“ਸੋਨੇ ‘ਤੇ 15 ਫੀਸਦੀ ਡਿਊਟੀ ਛੋਟੇ ਵਪਾਰੀਆਂ ਲਈ ਵੱਡਾ ਝਟਕਾ” —OP Soni
ਸਵਰਨਕਾਰ ਸੰਗ ਜਿਲ੍ਹਾ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਸਰਾਫਾ ਐਸੋਸੀਏਸ਼ਨ ਗੁਰੂ ਬਾਜ਼ਾਰ ਵੱਲੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਸਾਹਮਣੇ ਆਪਣੀਆਂ ਮੰਗਾਂ ਰੱਖੀਆਂ ਗਈਆਂ। ਇਸ ਮੌਕੇ ਵਪਾਰੀਆਂ ਅਤੇ ਕਰੀਗਰਾਂ ਨੇ ਸੋਨੇ ਉੱਤੇ ਡਿਊਟੀ 6 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਨ ਦੇ ਫ਼ੈਸਲੇ ‘ਤੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਸਵਰਨਕਾਰ ਭਾਈਚਾਰੇ ਅਤੇ ਛੋਟੇ ਕਰੀਗਰਾਂ ‘ਤੇ ਭਾਰੀ ਅਸਰ ਪਵੇਗਾ।

ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਸਮੇਤ ਬਾਹਰੀ ਸੂਬਿਆਂ ਤੋਂ ਆਏ ਹਜ਼ਾਰਾਂ ਕਰੀਗਰ ਇਸ ਕੰਮ ਨਾਲ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਰਹੇ ਹਨ। ਜੇਕਰ ਸੋਨੇ ਦੀ ਖਰੀਦ ਘਟਦੀ ਹੈ ਤਾਂ ਇਨ੍ਹਾਂ ਦੇ ਘਰਾਂ ਦੀ ਰੋਜ਼ੀ-ਰੋਟੀ ‘ਤੇ ਵੱਡਾ ਸੰਕਟ ਖੜ੍ਹਾ ਹੋ ਜਾਵੇਗਾ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਦੇ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਵਾਲੇ ਬਿਆਨ ‘ਤੇ ਵੀ ਵਪਾਰੀਆਂ ਨੇ ਨਾਰਾਜ਼ਗੀ ਜਤਾਈ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨਾਂ ਨਾਲ ਕਾਰੋਬਾਰ ‘ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ।
ਇਸ ਮੌਕੇ ਤੇ ਸੋਨੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਹ ਫ਼ੈਸਲੇ ਸਿੱਧੇ ਤੌਰ ‘ਤੇ ਛੋਟੇ ਵਪਾਰੀਆਂ, ਦਿਹਾੜੀਦਾਰ ਕਰੀਗਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਆਮ ਲੋਕਾਂ ਅਤੇ ਕਾਰੋਬਾਰੀ ਵਰਗ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਸ੍ਰੀ ਸੋਨੀ ਨੇ ਕਿਹਾ ਕਿ ਅੰਮ੍ਰਿਤਸਰ ਦਾ ਸਰਾਫਾ ਕਾਰੋਬਾਰ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਸਾਧਨ ਹੈ ਅਤੇ ਇਸ ਉੱਤੇ ਮਾਰੂ ਨੀਤੀਆਂ ਲਾਗੂ ਕਰਨਾ ਠੀਕ ਨਹੀਂ।
ਸਾਬਕਾ ਉਪ ਮੁੱਖ ਮੰਤਰੀ ਸੋਨੀ ਨੇ ਭਰੋਸਾ ਦਿਵਾਇਆ ਕਿ ਉਹ ਸਵਰਨਕਾਰ ਭਾਈਚਾਰੇ ਦੀਆਂ ਮੰਗਾਂ ਨੂੰ ਕੇਂਦਰ ਅਤੇ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਛੋਟੇ ਵਪਾਰੀਆਂ, ਦੁਕਾਨਦਾਰਾਂ ਅਤੇ ਕਰੀਗਰ ਵਰਗ ਦੇ ਨਾਲ ਖੜੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਦੀ ਆਵਾਜ਼ ਬੁਲੰਦ ਕੀਤੀ ਜਾਂਦੀ ਰਹੇਗੀ।
ਇਸ ਮੌਕੇ ਸੋਨੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸੋਨੇ ਉੱਤੇ ਵਧਾਈ ਗਈ ਡਿਊਟੀ ਬਾਰੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਸਿਰਫ਼ ਵਪਾਰ ਹੀ ਨਹੀਂ ਸਗੋਂ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਕਰੀਗਰ ਪਹਿਲਾਂ ਹੀ ਮਹਿੰਗਾਈ ਅਤੇ ਘੱਟਦੇ ਕੰਮ ਕਾਰਨ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਅਜਿਹੇ ਵਿੱਚ ਇਸ ਤਰ੍ਹਾਂ ਦੇ ਫ਼ੈਸਲੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾਉਣ ਵਾਲੇ ਹਨ। ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਨੂੰ ਵਪਾਰੀਆਂ ਅਤੇ ਕਰੀਗਰਾਂ ਨਾਲ ਬੈਠਕ ਕਰਕੇ ਉਨ੍ਹਾਂ ਦੀ ਰਾਇ ਸੁਣਨੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਵਰਗ ਨਾਲ ਅਨਿਆਇ ਨਾ ਹੋਵੇ।
