ਕੇਂਦਰ ਸਰਕਾਰ ਦਾ ਵੱਡਾ ਫੈਸਲਾ: ਟੋਲ ਟੈਕਸ ‘ਚ ਹੁਣ ਹੋਵੇਗਾ ਨਾਂਮਾਤਰ ਵਾਧਾ
National Highway ਅਤੇ Expressways’ਤੇ ਸਫਰ ਕਰਨ ਵਾਲੇ ਕਰੋੜਾਂ ਲੋਕਾਂ ਲਈ ਕੇਂਦਰ ਸਰਕਾਰ ਨੇ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਹੁਣ ਟੋਲ ਪਲਾਜ਼ਿਆਂ ‘ਤੇ ਹਰ ਸਾਲ ਹੋਣ ਵਾਲੇ ਵਾਧੇ ਨੂੰ ਕਾਫੀ ਹੱਦ ਤੱਕ ਘੱਟ ਕਰ ਦਿੱਤਾ ਜਾਵੇਗਾ।ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਟੋਲ ਦਰਾਂ ਤੈਅ ਕਰਨ ਦੇ ਪੁਰਾਣੇ ਤਰੀਕੇ ‘ਚ ਬਦਲਾਅ ਕਰਕੇ ਇੱਕ ਨਵਾਂ ਫਾਰਮੂਲਾ ਲਿਆਂਦਾ ਜਾ ਰਿਹਾ ਹੈ। ਇਸ ਨਵੀਂ ਪ੍ਰਣਾਲੀ ਤਹਿਤ ਹੁਣ ਟੋਲ ਰੇਟਾਂ ‘ਚ ਸਾਲਾਨਾ 10 ਤੋਂ 15 ਫੀਸਦੀ ਤੱਕ ਦਾ ਵਾਧਾ ਨਹੀਂ ਹੋਵੇਗਾ। ਇਸ ਦੀ ਬਜਾਏ ਵਾਧਾ ਸਿਰਫ 2 ਤੋਂ 3 ਫੀਸਦੀ ਤੱਕ ਹੀ ਸੀਮਤ ਰਹੇਗਾ।
ਕਿਵੇਂ ਮਿਲੇਗੀ ਰਾਹਤ?
ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵਾਂ ਫਾਰਮੂਲਾ ਥੋਕ ਮੁੱਲ ਸੂਚਕ ਅੰਕ WPI ‘ਤੇ ਆਧਾਰਿਤ ਹੋਵੇਗਾ। ਇਸ ਨਾਲ ਟੋਲ ਦਰਾਂ ਨਿਰਧਾਰਤ ਕਰਨ ਦੀ ਪ੍ਰਕਿਰਿਆ ਹੋਰ ਪਾਰਦਰਸ਼ੀ ਹੋ ਜਾਵੇਗੀ ਅਤੇ ਆਮ ਜਨਤਾ ‘ਤੇ ਵਾਧੂ ਬੋਝ ਨਹੀਂ ਪਵੇਗਾ।ਸਰਕਾਰ ਦਾ ਮਕਸਦ ਰਾਜਮਾਰਗਾਂ ਦੀ ਵਰਤੋਂ ਕਰਨ ਵਾਲੇ ਲੋਕਾਂ ‘ਤੇ ਪੈਣ ਵਾਲਾ ਆਰਥਿਕ ਦਬਾਅ ਘਟਾਉਣਾ ਹੈ। ਇਸ ਦਾ ਸਭ ਤੋਂ ਵੱਧ ਫਾਇਦਾ ਨਿੱਜੀ ਗੱਡੀਆਂ ਦੇ ਮਾਲਕਾਂ ਅਤੇ ਰੋਜ਼ਾਨਾ Highway ‘ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਹੋਵੇਗਾ। ਮਾਲ ਢੋਆ-ਢੁਆਈ ਨਾਲ ਜੁੜੇ ਵਪਾਰਕ ਵਾਹਨਾਂ ਦੀ ਲਾਗਤ ‘ਤੇ ਵੀ ਇਸ ਦਾ ਸਕਾਰਾਤਮਕ ਅਸਰ ਪਵੇਗਾ।

ਕਿੰਨਾ ਬਚੇਗਾ ਪੈਸਾ?
ਫਿਲਹਾਲ ਦੇਸ਼ ਭਰ ‘ਚ ਕਰੀਬ 1150 ਟੋਲ ਪਲਾਜ਼ਾ ਚੱਲ ਰਹੇ ਹਨ, ਜਿੱਥੋਂ ਹਰ ਰੋਜ਼ ਲਗਭਗ 186 ਕਰੋੜ ਰੁਪਏ ਦਾ ਟੋਲ ਇਕੱਠਾ ਹੁੰਦਾ ਹੈ।
ਮਾਹਿਰਾਂ ਮੁਤਾਬਕ ਜੇ ਪੁਰਾਣੇ 15% ਦੇ ਹਿਸਾਬ ਨਾਲ ਵਾਧਾ ਹੁੰਦਾ ਰਹਿੰਦਾ ਤਾਂ ਲੋਕਾਂ ‘ਤੇ ਰੋਜ਼ਾਨਾ ਕਰੀਬ 28 ਕਰੋੜ ਰੁਪਏ ਦਾ ਵਾਧੂ ਬੋਝ ਪੈਂਦਾ।
ਨਵੇਂ 2-3% ਵਾਲੇ ਨਿਯਮ ਨਾਲ ਇਹ ਵਾਧੂ ਬੋਝ ਘੱਟ ਕੇ 5-6 ਕਰੋੜ ਰੁਪਏ ਰਹਿ ਜਾਵੇਗਾ। ਇਸ ਤਰ੍ਹਾਂ ਲੋਕਾਂ ਨੂੰ ਰੋਜ਼ਾਨਾ ਕਰੀਬ 22 ਕਰੋੜ ਰੁਪਏ ਦੀ ਬਚਤ ਹੋਣ ਦੀ ਉਮੀਦ ਹੈ।ਇਸ ਨਵੀਂ ਨੀਤੀ ਨੂੰ ਜਲਦੀ ਹੀ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ।
