Punjab-ਭਲਾ ਪਿੰਡ ਵਿੱਚ ਬਣੇਗਾ ਮੋਹਾਲੀ ਤੋਂ ਵੀ ਵੱਡਾ ਕ੍ਰਿਕਟ ਸਟੇਡੀਅਮ
ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਵੱਲੋਂ ਅੰਮ੍ਰਿਤਸਰ ਵਿੱਚ ਮੋਹਾਲੀ ਦੇ I.S.Bindraਤੋਂ ਵੀ ਵੱਡਾ ਕ੍ਰਿਕਟ ਸਟੇਡੀਅਮ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਅਜਨਾਲਾ ਰੋਡ ‘ਤੇ ਸਥਿਤ ਭਲਾ ਪਿੰਡ ਵਿੱਚ ਜ਼ਮੀਨ ਖਰੀਦ ਲਈ ਗਈ ਹੈ।ਲਗਭਗ 6 ਮਹੀਨਿਆਂ ਬਾਅਦ ਇੱਥੇ ਸਟੇਡੀਅਮ ਦਾ ਕੰਮ ਸ਼ੁਰੂ ਹੋ ਸਕਦਾ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ 2 ਤੋਂ 2.5 ਸਾਲਾਂ ਵਿੱਚ ਇਹ ਸਟੇਡੀਅਮ ਬਣ ਕੇ ਤਿਆਰ ਹੋ ਜਾਵੇਗਾ।
PCA ਨੇ ਸਟੇਡੀਅਮ ਲਈ ਕਰੀਬ 20 ਏਕੜ ਜ਼ਮੀਨ ਖਰੀਦੀ ਹੈ। ਇਸ ਵਿੱਚੋਂ 4.5 ਏਕੜ ਜ਼ਮੀਨ ਕ੍ਰਿਕਟ ਦੇ ਮੈਦਾਨ ਲਈ ਵਰਤੀ ਜਾਵੇਗੀ। ਬਾਕੀ ਦੀ ਜਗ੍ਹਾ ਦਰਸ਼ਕਾਂ ਦੇ ਬੈਠਣ ਲਈ ਚੇਅਰਾਂ, ਮੀਡੀਆ ਪੈਵੀਲੀਅਨ ਅਤੇ ਪਾਰਕਿੰਗ ਆਦਿ ਸਹੂਲਤਾਂ ਲਈ ਰੱਖੀ ਗਈ ਹੈ।ਇਸ ਦੇ ਬਣਨ ਤੋਂ ਬਾਅਦ ਅੰਮ੍ਰਿਤਸਰ ਵਿੱਚ ਜਲਦੀ ਹੀ ਅੰਤਰਰਾਸ਼ਟਰੀ ਕ੍ਰਿਕਟ ਮੈਚ ਹੋਣ ਦੀ ਉਮੀਦ ਹੈ। ਫਿਲਹਾਲ ਇੱਥੇ PCA ਵੱਲੋਂ ਜਲਦੀ ਹੀ ਕ੍ਰਿਕਟ ਅਕੈਡਮੀ ਸ਼ੁਰੂ ਕਰਨ ਦੀ ਵੀ ਯੋਜਨਾ ਹੈ, ਜਿਸ ਵਿੱਚ ਭਵਿੱਖ ਦੇ ਕ੍ਰਿਕਟਰ ਤਿਆਰ ਕੀਤੇ ਜਾਣਗੇ।

ਇਸ ਨਾਲ ਅੰਮ੍ਰਿਤਸਰ ਦੇ ਬੱਚਿਆਂ ਨੂੰ ਅੰਤਰਾਸ਼ਟਰੀ ਪੱਧਰ ਦੀ ਕੋਚਿੰਗ ਲੈਣਾ ਆਸਾਨ ਹੋ ਜਾਵੇਗਾ।ਜਾਣਕਾਰੀ ਮੁਤਾਬਕ ਮੋਹਾਲੀ ਦਾ ਸਟੇਡੀਅਮ 13 ਏਕੜ ਵਿੱਚ ਬਣਿਆ ਹੋਇਆ ਹੈ ਜਦਕਿ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਦਾ ਖੇਤਰਫਲ 38 ਏਕੜ ਹੈ। ਇਸ ਵਿੱਚ ਕਰੀਬ 4.5 ਏਕੜ ਵਿੱਚ ਬਾਊਂਡਰੀ ਲਾਈਨ ਤੱਕ ਦਾ ਮੈਦਾਨ ਹੈ। ਬਾਕੀ ਦੇ ਖੇਤਰ ਵਿੱਚ ਦਰਸ਼ਕਾਂ ਲਈ ਬੈਠਣ ਅਤੇ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ।PCA ਨੇ 20 ਏਕੜ ਜ਼ਮੀਨ ਦੇ ਦੁਆਲੇ ਬਾਊਂਡਰੀ ਵਾਲ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਦੀ ਤਿਆਰੀ ਕਰ ਲਈ ਹੈ। ਇਸਨੂੰ ਤਿਆਰ ਹੋਣ ਵਿੱਚ ਲਗਭਗ 6 ਮਹੀਨੇ ਲੱਗਣਗੇ। ਉਸ ਤੋਂ ਬਾਅਦ ਡੇਢ ਸਾਲ ਦੇ ਸਮੇਂ ਵਿੱਚ ਸਟੇਡੀਅਮ ਤਿਆਰ ਕਰਨ ਦੀ ਯੋਜਨਾ ਹੈ। ਬਾਊਂਡਰੀ ਵਾਲ ‘ਤੇ 2.80 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ।ਭਲਾ ਪਿੰਡ ਵਿੱਚ ਬਣਨ ਵਾਲਾ ਇਹ ਸਟੇਡੀਅਮ ਬੱਸ ਸਟੈਂਡ ਤੋਂ 20 ਕਿਲੋਮੀਟਰ ਅਤੇ ਹਵਾਈ ਅੱਡੇ ਤੋਂ 8 ਕਿਲੋਮੀਟਰ ਦੂਰ ਹੋਵੇਗਾ। ਅੰਮ੍ਰਿਤਸਰ ਦੇ ਚਾਰੇ ਪਾਸੇ ਬਣ ਰਹੇ ਐਕਸਪ੍ਰੈਸਵੇਅ ਅਤੇ ਰਿੰਗ ਰੋਡ ਦੇ ਹਰਸ਼ਛੀਨਾ ਇੰਟਰਚੇਂਜ ਤੋਂ ਇਸਦੀ ਦੂਰੀ ਸਿਰਫ 4 ਕਿਲੋਮੀਟਰ ਹੈ।
