Modi ਸਰਕਾਰ ਨੇ ਪੰਜਾਬ ਦੇ 3 ਸਮਾਰਟ ਸ਼ਹਿਰਾਂ ‘ਤੇ ਖਰਚੇ 4,485 ਕਰੋੜ, 190 ਪ੍ਰੋਜੈਕਟ ਮੁਕੰਮਲ: ਤਰੁਣ ਚੁੱਗ

ਰਾਜ ਸਭਾ ਮੈਂਬਰ ਤਰੁਣ ਚੁੱਗ ਸਮਾਰਟ ਸਿਟੀ ਮਿਸ਼ਨ ਤਹਿਤ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਲਈ 4,485 ਕਰੋੜ ਰੁਪਏ ਅਤੇ 190 ਪ੍ਰੋਜੈਕਟ ਮੁਕੰਮਲ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ।

PM Modi ਨੇ ਪਿਛਲੇ 12 ਸਾਲਾਂ ਵਿੱਚ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਨੂੰ Smart City mission ਤਹਿਤ 4485 ਕਰੋੜ ਰੁਪਏ ਦਿੱਤੇ : ਤਰੁਣ ਚੁੱਗ

Punjab-ਅੰਮ੍ਰਿਤਸਰ ਦੇ 44 ਪ੍ਰੋਜੈਕਟਾਂ ਵਿੱਚ 1911 ਕਰੋੜ, ਜਲੰਧਰ ਦੇ 78 ਪ੍ਰੋਜੈਕਟਾਂ ਵਿੱਚ 1186 ਕਰੋੜ ਅਤੇ ਲੁਧਿਆਣਾ ਦੇ 82 ਪ੍ਰੋਜੈਕਟਾਂ ਵਿੱਚ 1388 ਕਰੋੜ ਦੇ ਕੰਮ

ਪੰਜਾਬ ਦੇ ਤਿੰਨਾਂ ਸਮਾਰਟ ਸ਼ਹਿਰਾਂ ਵਿੱਚ 204 ਵਿੱਚੋਂ 190 ਪ੍ਰੋਜੈਕਟ ਮੁਕੰਮਲ — ਕੇਂਦਰ ਸਰਕਾਰ ਦੀ ਵਿਕਾਸ ਪ੍ਰਤੀਬੱਧਤਾ ਦਾ ਜਿਉਂਦਾ ਸਬੂਤ

ਕੈਰੋਂ ਮਾਰਕੀਟ ਮਲਟੀ-ਲੈਵਲ ਪਾਰਕਿੰਗ, ਬਰਲਟਨ ਪਾਰਕ ਸਪੋਰਟਸ ਹੱਬ ਅਤੇ ਗੁਰੂ ਨਾਨਕ ਸਟੇਡੀਅਮ ਫਲੱਡ ਲਾਈਟ ਵਰਗੇ ਪ੍ਰੋਜੈਕਟਾਂ ਨੇ ਬਦਲੀ ਸ਼ਹਿਰਾਂ ਦੀ ਤਸਵੀਰ

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਗ ਵੱਲੋਂ ਰਾਜ ਸਭਾ ਵਿੱਚ ਪੁੱਛੇ ਗਏ ਤਾਰਾਂਕਿਤ ਸਵਾਲ ਦੇ ਜਵਾਬ ਵਿੱਚ ਆਵਾਸਨ ਅਤੇ ਸ਼ਹਿਰੀ ਕਾਰਜ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ — ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ — ਨੂੰ ਸਮਾਰਟ ਸਿਟੀ ਮਿਸ਼ਨ ਤਹਿਤ ਕੁੱਲ 4485 ਕਰੋੜ ਰੁਪਏ ਦੇ 204 ਪ੍ਰੋਜੈਕਟ ਦਿੱਤੇ। ਸ਼੍ਰੀ ਚੁੱਗ ਨੇ ਕਿਹਾ ਕਿ ਇਹ ਅੰਕੜਾ ਇਸ ਗੱਲ ਦਾ ਸਬੂਤ ਹੈ ਕਿ ਪਿਛਲੇ 12 ਸਾਲਾਂ ਵਿੱਚ ਮੋਦੀ ਸਰਕਾਰ ਨੇ ਪੰਜਾਬ ਦੇ ਸ਼ਹਿਰੀ ਵਿਕਾਸ ਨੂੰ ਆਪਣੀ ਪਹਿਲ ਵਿੱਚ ਸਭ ਤੋਂ ਉੱਪਰ ਰੱਖਿਆ ਅਤੇ ਸੂਬੇ ਦੇ ਸ਼ਹਿਰਾਂ ਨੂੰ ਆਧੁਨਿਕ, ਸਹੂਲਤ-ਸੰਪੰਨ ਅਤੇ ਭਵਿੱਖ ਲਈ ਤਿਆਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ।

ਸ਼੍ਰੀ ਚੁੱਗ ਨੇ ਸ਼ਹਿਰ-ਵਾਰ ਵੇਰਵਾ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿੱਚ 44 ਪ੍ਰੋਜੈਕਟਾਂ ਉੱਤੇ 1911 ਕਰੋੜ ਰੁਪਏ, ਜਲੰਧਰ ਵਿੱਚ 78 ਪ੍ਰੋਜੈਕਟਾਂ ਉੱਤੇ 1186 ਕਰੋੜ ਰੁਪਏ ਅਤੇ ਲੁਧਿਆਣਾ ਵਿੱਚ 82 ਪ੍ਰੋਜੈਕਟਾਂ ਉੱਤੇ 1388 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਕਿਸੇ ਇੱਕ ਖੇਤਰ ਤੱਕ ਸੀਮਿਤ ਨਹੀਂ, ਸਗੋਂ ਪਾਰਕਿੰਗ, ਖੇਡ ਢਾਂਚਾ, ਠੋਸ ਕੂੜਾ ਪ੍ਰਬੰਧਨ, ਪਾਣੀ ਸਪਲਾਈ, ਹਰਿਆਲੀ ਵਿਕਾਸ ਅਤੇ ਸ਼ਹਿਰੀ ਸਹੂਲਤਾਂ ਵਰਗੇ ਹਰ ਉਸ ਪਹਿਲੂ ਨੂੰ ਛੂੰਹਦੀ ਹੈ ਜੋ ਆਮ ਨਾਗਰਿਕ ਦੀ ਰੋਜ਼ਾਨਾ ਜ਼ਿੰਦਗੀ ਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ।

 

 

ਰਾਸ਼ਟਰੀ ਮਹਾਮੰਤਰੀ ਨੇ ਕਿਹਾ ਕਿ ਮੰਤਰਾਲੇ ਦੇ ਜਵਾਬ ਅਨੁਸਾਰ 31 ਮਾਰਚ 2026 ਤੱਕ ਪੰਜਾਬ ਦੇ ਇਨ੍ਹਾਂ ਤਿੰਨਾਂ ਸ਼ਹਿਰਾਂ ਵਿੱਚ 204 ਵਿੱਚੋਂ 190 ਪ੍ਰੋਜੈਕਟ, ਯਾਨੀ ਕੁੱਲ ਪ੍ਰੋਜੈਕਟਾਂ ਦੇ 93 ਫ਼ੀਸਦੀ, 4148 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋ ਚੁੱਕੇ ਹਨ। ਸ਼੍ਰੀ ਚੁੱਗ ਨੇ ਕਿਹਾ ਕਿ 93 ਫ਼ੀਸਦੀ ਦੀ ਇਹ ਮੁਕੰਮਲਤਾ ਦਰ ਸਿਰਫ਼ ਇੱਕ ਅੰਕੜਾ ਨਹੀਂ, ਸਗੋਂ ਮੋਦੀ ਸਰਕਾਰ ਦੀ ਉਸ ਕਾਰਜ-ਸੰਸਕ੍ਰਿਤੀ ਦਾ ਸਬੂਤ ਹੈ ਜਿਸ ਵਿੱਚ ਐਲਾਨ ਫ਼ਾਈਲਾਂ ਵਿੱਚ ਨਹੀਂ, ਸਗੋਂ ਜ਼ਮੀਨ ਉੱਤੇ ਉੱਤਰਦੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਦਾ ਅਸਲ ਲਾਭ ਮਿਲਦਾ ਹੈ।

ਸ਼੍ਰੀ ਚੁੱਗ ਨੇ ਪ੍ਰਮੁੱਖ ਪ੍ਰੋਜੈਕਟਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਕੈਰੋਂ ਮਾਰਕੀਟ ਵਿਖੇ ਸਵੈਚਾਲਿਤ ਮਲਟੀ-ਲੈਵਲ ਕਾਰ ਪਾਰਕਿੰਗ, ਜਲੰਧਰ ਵਿੱਚ ਬਰਲਟਨ ਪਾਰਕ ਸਪੋਰਟਸ ਹੱਬ ਅਤੇ ਸ਼ਹਿਰ-ਪੱਧਰੀ ਠੋਸ ਕੂੜਾ ਪ੍ਰਬੰਧਨ ਪ੍ਰੋਜੈਕਟ, ਅਤੇ ਲੁਧਿਆਣਾ ਵਿੱਚ ਗੁਰੂ ਨਾਨਕ ਸਟੇਡੀਅਮ ਦੀ ਅਤਿ-ਆਧੁਨਿਕ ਫਲੱਡ ਲਾਈਟ ਪ੍ਰਣਾਲੀ, ਜਮਾਲਪੁਰ ਡੰਪ ਉੱਤੇ ਪੁਰਾਣੇ ਕੂੜੇ ਦਾ ਜੈਵਿਕ-ਉਪਚਾਰ ਅਤੇ ਨਹਿਰੂ ਰੋਜ਼ ਗਾਰਡਨ ਦਾ ਬਾਗ਼ਬਾਨੀ ਵਿਕਾਸ ਵਰਗੇ ਪ੍ਰੋਜੈਕਟਾਂ ਨੇ ਇਨ੍ਹਾਂ ਸ਼ਹਿਰਾਂ ਦੀ ਤਸਵੀਰ ਬਦਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਖੇਡ, ਸਵੱਛਤਾ, ਆਵਾਜਾਈ ਅਤੇ ਵਾਤਾਵਰਨ — ਹਰ ਮੋਰਚੇ ਉੱਤੇ ਪੰਜਾਬ ਦੇ ਸ਼ਹਿਰਾਂ ਨੂੰ ਨਵੀਂ ਪਛਾਣ ਦੇ ਰਹੇ ਹਨ।

ਸ਼੍ਰੀ ਚੁੱਗ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਪੰਜਾਬ ਦੇ ਸ਼ਹਿਰਾਂ ਵਿੱਚ ਹਜ਼ਾਰਾਂ ਕਰੋੜ ਦੇ ਪ੍ਰੋਜੈਕਟ ਮੁਕੰਮਲ ਕਰ ਰਹੀ ਹੈ, ਉੱਥੇ ਲੋਕ ਇਹ ਵੀ ਦੇਖ ਰਹੇ ਹਨ ਕਿ ਇਨ੍ਹਾਂ ਵਿਕਾਸ ਕਾਰਜਾਂ ਨੂੰ ਜ਼ਮੀਨ ਉੱਤੇ ਉਤਾਰਨ ਲਈ ਸਥਾਨਕ ਪੱਧਰ ਉੱਤੇ ਸਹਿਯੋਗ ਅਤੇ ਇੱਛਾ-ਸ਼ਕਤੀ ਦੀ ਕਿੰਨੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਾਧਨ, ਸੰਕਲਪ ਅਤੇ ਢਾਂਚਾ — ਤਿੰਨੇ ਮੁਹੱਈਆ ਕਰਵਾਏ, ਅਤੇ ਅੱਜ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਦੇ ਨਾਗਰਿਕ ਇਨ੍ਹਾਂ ਆਧੁਨਿਕ ਸਹੂਲਤਾਂ ਦਾ ਸਿੱਧਾ ਲਾਭ ਉਠਾ ਰਹੇ ਹਨ।

ਸ਼੍ਰੀ ਚੁੱਗ ਨੇ ਅੰਤ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਪ੍ਰਤੀ ਸਮਰਪਣ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਸ਼ਹਿਰ, ਹਰ ਨਾਗਰਿਕ ਅਤੇ ਹਰ ਪਰਿਵਾਰ ਤੱਕ ਵਿਕਾਸ ਪਹੁੰਚਾਉਣਾ ਭਾਜਪਾ ਅਤੇ ਮੋਦੀ ਸਰਕਾਰ ਦਾ ਸੰਕਲਪ ਹੈ, ਅਤੇ ਇਹ ਕੰਮ ਆਉਣ ਵਾਲੇ ਸਾਲਾਂ ਵਿੱਚ ਹੋਰ ਤੇਜ਼ ਰਫ਼ਤਾਰ ਨਾਲ ਅੱਗੇ ਵਧੇਗਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕੇਂਦਰ ਦੇ ਇਸੇ ਮਜ਼ਬੂਤ ਸਹਿਯੋਗ ਨਾਲ ਪੰਜਾਬ ਛੇਤੀ ਹੀ ਦੇਸ਼ ਦੇ ਮੋਹਰੀ ਵਿਕਸਿਤ ਸੂਬਿਆਂ ਦੀ ਕਤਾਰ ਵਿੱਚ ਖੜ੍ਹਾ ਹੋਵੇਗਾ।

Leave a Reply

Your email address will not be published. Required fields are marked *