ਜਥੇਦਾਰ ਕਾਉਂਕੇ ਮਾਮਲੇ ’ਚ ਸੁਖਬੀਰ ਬਾਦਲ ਆਪਣੀ ਸਥਿਤੀ ਸਪਸ਼ਟ ਕਰੇ

ਸਿੱਖ ਚਿੰਤਕ ਅਤੇ ਭਾਜਪਾ ਦੇ ਮੀਡੀਆ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਮਾਮਲੇ ’ਚ ਆਈ. ਪੀ. ਐੱਸ. ਬੀ ਪੀ ਤਿਵਾੜੀ ਵੱਲੋਂ ਸੌਂਪੀ ਗਈ ਜਾਂਚ ਰਿਪੋਰਟ ਨੂੰ 24 ਸਾਲ ਤੱਕ ਅਤੇ ਬਾਦਲ ਪਰਿਵਾਰ ਦੀ ਅਗਵਾਈ ’ਚ ਬਣੀਆਂ ਕਾਲੀ ਦਲ ਦੀਆਂ ਤਿੰਨ ਵਾਰ ਦੀਆਂ ’ਪੰਥਕ’ ਸਰਕਾਰਾਂ ਦੇ ਕਾਰਜਕਾਲ ਦੌਰਾਨ ਵੀ ਦਬਾਈ ਰੱਖੀ। ਫ਼ਖਰ ਏ ਕੌਮ ਦੀ ਅਗਵਾਈ ਦੀਆਂ ’ਪੰਥਕ ਸਰਕਾਰਾਂ’ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਕ ਜਥੇਦਾਰ ਨੂੰ ਇਨਸਾਫ਼ ਦੇਣਾ ਜ਼ਰੂਰੀ ਨਹੀਂ ਸਮਝਿਆ। ਇਸ ਮਾਮਲੇ ’ਚ ਸੁਖਬੀਰ ਬਾਦਲ ਆਪਣੀ ਸਥਿਤੀ ਸਪਸ਼ਟ ਕਰੇ।

ਪ੍ਰੋ. ਸਰਚਾਂਦ ਸਿੰਘ ਨੇ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ’ਚ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ 25 ਸਾਲਾਂ ਤੱਕ ਭਾਈ ਕਾਉਂਕੇ ਦੀ ਰਿਪੋਰਟ ‘ਤੇ ਧੂੜ ਚੜ੍ਹਦੀ ਰਹੀ, ਕਿਸੇ ਨੇ ਵੀ ਫਾਈਲਾਂ ਨੂੰ ਝਾੜ ਕੇ ਨਹੀਂ ਦੇਖਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੁਖਬੀਰ ਬਾਦਲ ਤੋਂ ਜਵਾਬਤਲਬੀ ਕਰਨ ਦੀ ਅਪੀਲ ਕੀਤੀ। ਇਸ ਮਾਮਲੇ ’ਚ ਕਨੂੰਨੀ ਕਾਰਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਨੂੰਨੀ ਮਾਹਰਾਂ ਦੀ ਕਮੇਟੀ ਦਾ ਸਵਾਗਤ ਕੀਤਾ, ਪਰ ਕਮੇਟੀ ਨੂੰ ਤਿੰਨ ਦਹਾਕਿਆਂ ਤੱਕ ਜਾਂਚ ਰਿਪੋਰਟ ਨੂੰ ਦਬਾਈ ਰੱਖਣ ਪ੍ਰਤੀ ਨਿਰਪੱਖ ਪੜਤਾਲ ਕਰਦਿਆਂ ਕਸੂਰਵਾਰ ਲੋਕਾਂ ਬਾਰੇ ਸਾਰੀ ਸਚਾਈ ਸੰਗਤ ਸਾਹਮਣੇ ਰੱਖਣ ਦੀ ਵੀ ਅਪੀਲ ਕੀਤੀ।

ਪੰਥ ਲਈ ਇਸ ਤੋਂ ਵੱਧ ਨਮੋਸ਼ੀ ਦੀ ਗਲ ਹੋਰ ਕੀ ਹੋ ਸਕਦੀ ਹੈ ਕਿ ’ਪੰਥਕ’ ਸਰਕਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਕ ਜਥੇਦਾਰ ਦੇ ਕਤਲ ਦਾ ਵੀ ਇਨਸਾਫ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਤਿਵਾੜੀ ਕਮੇਟੀ ਦੀ ਜਾਂਚ ਰਿਪੋਰਟ ਜਨਤਕ ਕਰਨ ਨਾਲ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਵਿਰੁੱਧ ਪੁਖ਼ਤਾ ਕਾਰਵਾਈ ਅਮਲ ਵਿੱਚ ਆਉਣ ਦੀ ਆਸ ਬੱਝੀ ਹੈ।

ਦਸੰਬਰ 1992 ਨੂੰ ਭਾਈ ਕਾਉਂਕੇ ਨੂੰ ਘਰੋਂ ਚੁੱਕ ਕੇ ਕੁਝ ਦਿਨ ਬਾਅਦ ਹਥਿਆਰਾਂ ਦੀ ਬਰਾਮਦੀ ਲਈ ਲੈ ਜਾਂਦਿਆਂ ਫ਼ਰਾਰ ਦਿਖਾ ਦਿੱਤਾ ਗਿਆ। ਦਬਾਅ ਪੈਣ ’ਤੇ ਪੰਜਾਬ ਦੇ ਡੀ.ਜੀ.ਪੀ ਵੱਲੋਂ ਮਿਤੀ 7.6.1998 ਨੂੰ ਸ੍ਰੀ ਬੀ.ਪੀ. ਤਿਵਾੜੀ, ਆਈ.ਪੀ.ਐਸ, ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਸਨ ਅਤੇ ਸ੍ਰੀ ਬੀ.ਪੀ. ਤਿਵਾੜੀ ਵੱਲੋਂ ਆਪਣੀ ਜਾਂਚ ਦੌਰਾਨ ਭਾਈ ਕਾਉਂਕੇ ਨੂੰ ਪੁਲਿਸ ਵੱਲੋਂ ਮਿਤੀ 25.12.1992 ਨੂੰ ਘਰੋਂ ਲੈ ਕੇ ਜਾਣ, ਨਜਾਇਜ਼ ਹਿਰਾਸਤ ਵਿੱਚ ਰੱਖਣ, ਉਹਨਾਂ ਤੇ ਅਣਮਨੁੱਖੀ ਤਸ਼ੱਦਦ ਕਰਨ ਦੇ ਗਵਾਹਾਂ ਦੇ ਬਿਆਨ ਕਲਮਬੰਦ ਕੀਤੇ ਅਤੇ ਉਹਨਾਂ ਦੇ ਕਤਲ ਦੇ ਕੇਸ ਵਿੱਚ ਸ਼ਮੂਲੀਅਤ ਅਤੇ ਪੁਲਿਸ ਹਿਰਾਸਤ ਵਿੱਚ ਭੱਜਣ ਦੀ ਕਹਾਣੀ ਨੂੰ ਗਵਾਹਾਂ ਅਤੇ ਸਬੂਤਾਂ ਦੇ ਅਧਾਰ ਤੇ ਝੂਠਾ ਪਾਇਆ ਅਤੇ ਆਪਣੀ ਮਿਤੀ 27.7.1999 ਦੀ ਰਿਪੋਰਟ ਸੌਂਪਦੇ ਹੋਏ ਮੁਕੱਦਮਾ ਦਰਜ ਕਰਕੇ, ਤਫ਼ਤੀਸ਼ ਕਰਕੇ ਅਦਾਲਤ ਵਿੱਚ ਚਲਾਨ ਦੇਣ ਬਾਰੇ ਲਿਖਿਆ ਪਰ ਉਸ ਵਕਤ ਦੀ ਪੰਥਕ ਸਰਕਾਰ ਅਤੇ ਉਸ ਤੋਂ ਬਾਅਦ ਦੀਆਂ ਸਰਕਾਰਾਂ ਵੱਲੋਂ ਭਾਈ ਕਾਉਂਕੇ ਸਬੰਧੀ ਸ੍ਰੀ ਬੀ.ਪੀ. ਤਿਵਾੜੀ ਦੀ ਜਾਂਚ ਰਿਪੋਰਟ ’ਤੇ ਨਾ ਤਾਂ ਕੋਈ ਕਾਰਵਾਈ ਕੀਤੀ ਸਗੋਂ ਇਸ ਰਿਪੋਰਟ ਨੂੰ ਦਬਾਅ ਦਿੱਤਾ ਗਿਆ।

Leave a Reply

Your email address will not be published. Required fields are marked *