ਰਾਹੁਲ ਗਾਂਧੀ ਦਾ ਵਾਅਦਾ MP ਗੁਰਜੀਤ ਸਿੰਘ ਔਜਲਾ ਨੇ ਕੀਤਾ ਪੂਰਾ, ਹੜ੍ਹ ਪ੍ਰਭਾਵਿਤ ਪਰਿਵਾਰ ਨੂੰ ਸੌਂਪਿਆ ਨਵਾਂ ਘਰ

ਅੰਮ੍ਰਿਤਸਰ ਦੇ ਘੋਨੇਵਾਲ ਪਿੰਡ ਵਿੱਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਹੜ੍ਹ ਪ੍ਰਭਾਵਿਤ ਪਰਿਵਾਰ ਨੂੰ ਨਵੇਂ ਘਰ ਦੀਆਂ ਚਾਬੀਆਂ ਸੌਂਪਦੇ ਹੋਏ।

ਹੜ੍ਹ ਵਿੱਚ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਮਕਾਨ, ਨਿੱਜੀ ਯਤਨਾਂ ਅਤੇ ਸਹਿਯੋਗ ਨਾਲ ਕਰਵਾਇਆ ਮੁੜ ਨਿਰਮਾਣ

ਅੰਮ੍ਰਿਤਸਰ ਤੋਂ MP ਗੁਰਜੀਤ ਸਿੰਘ ਔਜਲਾ ਨੇ ਐਤਵਾਰ ਨੂੰ ਸਰਹੱਦੀ ਪਿੰਡ ਘੋਨੇਵਾਲ ਦੇ ਹੜ੍ਹ ਪ੍ਰਭਾਵਿਤ ਇੱਕ ਪਰਿਵਾਰ ਨੂੰ ਮੁੜ ਤਿਆਰ ਕੀਤਾ ਨਵਾਂ ਘਰ ਸੌਂਪਿਆ। ਇਹ ਉਹੀ ਪਰਿਵਾਰ ਹੈ, ਜਿਸ ਨਾਲ ਸਾਲ 2025 ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੁਲਾਕਾਤ ਕਰਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਸੀ। ਔਜਲਾ ਨੇ ਕਿਹਾ ਕਿ ਸਰਕਾਰ ਵੱਲੋਂ ਉਮੀਦ ਮੁਤਾਬਕ ਸਹਾਇਤਾ ਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਿੱਜੀ ਯਤਨਾਂ ਅਤੇ ਸੱਜਣਾਂ-ਮਿੱਤਰਾਂ ਦੇ ਸਹਿਯੋਗ ਨਾਲ ਪਰਿਵਾਰ ਦਾ ਘਰ ਦੁਬਾਰਾ ਬਣਵਾਇਆ।

ਸੰਸਦ ਮੈਂਬਰ ਔਜਲਾ ਨੇ ਦੱਸਿਆ ਕਿ ਘੋਨੇਵਾਲ ਪਿੰਡ ਹੜ੍ਹਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚੋਂ ਇੱਕ ਸੀ। ਹੜ੍ਹ ਦਾ ਪਾਣੀ ਇਸ ਪਰਿਵਾਰ ਦੇ ਘਰ ਵਿੱਚ ਪੂਰੀ ਤਰ੍ਹਾਂ ਦਾਖ਼ਲ ਹੋ ਗਿਆ ਸੀ, ਜਿਸ ਕਾਰਨ ਮਕਾਨ ਦੀਆਂ ਨੀਂਹਾਂ ਤੱਕ ਨੁਕਸਾਨ ਪਹੁੰਚਿਆ, ਚਾਰਦੀਵਾਰੀ ਢਹਿ ਗਈ ਅਤੇ ਘਰ ਰਹਿਣ ਯੋਗ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਦੌਰੇ ਦੌਰਾਨ ਇਸ ਪਰਿਵਾਰ ਦੀ ਹਾਲਤ ਸਾਹਮਣੇ ਆਈ ਸੀ ਅਤੇ ਉਸ ਵੇਲੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਘਰ ਦੀ ਮੁਰੰਮਤ ਕਰਵਾਉਣ ਦੀ ਅਪੀਲ ਵੀ ਕੀਤੀ ਗਈ ਸੀ, ਪਰ ਕੋਈ ਮਦਦ ਨਹੀਂ ਮਿਲੀ।

 

 

ਔਜਲਾ ਨੇ ਕਿਹਾ ਕਿ ਬਾਅਦ ਵਿੱਚ ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ ਇਹ ਕਹਿ ਕੇ ਜ਼ਿੰਮੇਵਾਰੀ ਤੋਂ ਪਾਸਾ ਵੱਟਿਆ ਜਾ ਰਿਹਾ ਸੀ ਕਿ ਕਿਉਂਕਿ ਰਾਹੁਲ ਗਾਂਧੀ ਇੱਥੇ ਆਏ ਸਨ, ਇਸ ਲਈ ਘਰ ਵੀ ਉਹੀ ਬਣਵਾਉਣ। ਉਨ੍ਹਾਂ ਕਿਹਾ ਕਿ ਅਜਿਹੀ ਸੰਕੀਰਨ ਸੋਚ ਲੋਕਤੰਤਰ ਲਈ ਠੀਕ ਨਹੀਂ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੱਧਰ ‘ਤੇ ਸੱਜਣਾਂ-ਮਿੱਤਰਾਂ ਅਤੇ ਸਮਾਜਸੇਵੀਆਂ ਦੇ ਸਹਿਯੋਗ ਨਾਲ ਘਰ ਦਾ ਮੁੜ ਨਿਰਮਾਣ ਕਰਵਾਉਣ ਦਾ ਫ਼ੈਸਲਾ ਕੀਤਾ।

ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਲੋੜ ਅਤੇ ਮਰਜ਼ੀ ਅਨੁਸਾਰ ਪੂਰੇ ਘਰ ਦਾ ਨਵੇਂ ਸਿਰੇ ਤੋਂ ਨਿਰਮਾਣ ਕਰਵਾਇਆ ਗਿਆ। ਹੜ੍ਹ ਕਾਰਨ ਨੁਕਸਾਨੇ ਗਏ ਪਿੱਲਰਾਂ, ਫਰਸ਼ ਅਤੇ ਹੋਰ ਹਿੱਸਿਆਂ ਨੂੰ ਪੂਰੀ ਤਰ੍ਹਾਂ ਹਟਾ ਕੇ ਨਵਾਂ ਕੰਮ ਕੀਤਾ ਗਿਆ। ਨਵਾਂ ਫਰਸ਼, ਟਾਈਲਾਂ ਅਤੇ ਹੋਰ ਲੋੜੀਂਦੇ ਕੰਮ ਮੁਕੰਮਲ ਕਰਕੇ ਘਰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪਰਿਵਾਰ ਦੀ ਸਹੂਲਤ ਲਈ ਅੱਗੇ ਬਰਾਂਡਾ ਅਤੇ ਬਾਥਰੂਮ ਦਾ ਕੰਮ ਵੀ ਕਰਵਾਇਆ ਜਾਵੇਗਾ, ਤਾਂ ਜੋ ਘਰ ਹਰ ਪੱਖੋਂ ਮੁਕੰਮਲ ਹੋ ਸਕੇ।

 

 

ਸੰਸਦ ਮੈਂਬਰ ਨੇ ਕਿਹਾ ਕਿ ਜਦੋਂ ਕਿਸੇ ਲੋੜਵੰਦ ਦੀ ਨਿੱਜੀ ਤੌਰ ‘ਤੇ ਮਦਦ ਕਰਨ ਦਾ ਮੌਕਾ ਮਿਲਦਾ ਹੈ ਤਾਂ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਕਿਰਿਆਵਾਂ ਵਿੱਚ ਅਕਸਰ ਬੇਲੋੜੀ ਦੇਰੀ ਹੋ ਜਾਂਦੀ ਹੈ, ਪਰ ਇੱਕ ਜਨ ਪ੍ਰਤੀਨਿਧੀ ਦੀ ਜ਼ਿੰਮੇਵਾਰੀ ਸਿਰਫ਼ ਸਰਕਾਰੀ ਯੋਜਨਾਵਾਂ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇੱਕ ਵਾਰ ਕੋਈ ਵਿਅਕਤੀ ਵਿਧਾਇਕ ਜਾਂ ਸੰਸਦ ਮੈਂਬਰ ਬਣ ਜਾਂਦਾ ਹੈ ਤਾਂ ਉਹ ਕਿਸੇ ਇੱਕ ਪਾਰਟੀ ਦਾ ਨਹੀਂ, ਸਗੋਂ ਪੂਰੇ ਇਲਾਕੇ ਦੀ ਜਨਤਾ ਦਾ ਨੁਮਾਇੰਦਾ ਹੁੰਦਾ ਹੈ ਅਤੇ ਉਸ ਦਾ ਫ਼ਰਜ਼ ਹੈ ਕਿ ਬਿਨਾਂ ਕਿਸੇ ਸਿਆਸੀ ਭੇਦਭਾਵ ਦੇ ਹਰ ਲੋੜਵੰਦ ਦੀ ਮਦਦ ਕਰੇ।

ਉਨ੍ਹਾਂ ਕਿਹਾ ਕਿ ਸਿਆਸੀ ਕਾਰਨਾਂ ਕਰਕੇ ਰਾਹਤ ਕਾਰਜਾਂ ਨੂੰ ਰੋਕਣਾ ਜਾਂ ਲੋੜਵੰਦਾਂ ਨੂੰ ਸਹਾਇਤਾ ਤੋਂ ਵਾਂਝਾ ਰੱਖਣਾ ਗਲਤ ਪਰੰਪਰਾ ਹੈ। ਅਜਿਹੀ ਸੋਚ ਲੋਕਾਂ ਦਾ ਜਨ ਪ੍ਰਤੀਨਿਧੀਆਂ ਅਤੇ ਲੋਕਤੰਤਰੀ ਪ੍ਰਣਾਲੀ ‘ਤੇ ਭਰੋਸਾ ਕਮਜ਼ੋਰ ਕਰਦੀ ਹੈ। ਸਮਾਜ ਦੇ ਭਲੇ ਲਈ ਕੀਤੇ ਜਾਣ ਵਾਲੇ ਕੰਮ ਰਾਜਨੀਤੀ ਤੋਂ ਉੱਪਰ ਉੱਠ ਕੇ ਹੋਣੇ ਚਾਹੀਦੇ ਹਨ।

 

 

ਇਸ ਮੌਕੇ ਪਰਿਵਾਰ ਦੇ ਮੈਂਬਰਾਂ ਨੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੜ੍ਹ ਵੇਲੇ ਉਨ੍ਹਾਂ ਨੂੰ ਕੁਝ ਸਰਕਾਰੀ ਮੁਆਵਜ਼ਾ ਤਾਂ ਮਿਲਿਆ ਸੀ, ਪਰ ਉਹ ਹੋਏ ਨੁਕਸਾਨ ਦੇ ਮੁਕਾਬਲੇ ਬਹੁਤ ਘੱਟ ਸੀ। ਉਨ੍ਹਾਂ ਦੇ ਪਸ਼ੂਆਂ ਦਾ ਵੀ ਨੁਕਸਾਨ ਹੋਇਆ, ਪਰ ਉਸ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ।

 

 

ਪਰਿਵਾਰ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਦੌਰੇ ਦੌਰਾਨ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਸੀ ਅਤੇ ਬਾਅਦ ਵਿੱਚ ਜਦੋਂ ਉਹ ਗੁਰਜੀਤ ਸਿੰਘ ਔਜਲਾ ਨੂੰ ਮਿਲੇ ਤਾਂ ਉਨ੍ਹਾਂ ਨੇ ਤਿੰਨ ਹਫ਼ਤਿਆਂ ਵਿੱਚ ਕੰਮ ਸ਼ੁਰੂ ਕਰਵਾਉਣ ਦਾ ਵਾਅਦਾ ਕੀਤਾ। ਔਜਲਾ ਨੇ ਆਪਣਾ ਵਾਅਦਾ ਨਿਭਾਇਆ ਅਤੇ ਅੱਜ ਘਰ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ। ਪਰਿਵਾਰ ਨੇ ਇਸ ਲਈ ਰਾਹੁਲ ਗਾਂਧੀ ਅਤੇ ਗੁਰਜੀਤ ਸਿੰਘ ਔਜਲਾ ਦੋਵਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *