Punjab-ਕ੍ਰਿਕਟ ਇਤਿਹਾਸ ਵਿੱਚ ਨਵਾਂ ਕੀਰਤੀਮਾਨ, ਇੱਕ ਪਾਰੀ ਵਿੱਚ ਬਣੀਆਂ 534 ਦੌੜਾਂ
ਪੰਜਾਬ ਸਟੇਟ ਸੀਨੀਅਰ ਕ੍ਰਿਕਟ ਟੂਰਨਾਮੈਂਟ ਤਹਿਤ ਅੱਜ ਏ.ਜੀ.ਏ. ਗਾਂਧੀ ਗਰਾਊਂਡ ਵਿਖੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੀਆਂ ਟੀਮਾਂ ਵਿਚਾਲੇ ਇੱਕ ਰੋਜ਼ਾ ਕ੍ਰਿਕਟ ਮੈਚ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਰਨ ਤਾਰਨ ਨੂੰ 220 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ।
ਇਸ ਮੈਚ ਦੌਰਾਨ ਅੰਮ੍ਰਿਤਸਰ ਦੇ ਉਭਰਦੇ ਸਿਤਾਰੇ ਅਤੇ ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਆਪਣੇ ਘਰੇਲੂ ਮੈਦਾਨ ‘ਤੇ ਖੇਡਦਿਆਂ ਸਿਰਫ਼ 91 ਗੇਂਦਾਂ ਵਿੱਚ ਤੂਫ਼ਾਨੀ 233 ਦੌੜਾਂ ਬਣਾਈਆਂ। ਆਪਣੀ ਇਸ ਯਾਦਗਾਰ ਪਾਰੀ ਦੌਰਾਨ ਉਨ੍ਹਾਂ ਨੇ 25 ਛੱਕੇ ਅਤੇ 15 ਚੌਕੇ ਜੜੇ। ਟੀਮ ਦੇ ਕਪਤਾਨ ਅਭਿਨਵ ਸ਼ਰਮਾ ਨੇ 51 ਦੌੜਾਂ ਅਤੇ ਅਭੈ ਚੌਧਰੀ ਨੇ ਸ਼ਾਨਦਾਰ 93 ਦੌੜਾਂ ਦਾ ਯੋਗਦਾਨ ਪਾਇਆ।

ਇਸ ਮੌਕੇ ਏ.ਜੀ.ਏ. ਗਾਂਧੀ ਗਰਾਊਂਡ, ਅੰਮ੍ਰਿਤਸਰ ਦੇ ਸਕੱਤਰ ਸਾਗਰ ਮਹਿਰਾ ਨੇ ਅੰਮ੍ਰਿਤਸਰ ਦੀ ਟੀਮ ਅਤੇ ਅਭਿਸ਼ੇਕ ਸ਼ਰਮਾ ਨੂੰ ਇਸ ਇਤਿਹਾਸਕ ਪ੍ਰਦਰਸ਼ਨ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਸਿਰਫ਼ ਅੰਮ੍ਰਿਤਸਰ ਹੀ ਨਹੀਂ, ਸਗੋਂ ਪੂਰੇ ਵਿਸ਼ਵ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਭਿਸ਼ੇਕ ਸ਼ਰਮਾ ਆਪਣੇ ਘਰੇਲੂ ਮੈਦਾਨ ‘ਤੇ ਆਏ, ਆਪਣੇ ਪੁਰਾਣੇ ਸਾਥੀਆਂ ਨਾਲ ਖੇਡੇ ਅਤੇ ਟੀਮ ਲਈ ਵੱਡਾ ਯੋਗਦਾਨ ਪਾਉਂਦਿਆਂ ਅਜਿਹਾ ਕੀਰਤੀਮਾਨ ਸਥਾਪਤ ਕੀਤਾ, ਜੋ ਆਪਣੇ ਆਪ ਵਿੱਚ ਵਿਸ਼ਵ ਪੱਧਰੀ ਰਿਕਾਰਡ ਹੈ।
ਇਸ ਦੌਰਾਨ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵੀ ਸੌਰਭ ਸੇਠ, ਜੋ ਮੈਚ ਦਾ ਆਨੰਦ ਮਾਣਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ, ਨੇ ਵੀ ਅੰਮ੍ਰਿਤਸਰ ਦੀ ਟੀਮ ਅਤੇ ਅਭਿਸ਼ੇਕ ਸ਼ਰਮਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ।
