ ਕੋਈ ਸਪੱਸ਼ਟ ਝਲਕ ਨਹੀਂ ਦਿਖਾਈ ਗਈ। ਇਸ ਕਾਰਨ ਸੋਸ਼ਲ ਮੀਡੀਆ ‘ਤੇ ਕਈ ਪ੍ਰਸ਼ੰਸਕਾਂ ਨੇ ਸਵਾਲ ਉਠਾਇਆ ਕਿ ਟ੍ਰੇਲਰ ਵਿੱਚ ਹਨੂਮਾਨ ਜੀ ਨੂੰ ਕਿਉਂ ਨਹੀਂ ਦਿਖਾਇਆ ਗਿਆ। ਕਈ ਲੋਕਾਂ ਦਾ ਮੰਨਣਾ ਹੈ ਕਿ ਨਿਰਮਾਤਾਵਾਂ ਨੇ ਇਹ ਕਿਰਦਾਰ ਫਿਲਮ ਰਿਲੀਜ਼ ਤੋਂ ਪਹਿਲਾਂ ਸਰਪ੍ਰਾਈਜ਼ ਵਜੋਂ ਸੰਭਾਲ ਕੇ ਰੱਖਿਆ ਹੈ।
ਫਿਲਮ ਵਿੱਚ ਰਵੀ ਦੁਬੇ ਲਕਸ਼ਮਣ, ਲਾਰਾ ਦੱਤਾ ਕੈਕਈ ਅਤੇ ਰਕੁਲ ਪ੍ਰੀਤ ਸਿੰਘ ਸ਼ੂਰਪਣਖਾ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਟ੍ਰੇਲਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ #Ramayana ਟ੍ਰੈਂਡ ਕਰਨ ਲੱਗਾ ਅਤੇ ਦਰਸ਼ਕਾਂ ਨੇ ਖਾਸ ਤੌਰ ‘ਤੇ ਯਸ਼ ਦੇ ਰਾਵਣ ਅਵਤਾਰ, ਰਣਬੀਰ ਕਪੂਰ ਦੇ ਸ਼੍ਰੀ ਰਾਮ ਵਾਲੇ ਲੁੱਕ ਅਤੇ ਫਿਲਮ ਦੇ ਵਿਸ਼ਵ ਪੱਧਰੀ VFX ਦੀ ਖੂਬ ਤਾਰੀਫ਼ ਕੀਤੀ।
ਨਿਤੇਸ਼ ਤਿਵਾਰੀ ਦੇ ਨਿਰਦੇਸ਼ਨ ਹੇਠ ਬਣ ਰਹੀ ‘ਰਾਮਾਇਣ: ਪਾਰਟ 1’ ਨੂੰ ਭਾਰਤੀ ਸਿਨੇਮਾ ਦੀਆਂ ਸਭ ਤੋਂ ਮਹਿੰਗੀਆਂ ਅਤੇ ਮਹੱਤਵਾਕਾਂਕਸ਼ੀ ਫਿਲਮਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਇਹ ਫਿਲਮ ਇਸ ਸਾਲ ਦੀਵਾਲੀ ਮੌਕੇ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
