ਇਕ ਪਾਸੇ ਦੁਨੀਆ ਦੇ ਦੋ ਵੱਡੇ ਦੇਸ਼ਾਂ ਵਿਚਕਾਰ ਭਿਆਨਕ ਜੰਗ ਚੱਲ ਰਹੀ ਹੈ ਤੇ ਹੁਣ ਦੂਸਰੇ ਪਾਸੇ ਈਰਾਨ ਨੇ ਪਾਕਿਸਤਾਨ ‘ਤੇ ਜ਼ਬਰਦਸਤ ਹਮਲਾ ਕੀਤਾ ਹੈ। ਈਰਾਨ ਨੇ ਅਤਿਵਾਦੀ ਸੰਗਠਨ ਜੈਸ਼ ਅਲ-ਅਦਲ ਦੇ ਟਿਕਾਣਿਆਂ ਨੂੰ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਨਿਸ਼ਾਨਾ ਬਣਾਇਆ ਹੈ। ਈਰਾਨ ਦੇ ਹਮਲੇ ਤੋਂ ਪਾਕਿਸਤਾਨ ਨਾਰਾਜ਼ ਹੈ, ਪਾਕਿਸਤਾਨ ਨੇ ਈਰਾਨ ਨੂੰ ਗੰਭੀਰ ਨਤੀਜਿਆਂ ਦੀ ਚਿਤਾਵਨੀ ਦਿੱਤੀ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਹਵਾਈ ਖੇਤਰ ਦੀ ਉਲੰਘਣਾ ਦੀ ਸਖ਼ਤ ਨਿੰਦਾ ਕੀਤੀ ਹੈ। ਮੰਤਰਾਲੇ ਨੇ ਕਿਹਾ ਹੈ ਕਿ ਇਹ ਹਮਲਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਤੇ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਜੈਸ਼ ਅਲ ਅਦਲ ਨੇ ਇਹ ਵੀ ਕਿਹਾ ਹੈ ਕਿ ਇਹ ਹਮਲਾ ਕਈ ਮਿਜ਼ਾਈਲਾਂ ਨਾਲ ਕੀਤਾ ਗਿਆ ਸੀ ਤੇ ਵਿਦੇਸ਼ ਮੰਤਰਾਲੇ ਨੇ ਈਰਾਨੀ ਅਧਿਕਾਰੀ ਨੂੰ ਵੀ ਤਲਬ ਕੀਤਾ ਹੈ।
ਇਸ ਤੋਂ ਇਲਾਵਾ ਪਾਕਿਸਤਾਨ ਨੇ ਹਮੇਸ਼ਾ ਕਿਹਾ ਹੈ ਕਿ ਅੱਤਵਾਦ ਸਾਰੇ ਦੇਸ਼ਾਂ ਲਈ ਸਾਂਝਾ ਖ਼ਤਰਾ ਹੈ ਜਿਸ ‘ਤੇ ਕਾਰਵਾਈ ਦੀ ਲੋੜ ਹੈ। ਮੰਤਰਾਲੇ ਨੇ ਕਿਹਾ ਕਿ ਅਜਿਹੀਆਂ ਇਕਤਰਫਾ ਕਾਰਵਾਈਆਂ ਚੰਗੇ ਗੁਆਂਢੀ ਸਬੰਧਾਂ ਦੇ ਅਨੁਕੂਲ ਨਹੀਂ ਹਨ ਤੇ ਦੁਵੱਲੇ ਵਿਸ਼ਵਾਸ ਨੂੰ ਗੰਭੀਰਤਾ ਨਾਲ ਕਮਜ਼ੋਰ ਕਰ ਸਕਦੀਆਂ ਹਨ।
ਈਰਾਨ ਦੇ ਹਵਾਈ ਹਮਲੇ ਨੇ ਪਾਕਿਸਤਾਨ ਵਿੱਚ ਭਾਰੀ ਤਬਾਹੀ ਮਚਾਈ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਹਮਲੇ ‘ਚ 2 ਬੱਚਿਆਂ ਦੀ ਮੌਤ ਹੋ ਗਈ ਤੇ 6 ਲੋਕ ਜ਼ਖ਼ਮੀ ਹੋਏ ਹਨ। ਇਸ ਹਮਲੇ ‘ਚ 11 ਪੁਲਿਸ ਮੁਲਾਜ਼ਮ ਵੀ ਮਾਰੇ ਗਏ ਸਨ। ਇਸ ਤੋਂ ਇਲਾਵਾ ਦੋ ਘਰ ਵੀ ਤਬਾਹ ਹੋ ਗਏ ਹਨ।