ਨਿਊਜ਼ੀਲੈਂਡ ਦੀ ਧਰਤੀ ਤੋਂ ਸਿੱਖ ਵਿਰਾਸਤ ਨੂੰ ਵਿਸ਼ਵ ਸਨਮਾਨ
ਮੰਤਰੀ ਮੋਦੀ ਦਾ ਕੂਟਨੀਤੀ, ਡਾਇਸਪੋਰਾ ਅਤੇ ਵਿਸ਼ਵ ਪੱਧਰ ‘ਤੇ ਸਿੱਖ ਪਛਾਣ ਬਾਰੇ ਢੁਕਵਾਂ ਸੰਦੇਸ਼

ਜਦੋਂ ਦੁਨੀਆ ਨਫ਼ਰਤ, ਧਾਰਮਿਕ ਅਸਹਿਣਸ਼ੀਲਤਾ ਅਤੇ ਟਕਰਾਵਾਂ ਨਾਲ ਜੂਝ ਰਹੀ ਹੈ, ਉਦੋਂ ਨਿਊਜ਼ੀਲੈਂਡ ਦੀ ਧਰਤੀ ਤੋਂ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ—ਸੇਵਾ, ਸਮਾਨਤਾ, ਸਾਹਸ ਅਤੇ ਸਰਬੱਤ ਦੇ ਭਲੇ—ਦਾ ਵਿਸ਼ਵ ਮੰਚ ‘ਤੇ ਜ਼ਿਕਰ ਸਿਰਫ਼ ਇੱਕ ਰਾਜਨੀਤਿਕ ਬਿਆਨ ਨਹੀਂ, ਸਗੋਂ ਮਨੁੱਖਤਾ ਦੇ ਸਾਂਝੇ ਮੁੱਲਾਂ ਦੀ ਪੁਸ਼ਟੀ ਸੀ। ਇਸੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੁਲਾਈ 2026 ਦਾ ਨਿਊਜ਼ੀਲੈਂਡ ਦੌਰਾ ਇੱਕ ਸਧਾਰਨ ਕੂਟਨੀਤਕ ਫੇਰੀ ਤੋਂ ਅੱਗੇ ਵੱਧ ਕੇ ਸਭਿਆਚਾਰਕ, ਸਭਿਅਤਾਤਮਕ ਅਤੇ ਡਾਇਸਪੋਰਾ ਕੂਟਨੀਤੀ ਦਾ ਇੱਕ ਇਤਿਹਾਸਕ ਪਲ ਬਣ ਗਿਆ।
ਇੱਕ ਪਾਸੇ ਇਸ ਫੇਰੀ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ ਸੰਬੰਧਾਂ ਨੂੰ ‘ਰਣਨੀਤਿਕ ਭਾਈਵਾਲੀ’ ਦੇ ਨਵੇਂ ਪੜਾਅ ਵਿੱਚ ਦਾਖ਼ਲ ਕੀਤਾ, ਤਾਂ ਦੂਜੇ ਪਾਸੇ ਆਕਲੈਂਡ ਦੀ ਧਰਤੀ ਤੋਂ ਸਿੱਖ ਵਿਰਾਸਤ, ਗੁਰੂਆਂ ਦੀਆਂ ਸਿੱਖਿਆਵਾਂ ਅਤੇ ‘ਸਰਬੱਤ ਦੇ ਭਲੇ’ ਦੇ ਸੰਦੇਸ਼ ਨੂੰ ਵਿਸ਼ਵ ਰਾਜਨੀਤੀ ਦੇ ਕੇਂਦਰ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ। ਇਹ ਕੇਵਲ ਦੋ ਦੇਸ਼ਾਂ ਦੇ ਸੰਬੰਧਾਂ ਦਾ ਵਿਸਥਾਰ ਨਹੀਂ ਸੀ, ਸਗੋਂ ਭਾਰਤ ਦੀ ਉਸ ਸਭਿਆਚਾਰਕ ਦ੍ਰਿਸ਼ਟੀਕੋਣ ਦਾ ਪ੍ਰਗਟਾਵਾ ਵੀ ਸੀ, ਜੋ ਆਪਣੀ ਆਰਥਿਕ ਅਤੇ ਰਣਨੀਤਿਕ ਤਾਕਤ ਦੇ ਨਾਲ-ਨਾਲ ਆਪਣੀ ਅਧਿਆਤਮਿਕ ਅਤੇ ਮਨੁੱਖਤਾਵਾਦੀ ਵਿਰਾਸਤ ਨੂੰ ਵੀ ਵਿਸ਼ਵ ਮੰਚ ‘ਤੇ ਸਮਾਨ ਮਹੱਤਵ ਦੇਣਾ ਚਾਹੁੰਦੀ ਹੈ।
ਇਸ ਫੇਰੀ ਦੌਰਾਨ ਭਾਰਤ ਅਤੇ ਨਿਊਜ਼ੀਲੈਂਡ ਨੇ ਰੱਖਿਆ, ਵਪਾਰ, ਸਮੁੰਦਰੀ ਸੁਰੱਖਿਆ, ਖੇਡਾਂ, ਪਸ਼ੂ ਪਾਲਣ ਅਤੇ ਅੱਤਵਾਦ ਵਿਰੋਧੀ ਸਹਿਯੋਗ ਸਮੇਤ 18 ਮਹੱਤਵਪੂਰਨ ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਦੋਵਾਂ ਦੇਸ਼ਾਂ ਨੇ ਸਾਲ 2030 ਤੱਕ ਦੁਵੱਲੇ ਵਪਾਰ ਨੂੰ 7 ਅਰਬ ਨਿਊਜ਼ੀਲੈਂਡ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਵੀ ਤੈਅ ਕੀਤਾ ਹੈ। ਇਹ ਪ੍ਰਾਪਤੀਆਂ ਭਾਰਤ ਦੀ ਵਧਦੀ ਆਰਥਿਕ ਅਤੇ ਰਣਨੀਤਿਕ ਸਮਰੱਥਾ ਦਾ ਪ੍ਰਤੀਕ ਹਨ, ਪਰ ਇਸ ਫੇਰੀ ਦਾ ਸਭ ਤੋਂ ਦੂਰਗਾਮੀ ਅਤੇ ਅਰਥਪੂਰਨ ਪੱਖ 11 ਜੁਲਾਈ 2026 ਨੂੰ ਆਕਲੈਂਡ ਦੇ ਸਪਾਰਕ ਐਰੇਨਾ ਵਿੱਚ ਹੋਏ “Kia Ora Modi” ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਿੱਖ ਗੁਰੂਆਂ, ਸਿੱਖ ਇਤਿਹਾਸ ਅਤੇ ਸਿੱਖ ਕੌਮ ਦੇ ਵਿਸ਼ਵ-ਵਿਆਪੀ ਯੋਗਦਾਨ ਨੂੰ ਦਿੱਤਾ ਗਿਆ ਸਨਮਾਨ ਸੀ। ਇਹ ਸੰਦੇਸ਼ ਸਿੱਖ ਕੌਮ ਦੀ ਵਿਸ਼ਵ ਪੱਧਰੀ ਪਛਾਣ, ਭਾਰਤ ਦੀ ਡਾਇਸਪੋਰਾ ਕੂਟਨੀਤੀ, ਧਾਰਮਿਕ ਸਹਿਣਸ਼ੀਲਤਾ ਅਤੇ ਸਭਿਆਚਾਰਕ ਵਿਰਾਸਤ ਪ੍ਰਤੀ ਉਸ ਦੀ ਵਚਨਬੱਧਤਾ ਦਾ ਇੱਕ ਮਹੱਤਵਪੂਰਨ ਪ੍ਰਗਟਾਵਾ ਬਣ ਕੇ ਉੱਭਰਿਆ।
ਅੱਜ ਦਾ ਭਾਰਤ ਆਪਣੀ ਆਰਥਿਕ ਸ਼ਕਤੀ ਦੇ ਨਾਲ-ਨਾਲ ਆਪਣੀ ਸਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਵੀ ਵਿਸ਼ਵ ਮੰਚ ‘ਤੇ ਪੇਸ਼ ਕਰ ਰਿਹਾ ਹੈ। ਇਸੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਵਿਸ਼ਵ-ਵਿਆਪੀ ਮੁੱਲਾਂ ਵਜੋਂ ਪੇਸ਼ ਕਰਨਾ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਸ਼ਰਧਾ ਨਾਲ ਯਾਦ ਕੀਤਾ ਅਤੇ ਸਿੱਖ ਧਰਮ ਦੀਆਂ ਮੂਲ ਕਦਰਾਂ ਕੀਮਤਾਂ ਨੂੰ ਮਨੁੱਖਤਾ ਲਈ ਮਾਰਗ ਦਰਸ਼ਕ ਸਿਧਾਂਤਾਂ ਵਜੋਂ ਵਿਸ਼ਵ ਸਾਹਮਣੇ ਰੱਖਦਿਆਂ ਇਸ ਗਲ ’ਤੇ ਜ਼ੋਰ ਦਿਤਾ ਕਿ ਦੁਨੀਆ ਦੇ ਹਰ ਕੋਨੇ ਵਿੱਚ ਸਥਿਤ ਗੁਰਦੁਆਰੇ ਨਿਸ਼ਕਾਮ ਸੇਵਾ ਦੇ ਕੇਂਦਰ ਹਨ, ਜਿੱਥੇ ਹਰ ਲੋੜਵੰਦ ਨੂੰ ਲੰਗਰ ਅਤੇ ਆਸਰਾ ਮਿਲਦਾ ਹੈ।

ਸਿੱਖ ਧਰਮ ਦੀ ਇਹ ਵਿਚਾਰਧਾਰਾ ਕੋਈ ਨਵੀਂ ਨਹੀਂ। ਗੁਰੂ ਨਾਨਕ ਦੇਵ ਜੀ ਦਾ “ਨ ਕੋ ਬੈਰੀ ਨਹੀ ਬਿਗਾਨਾ” ਅਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ “ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ” ਦਾ ਸੰਦੇਸ਼ ਮਨੁੱਖੀ ਏਕਤਾ ਅਤੇ ਸਹਿ-ਅਸਤਿਤਵ ਦੀ ਅਜਿਹੀ ਵਿਆਖਿਆ ਕਰਦਾ ਹੈ, ਜਿਸ ਦੀ ਲੋੜ ਅੱਜ ਦੇ ਟਕਰਾਵਾਂ ਨਾਲ ਭਰੇ ਸੰਸਾਰ ਨੂੰ ਪਹਿਲਾਂ ਨਾਲੋਂ ਵੱਧ ਹੈ। ਜਦੋਂ ਦੁਨੀਆ ਧਾਰਮਿਕ ਅਸਹਿਣਸ਼ੀਲਤਾ, ਨਸਲੀ ਨਫ਼ਰਤ, ਹਿੰਸਕ ਕੱਟੜਪੰਥ ਅਤੇ ਟਕਰਾਵਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਉਦੋਂ ਸਿੱਖ ਗੁਰੂਆਂ ਦਾ ਇਹ ਸੰਦੇਸ਼ ਵਿਸ਼ਵ ਸ਼ਾਂਤੀ, ਸਹਿ-ਅਸਤਿਤਵ ਅਤੇ ਮਨੁੱਖੀ ਏਕਤਾ ਲਈ ਹੋਰ ਵੀ ਪ੍ਰਸੰਗਿਕ ਹੋ ਜਾਂਦਾ ਹੈ।
ਨਿਊਜ਼ੀਲੈਂਡ ਦੇ ਮੌਜੂਦਾ ਸਮਾਜਿਕ ਪ੍ਰਸੰਗ ਵਿੱਚ ਇਹ ਸੰਦੇਸ਼ ਇਸ ਲਈ ਹੋਰ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਉੱਥੇ ਕੁਝ ਕੱਟੜਪੰਥੀ ਤੱਤਾਂ ਵੱਲੋਂ ਸਿੱਖ ਪਛਾਣ ਅਤੇ ਨਗਰ ਕੀਰਤਨਾਂ ਦੇ ਵਿਰੁੱਧ ਨਫ਼ਰਤ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਦਸੰਬਰ 2025 ਵਿੱਚ ਬ੍ਰਾਇਨ ਤਮਾਕੀ ਦੀ ਅਗਵਾਈ ਵਾਲੇ ਕੱਟੜਪੰਥੀ “ਡੈਸਟਨੀ ਗਰੁੱਪ” ਵੱਲੋਂ ਇੱਕ ਨਗਰ ਕੀਰਤਨ ਨੂੰ ਰੋਕਣ ਅਤੇ ਉਸ ਵਿੱਚ ਖ਼ਲਲ ਪਾਉਣ ਦੀ ਕੋਸ਼ਿਸ਼ ਨੇ ਸਿੱਖ ਭਾਈਚਾਰੇ ਨੂੰ ਗਹਿਰੀ ਚਿੰਤਾ ਵਿੱਚ ਪਾ ਦਿੱਤਾ ਸੀ। ਪਰ ਇਸ ਦੇ ਬਾਵਜੂਦ ਸਿੱਖ ਭਾਈਚਾਰੇ ਨੇ ਅਸਧਾਰਨ ਸੰਜਮ, ਸਹਿਣਸ਼ੀਲਤਾ ਅਤੇ ਸ਼ਾਂਤੀ ਦਾ ਪ੍ਰਦਰਸ਼ਨ ਕਰਦਿਆਂ ਗੁਰੂ ਸਾਹਿਬਾਨ ਦੇ “ਸਰਬੱਤ ਦੇ ਭਲੇ” ਦੇ ਸੰਦੇਸ਼ ਦਾ ਪੱਲਾ ਨਹੀਂ ਛੱਡਿਆ ਸੀ।
ਉਸ ਸਮੇਂ ਸਿੱਖ ਭਾਈਚਾਰੇ ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਨਿਊਜ਼ੀਲੈਂਡ ਸਰਕਾਰ ਕੋਲ ਕੂਟਨੀਤਕ ਪੱਧਰ ‘ਤੇ ਮਾਮਲਾ ਉਠਾ ਕੇ ਨਗਰ ਕੀਰਤਨਾਂ ਅਤੇ ਹੋਰ ਧਾਰਮਿਕ ਸਮਾਗਮਾਂ ਦੀ ਨਿਰਵਿਘਨਤਾ, ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੀ ਸੁਰੱਖਿਆ ਅਤੇ ਭਾਰਤੀ ਭਾਈਚਾਰੇ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਇਆ ਜਾਵੇ।
ਅਜਿਹੇ ਮਾਹੌਲ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਿੱਖਾਂ ਨੂੰ “ਮਨੁੱਖਤਾ ਦੀ ਸੇਵਾ ਕਰਨ ਵਾਲਾ ਭਾਈਚਾਰਾ” ਦੱਸਣਾ ਕੇਵਲ ਪ੍ਰਸ਼ੰਸਾ ਨਹੀਂ ਸੀ, ਸਗੋਂ ਇੱਕ ਮਜ਼ਬੂਤ ਕੂਟਨੀਤਕ ਅਤੇ ਨੈਤਿਕ ਸੰਦੇਸ਼ ਵੀ ਸੀ ਕਿ ਸਿੱਖ ਸੱਭਿਆਚਾਰ ਕਿਸੇ ਲਈ ਖ਼ਤਰਾ ਨਹੀਂ, ਸਗੋਂ ਸਮਾਜਿਕ ਸਾਂਝ, ਸਹਿ-ਅਸਤਿਤਵ ਅਤੇ ਮਨੁੱਖੀ ਸੇਵਾ ਦਾ ਪ੍ਰਤੀਕ ਹੈ। ਇਹ ਉਨ੍ਹਾਂ ਤੱਤਾਂ ਲਈ ਵੀ ਸਪੱਸ਼ਟ ਜਵਾਬ ਸੀ ਜੋ ਸਿੱਖਾਂ ਦੀ ਸ਼ਾਂਤੀ-ਪਸੰਦ ਅਤੇ ਮਨੁੱਖਤਾਵਾਦੀ ਪਛਾਣ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਨਾਲ ਹੀ ਇਹ ਉਨ੍ਹਾਂ ਧਾਰਨਾਵਾਂ ਨੂੰ ਚੁਣੌਤੀ ਹੈ ਜੋ ਭਾਰਤ ਸਰਕਾਰ ਅਤੇ ਸਿੱਖ ਭਾਈਚਾਰੇ ਦੇ ਰਿਸ਼ਤੇ ਨੂੰ ਕੇਵਲ ਰਾਜਨੀਤਿਕ ਨਜ਼ਰੀਏ ਨਾਲ ਦੇਖਦੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦਾ ਇੱਕ ਹੋਰ ਮਹੱਤਵਪੂਰਨ ਪੱਖ ਇਹ ਸੀ ਕਿ ਇਸ ਨੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੇ ਮਾਣ-ਸਨਮਾਨ ਅਤੇ ਸੁਰੱਖਿਆ ਦੇ ਮੁੱਦੇ ਨੂੰ ਅੰਤਰਰਾਸ਼ਟਰੀ ਮੰਚ ਪ੍ਰਦਾਨ ਕੀਤਾ। ਇਸ ਨਾਲ ਇਹ ਸੰਦੇਸ਼ ਵੀ ਗਿਆ ਕਿ ਭਾਰਤ ਸਰਕਾਰ ਸਿੱਖ ਵਿਰਾਸਤ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਦੇਸ਼ ਦੀ ਸਾਂਝੀ ਸਭਿਆਚਾਰਕ ਪੂੰਜੀ ਮੰਨਦੀ ਹੈ ਅਤੇ ਆਪਣੇ ਪ੍ਰਵਾਸੀ ਭਾਈਚਾਰੇ ਦੇ ਧਾਰਮਿਕ ਅਧਿਕਾਰਾਂ ਅਤੇ ਸੁਰੱਖਿਆ ਪ੍ਰਤੀ ਵੀ ਸੰਵੇਦਨਸ਼ੀਲ ਹੈ।
ਅੱਜ ਦੀ ਵਿਸ਼ਵ ਰਾਜਨੀਤੀ ਵਿੱਚ ਡਾਇਸਪੋਰਾ ਕੂਟਨੀਤੀ ਦੀ ਮਹੱਤਤਾ ਲਗਾਤਾਰ ਵਧ ਰਹੀ ਹੈ। ਵਿਦੇਸ਼ਾਂ ਵਿੱਚ ਵੱਸਦੇ ਭਾਰਤੀ ਹੁਣ ਸਿਰਫ਼ ਆਰਥਿਕ ਸ਼ਕਤੀ ਨਹੀਂ, ਸਗੋਂ ਭਾਰਤ ਦੀ ਸਭਿਆਚਾਰਕ ਅਤੇ ਰਣਨੀਤਿਕ ਤਾਕਤ ਦਾ ਵੀ ਅਹਿਮ ਹਿੱਸਾ ਹਨ। ਇਸ ਵਿੱਚ ਸਿੱਖ ਭਾਈਚਾਰੇ ਦੀ ਭੂਮਿਕਾ ਵਿਸ਼ੇਸ਼ ਹੈ। ਵਿਸ਼ਵ ਦੇ ਲਗਭਗ ਹਰ ਮਹਾਂਦੀਪ ਵਿੱਚ ਸਿੱਖ ਭਾਈਚਾਰੇ ਨੇ ਆਪਣੀ ਮਿਹਨਤ, ਉਦਾਰਤਾ ਅਤੇ ਸੇਵਾ ਰਾਹੀਂ ਭਾਰਤ ਦੀ ਇੱਕ ਸਕਾਰਾਤਮਿਕ ਅਤੇ ਸਨਮਾਨਯੋਗ ਪਛਾਣ ਬਣਾਈ ਹੈ। ਇਸ ਲਈ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਿੱਖ ਭਾਈਚਾਰੇ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ “ਸਦੀਵੀ ਪੁਲ” ਕਰਾਰ ਦੇਣਾ ਸਿਰਫ਼ ਇੱਕ ਪ੍ਰਤੀਕਾਤਮਿਕ ਟਿੱਪਣੀ ਨਹੀਂ, ਸਗੋਂ ਇੱਕ ਡੂੰਘੀ ਕੂਟਨੀਤਕ ਸਵੀਕਾਰਤਾ ਹੈ।
ਪ੍ਰਧਾਨ ਮੰਤਰੀ ਨੇ ਸਿੱਖ ਜਗਤ ਨਾਲ ਜੁੜੇ ਕਈ ਮਹੱਤਵਪੂਰਨ ਕਦਮਾਂ ਦਾ ਵੀ ਜ਼ਿਕਰ ਕੀਤਾ। ਸ਼੍ਰੀ ਹਰਿਮੰਦਰ ਸਾਹਿਬ ਲਈ ਵਿਦੇਸ਼ੀ ਸੰਗਤ ਵੱਲੋਂ ਭੇਜੇ ਜਾਣ ਵਾਲੇ ਦਸਵੰਧ ਸਬੰਧੀ ਐੱਫ.ਸੀ.ਆਰ.ਏ. ਦੀਆਂ ਅੜਚਨਾਂ ਦਾ ਹੱਲ, ਤਾਲਿਬਾਨ ਦੇ ਕਬਜ਼ੇ ਦੌਰਾਨ ਅਫ਼ਗ਼ਾਨਿਸਤਾਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਪੂਰੇ ਸਰਕਾਰੀ ਸਨਮਾਨ ਨਾਲ ਭਾਰਤ ਲਿਆਉਣਾ, ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ “ਵੀਰ ਬਾਲ ਦਿਵਸ” ਦੀ ਸ਼ੁਰੂਆਤ, ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਅਤੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਰਾਸ਼ਟਰੀ ਸਮਾਗਮ, ਕਰਤਾਰਪੁਰ ਲਾਂਘਾ ਅਤੇ ਸ਼੍ਰੀ ਹੇਮਕੁੰਟ ਸਾਹਿਬ ਰੋਪਵੇਅ ਵਰਗੇ ਉਪਰਾਲੇ ਦਰਸਾਉਂਦੇ ਹਨ ਕਿ ਸਿੱਖ ਵਿਰਾਸਤ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜੇ ਮਾਮਲੇ ਭਾਰਤ ਦੇ ਰਾਸ਼ਟਰੀ ਏਜੰਡੇ ਦਾ ਮਹੱਤਵਪੂਰਨ ਹਿੱਸਾ ਬਣ ਰਹੇ ਹਨ।
ਇਸ ਦੇ ਨਾਲ ਹੀ ਇਹ ਸੰਦੇਸ਼ ਉਨ੍ਹਾਂ ਤੱਤਾਂ ਲਈ ਵੀ ਜਵਾਬ ਹੈ ਜੋ ਭਾਰਤ ਸਰਕਾਰ ਅਤੇ ਸਿੱਖਾਂ ਵਿਚਕਾਰ ਦੂਰੀਆਂ ਅਤੇ ਗ਼ਲਤਫ਼ਹਿਮੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਿੱਖ ਗੁਰੂਆਂ ਅਤੇ ਸਿੱਖ ਵਿਰਾਸਤ ਨੂੰ ਵਿਸ਼ਵ ਮੰਚ ‘ਤੇ ਸਨਮਾਨ ਦੇਣਾ ਇੱਕ ਅਜਿਹਾ ਸਕਾਰਾਤਮਿਕ ਅਤੇ ਭਰੋਸੇਮੰਦ ਪੁਲ ਹੈ, ਜੋ ਸਿੱਖ ਭਾਈਚਾਰੇ ਅਤੇ ਭਾਰਤ ਵਿਚਕਾਰ ਆਪਸੀ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ।
ਆਕਲੈਂਡ ਤੋਂ ਉੱਠੀ ਇਹ ਆਵਾਜ਼ ਕੇਵਲ ਸਿੱਖਾਂ ਦੀ ਪ੍ਰਸ਼ੰਸਾ ਨਹੀਂ ਸੀ; ਇਹ ਸਿੱਖ ਗੁਰੂਆਂ ਦੀ ਮਨੁੱਖਤਾਵਾਦੀ ਵਿਚਾਰਧਾਰਾ ਨੂੰ ਵਿਸ਼ਵ ਰਾਜਨੀਤੀ ਦੇ ਕੇਂਦਰ ਵਿੱਚ ਸਥਾਪਿਤ ਕਰਨ ਦਾ ਸੰਦੇਸ਼ ਸੀ। ਜਦੋਂ ਸੰਸਾਰ ਨਫ਼ਰਤ, ਧਾਰਮਿਕ ਅਸਹਿਣਸ਼ੀਲਤਾ ਅਤੇ ਟਕਰਾਵਾਂ ਨਾਲ ਜੂਝ ਰਿਹਾ ਹੈ, ਉਦੋਂ ਸੇਵਾ, ਸਮਾਨਤਾ ਅਤੇ ਸਰਬੱਤ ਦੇ ਭਲੇ ਦਾ ਸਿੱਖ ਸੰਦੇਸ਼ ਹੋਰ ਵੀ ਪ੍ਰਸੰਗਿਕ ਬਣ ਜਾਂਦਾ ਹੈ। ਨਿਊਜ਼ੀਲੈਂਡ ਦੀ ਧਰਤੀ ਤੋਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਸ ਸੰਦੇਸ਼ ਨੂੰ ਦੁਹਰਾਉਣਾ ਨਾ ਸਿਰਫ਼ ਵਿਸ਼ਵ ਸਿੱਖ ਭਾਈਚਾਰੇ ਦੇ ਸਨਮਾਨ ਦਾ ਪਲ ਸੀ, ਸਗੋਂ ਭਾਰਤ ਦੀ ਬਹੁਵਾਦੀ ਅਤੇ ਰਾਸ਼ਟਰੀ ਪਛਾਣ ਦਾ ਵੀ ਇੱਕ ਪ੍ਰਤੱਖ ਪ੍ਰਗਟਾਵਾ ਸੀ, ਜੋ ਇੱਕ ਮਹੱਤਵਪੂਰਨ ਪਲ ਬਣ ਕੇ ਇਤਿਹਾਸ ਵਿੱਚ ਦਰਜ ਹੋ ਗਿਆ ਹੈ।
