ਘਰ ਪਰਤ ਰਹੇ 71 ਸਾਲਾ ਬਜ਼ੁਰਗ ‘ਤੇ ਅਵਾਰਾ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ
ਅੰਮ੍ਰਿਤਸਰ ਸ਼ਹਿਰ ਦੇ ਇਸਲਾਮਾਬਾਦ ਖੇਤਰ ‘ਚ ਬੀਤੀ ਰਾਤ ਇੱਕ ਦਰਦਨਾਕ ਘਟਨਾ ਵਾਪਰੀ। ਘਰ ਪਰਤ ਰਹੇ 71 ਸਾਲਾ ਬਜ਼ੁਰਗ ‘ਤੇ ਅਵਾਰਾ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ।ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਵਾਸੀ ਇਸਲਾਮਾਬਾਦ ਕੋਟ ਖਾਲਸਾ ਵਜੋਂ ਹੋਈ ਹੈ। ਉਹ ਟਾਹਲੀ ਸਾਹਿਬ ਬਾਜ਼ਾਰ ‘ਚ ਕੱਪੜੇ ਦੀ ਦੁਕਾਨ ‘ਤੇ ਕੰਮ ਕਰਦੇ ਸਨ। ਪੁਲਿਸ ਮੁਤਾਬਕ ਰਿਸ਼ਤੇਦਾਰ ਦੀ ਖਬਰਸਾਰ ਲੈਣ ਲਈ ਦੇਰ ਰਾਤ ਪੈਦਲ ਘਰ ਆ ਰਹੇ ਸਨ, ਤਾਂ ਰਸਤੇ ‘ਚ ਕੁੱਤਿਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।ਹਮਲੇ ਤੋਂ ਬਚਣ ਸਮੇਂ ਬਜ਼ੁਰਗ ਜ਼ਮੀਨ ‘ਤੇ ਡਿੱਗ ਪਏ ਅਤੇ ਸਿਰ ‘ਤੇ ਸੱਟ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਪੂਰੀ ਘਟਨਾ ਨੇੜੇ ਲੱਗੇ CCTV ਕੈਮਰੇ ‘ਚ ਕੈਦ ਹੋ ਗਈ।ਗੁਰਦੀਪ ਸਿੰਘ ਦੇ ਪਰਿਵਾਰ ‘ਚ ਪਤਨੀ ਤੋਂ ਇਲਾਵਾ 1 ਪੁੱਤਰ ਅਤੇ 2 ਧੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਮੌਤ ਕੁੱਤੇ ਦੇ ਕੱਟਣ ਕਾਰਨ ਨਹੀਂ, ਸਗੋਂ ਡਿੱਗਣ ਨਾਲ ਸੱਟ ਲੱਗਣ ਕਾਰਨ ਹੋਈ ਹੈ, ਇਸ ਲਈ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।ਇਲਾਕੇ ‘ਚ ਅਵਾਰਾ ਕੁੱਤਿਆਂ ਦੇ ਵਧਦੇ ਆਤੰਕ ਨੂੰ ਲੈ ਕੇ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ।
