ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਕਿੰਨੇ ਹੀ ਅਧਿਆਪਕਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ ਤੇ ਹੁਣ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨੇ ਭੁਗਤਾਨ ਕੀਤੀ ਤਨਖਾਹ ਦੀ ਵਸੂਲੀ ਕਰਨ ਦੇ ਹੁਕਮ ਵੀ ਜਾਰੀ ਕੀਤੇ ਹੋਏ ਹਨ। ਹੁਣ, ਬਿਹਾਰ ਤੋਂ ਵੀ ਅਜਿਹੀਆਂ ਹੀ ਖ਼ਬਰਾਂ ਆ ਰਹੀਆਂ ਹਨ।
ਬਿਹਾਰ ਸਿੱਖਿਆ ਵਿਭਾਗ 576 ਅਧਿਆਪਕਾਂ ਨੂੰ ਬਰਖਾਸਤ ਕਰਨ ਦੀ ਕਾਰਵਾਈ ਕਰ ਸਕਦਾ ਹੈ। ਦਰਅਸਲ, ਇਹ ਸਾਰੇ ਅਧਿਆਪਕ ਕਈ ਮਹੀਨਿਆਂ ਤੋਂ ਸਕੂਲ ਨਹੀਂ ਆ ਰਹੇ ਹਨ। ਅਜਿਹੇ ‘ਚ ਇਨ੍ਹਾਂ ਸਾਰੇ ਅਧਿਆਪਕਾਂ ਨੂੰ ਬਰਖਾਸਤ ਕਰਨ ਦੀ ਤਿਆਰੀ ਹੈ।
ਦਰਅਸਲ, ਬਿਹਾਰ ਦੇ ਸਿੱਖਿਆ ਵਿਭਾਗ ਦੇ ਨਿਗਰਾਨੀ ਸੈੱਲ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਅਨੁਸਾਰ ਸੂਬੇ ਭਰ ਦੇ ਵੱਖ-ਵੱਖ ਸਕੂਲਾਂ ਵਿੱਚ ਤਾਇਨਾਤ 576 ਅਧਿਆਪਕ ਕਈ ਮਹੀਨਿਆਂ ਤੋਂ ਸਕੂਲਾਂ ਵਿੱਚੋਂ ਗਾਇਬ ਹਨ ਮਤਲਬ ਕਿ ਉਹ ਸਕੂਲ ਬਿਲਕੁਲ ਨਹੀਂ ਆ ਰਹੇ ਹਨ। ਅਧਿਆਪਕਾਂ ਦੀ ਗੈਰ-ਹਾਜ਼ਰ ਰਹਿਣ ਕਾਰਨ ਜਿੱਥੇ ਇੱਕ ਪਾਸੇ ਪੜ੍ਹਾਈ ਵਿੱਚ ਵਿਘਨ ਪੈਣ ਕਾਰਨ ਵਿਦਿਆਰਥੀਆਂ ਦਾ ਭਵਿੱਖ ਵੀ ਪ੍ਰਭਾਵਿਤ ਹੋ ਰਿਹਾ ਹੈ, ਉਥੇ ਦੂਜੇ ਪਾਸੇ ਸਰਕਾਰ ਨੂੰ ਵੀ ਆਰਥਿਕ ਨੁਕਸਾਨ ਹੋ ਰਿਹਾ ਹੈ।
ਇਸ ਸਬੰਧੀ ਹੁਣ ਸਰਕਾਰ ਨੇ ਵੀ ਗੈਰ ਹਾਜ਼ਰ ਅਧਿਆਪਕਾਂ ਖਿਲਾਫ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਇਨ੍ਹਾਂ ਸਾਰੇ ਅਧਿਆਪਕਾਂ ਖ਼ਿਲਾਫ਼ ਮੁਅੱਤਲੀ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਤਨਖਾਹਾਂ ਰੋਕਣ ਲਈ ਵੀ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪਟਨਾ ਜ਼ਿਲ੍ਹੇ ਵਿੱਚ ਵੀ 53 ਅਧਿਆਪਕਾਂ ਦਾ ਕੋਈ ਪਤਾ ਨਹੀਂ ਹੈ ਤੇ ਉਨ੍ਹਾਂ ਖਿਲਾਫ ਵੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ।