PRTC Bus Strike: ਅੱਜ ਪੰਜਾਬ ‘ਚ ਠੱਪ ਰਹੇਗੀ ਸਰਕਾਰੀ ਬੱਸ ਸੇਵਾ, ਰੋਡਵੇਜ਼-ਪਨਬਸ-PRTC ਦੇ ਕੱਚੇ ਮੁਲਾਜ਼ਮ ਹੜਤਾਲ ‘ਤੇ
ਅੱਜ ਪੰਜਾਬ ‘ਚ ਸਰਕਾਰੀ ਬੱਸਾਂ ਦਾ ਪਹੀਆ ਪੂਰੀ ਤਰ੍ਹਾਂ ਰੁਕ ਗਿਆ ਹੈ। ਪੰਜਾਬ ਰੋਡਵੇਜ਼, ਪਨਬਸ ਅਤੇ PRTC ਦੇ ਠੇਕਾ ਆਧਾਰਿਤ ਕਰਮਚਾਰੀਆਂ ਵੱਲੋਂ ਸੂਬਾ ਪੱਧਰੀ ਹੜਤਾਲ ਕੀਤੇ ਜਾਣ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੱਸ ਸਟੈਂਡਾਂ ‘ਤੇ ਸੁੰਨਸਾਨ, ਯਾਤਰੀ ਪਰੇਸ਼ਾਨ
ਸਵੇਰ ਤੋਂ ਹੀ ਸੂਬੇ ਦੇ ਸਾਰੇ ਬੱਸ ਡਿਪੂਆਂ ਅਤੇ ਸਟੈਂਡਾਂ ‘ਤੇ ਖਾਮੋਸ਼ੀ ਹੈ। ਕੋਈ ਵੀ ਸਰਕਾਰੀ ਬੱਸ ਰੂਟ ‘ਤੇ ਨਹੀਂ ਨਿਕਲੀ। ਇਸਦਾ ਸਭ ਤੋਂ ਵੱਧ ਅਸਰ ਰੋਜ਼ਾਨਾ ਬੱਸਾਂ ‘ਚ ਸਫਰ ਕਰਨ ਵਾਲੇ ਲੋਕਾਂ ‘ਤੇ ਪਿਆ ਹੈ। ਵਿਦਿਆਰਥੀਆਂ, ਦਫਤਰੀ ਮੁਲਾਜ਼ਮਾਂ ਅਤੇ ਔਰਤਾਂ ਨੂੰ ਸਭ ਤੋਂ ਵੱਧ ਮੁਸ਼ਕਿਲ ਆ ਰਹੀ ਹੈ। ਬੱਸ ਨਾ ਮਿਲਣ ਕਾਰਨ ਲੋਕਾਂ ਨੂੰ ਟੈਕਸੀ, ਆਟੋ ਅਤੇ ਆਪਣੇ ਨਿੱਜੀ ਵਾਹਨਾਂ ਦੀ ਵਰਤੋਂ ਕਰਨੀ ਪੈ ਰਹੀ ਹੈ, ਜਿਸ ਨਾਲ ਉਨ੍ਹਾਂ ਦਾ ਰੋਜ਼ਾਨਾ ਦਾ ਖਰਚਾ ਕਈ ਗੁਣਾ ਵਧ ਗਿਆ ਹੈ।

ਹੜਤਾਲ ਦੇ ਪਿੱਛੇ ਕੀ ਹੈ ਕਾਰਨ?
ਇਹ ਹੜਤਾਲ ‘ਪੰਜਾਬ ਰੋਡਵੇਜ਼, ਪਨਬਸ ਅਤੇ PRTC ਕੰਟਰੈਕਟ ਵਰਕਰਜ਼ ਯੂਨੀਅਨ’ ਵੱਲੋਂ ਬੁਲਾਈ ਗਈ ਹੈ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ 3 ਮੁੱਖ ਮੰਗਾਂ ਨੂੰ ਲੈ ਕੇ ਸਰਕਾਰ ਅੱਗੇ ਅਪੀਲ ਕਰ ਰਹੇ ਹਨ:
- ਕੱਚੇ/ਠੇਕਾ ਮੁਲਾਜ਼ਮਾਂ ਨੂੰ ਪੱਕੀਆਂ ਭਰਤੀਆਂ ਦੇਣਾ
- ਆਊਟਸੋਰਸਿੰਗ ਦੇ ਨਾਂ ‘ਤੇ ਹੋ ਰਹੀ ਭਰਤੀ ਨੂੰ ਤੁਰੰਤ ਬੰਦ ਕਰਨਾ
- ਪਿਛਲੇ ਸਾਲ ਦੇ ਅੰਦੋਲਨ ਦੌਰਾਨ ਯੂਨੀਅਨ ਆਗੂਆਂ ਖਿਲਾਫ ਦਰਜ ਕੀਤੇ ਗਏ ਕੇਸ ਵਾਪਸ ਲੈਣਾ
ਅੱਜ 10 ਵਜੇ ਹੋਵੇਗੀ ਮਹੱਤਵਪੂਰਨ ਮੀਟਿੰਗ
ਯੂਨੀਅਨ ਦੇ ਸੂਬਾ ਬੁਲਾਰੇ ਹਰਕੇਸ਼ ਵਿੱਕੀ ਨੇ ਦੱਸਿਆ ਕਿ ਅੱਜ ਸਵੇਰੇ 10 ਵਜੇ ਟਰਾਂਸਪੋਰਟ ਮੰਤਰੀ ਨਾਲ ਉਨ੍ਹਾਂ ਦੀ ਗੱਲਬਾਤ ਹੋਣੀ ਤੈਅ ਹੈ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੀਟਿੰਗ ‘ਚ ਕੋਈ ਠੋਸ ਹੱਲ ਨਹੀਂ ਨਿਕਲਿਆ ਤਾਂ ਇਹ ਹੜਤਾਲ ਅਣਮਿੱਥੇ ਸਮੇਂ ਲਈ ਵਧਾਈ ਜਾ ਸਕਦੀ ਹੈ। ਹਾਲਾਂਕਿ ਜੇਕਰ ਸਰਕਾਰ ਮੰਗਾਂ ਮੰਨ ਲੈਂਦੀ ਹੈ ਤਾਂ ਹੜਤਾਲ ਤੁਰੰਤ ਵਾਪਸ ਲੈਣ ‘ਤੇ ਵੀ ਵਿਚਾਰ ਹੋਵੇਗਾ।
