Punjab ਦੀਆਂ ਧੀਆਂ ਨੇ ਸਾਈਕਲਿੰਗ ’ਚ 7 ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜ ਕੇ ਜਿੱਤਿਆ ਸੋਨਾ, ਅੰਮ੍ਰਿਤਸਰ ਦੀਆਂ 2 ਧੀਆਂ ਨੇ ਵੀ ਚਮਕਾਇਆ ਨਾਂ

ਪੰਜਾਬ ਦੀ ਸਬ-ਜੂਨੀਅਰ ਲੜਕੀਆਂ ਦੀ ਸਾਈਕਲਿੰਗ ਟੀਮ ਨੇ ਰਾਂਚੀ ਵਿਖੇ ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਸੱਤ ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜ ਕੇ ਸੋਨ ਤਗਮਾ ਜਿੱਤਿਆ। ਜੇਤੂ ਟੀਮ ਵਿੱਚ ਅੰਮ੍ਰਿਤਸਰ ਦੀਆਂ ਜਪਨੀਤ ਕੌਰ ਅਤੇ ਪਲਕਪ੍ਰੀਤ ਕੌਰ ਵੀ ਸ਼ਾਮਲ ਹਨ।

Punjab ਦੀਆਂ ਸਾਈਕਲਿਸਟ ਧੀਆਂ ਨੇ ਰਚਿਆ ਇਤਿਹਾਸ; ਸੱਤ ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜ ਕੇ ਜਿੱਤਿਆ ਸੋਨ ਤਗਮਾ

ਸਬ-ਜੂਨੀਅਰ ਲੜਕੀਆਂ ਦੇ ਟੀਮ ਸਪ੍ਰਿੰਟ ਮੁਕਾਬਲੇ ਵਿੱਚ ਪੰਜਾਬ ਦੀ ਸ਼ਾਨਦਾਰ ਜਿੱਤ; ਅੰਮ੍ਰਿਤਸਰ ਦੀਆਂ ਜਪਨੀਤ ਕੌਰ ਅਤੇ ਪਲਕਪ੍ਰੀਤ ਕੌਰ ਵੀ ਜੇਤੂ ਟੀਮ ਦਾ ਹਿੱਸਾ

ਖਿਡਾਰਨਾਂ ਨੇ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਵਿਸ਼ੇਸ਼ ਯਤਨਾਂ, ਕੋਚਾਂ ਦੀ ਅਗਵਾਈ ਅਤੇ ਮਾਪਿਆਂ ਦੇ ਸਹਿਯੋਗ ਲਈ ਕੀਤਾ ਧੰਨਵਾਦ

Punjab ਦੀਆਂ ਹੋਣਹਾਰ ਸਾਈਕਲਿਸਟ ਧੀਆਂ ਨੇ ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਸੱਤ ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜਦਿਆਂ ਸੋਨ ਤਗਮਾ ਜਿੱਤ ਕੇ ਸੂਬੇ ਦਾ ਮਾਣ ਵਧਾਇਆ ਹੈ। ਰਾਂਚੀ ਦੇ ਸਾਈਕਲਿੰਗ ਵੈਲੋਡਰੋਮ ਵਿਖੇ ਚੱਲ ਰਹੀ 78ਵੀਂ ਸੀਨੀਅਰ, 55ਵੀਂ ਜੂਨੀਅਰ ਅਤੇ 41ਵੀਂ ਸਬ-ਜੂਨੀਅਰ ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੌਰਾਨ ਪੰਜਾਬ ਦੀ ਸਬ-ਜੂਨੀਅਰ ਲੜਕੀਆਂ ਦੀ ਟੀਮ ਨੇ ਟੀਮ ਸਪ੍ਰਿੰਟ ਮੁਕਾਬਲੇ ਵਿੱਚ 1 ਮਿੰਟ 16 ਸੈਕਿੰਡ ਦਾ ਸਮਾਂ ਦਰਜ ਕਰਦਿਆਂ ਇਹ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਜੇਤੂ ਟੀਮ ਵਿੱਚ ਪ੍ਰੀਤੀ ਸ਼ਾਹ, ਗੁਨਤਾਸ ਸੰਧੂ, ਜਪਨੀਤ ਕੌਰ ਅਤੇ ਪਲਕਪ੍ਰੀਤ ਕੌਰ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਖਿਡਾਰਨਾਂ ਦੀ ਸਖ਼ਤ ਮਿਹਨਤ, ਲਗਾਤਾਰ ਅਭਿਆਸ ਅਤੇ ਆਪਸੀ ਤਾਲਮੇਲ ਨੇ ਪੰਜਾਬ ਨੂੰ ਕੌਮੀ ਪੱਧਰ ’ਤੇ ਇਹ ਸੁਨਹਿਰੀ ਸਫ਼ਲਤਾ ਦਿਵਾਈ ਹੈ।

ਇਸ ਜਿੱਤ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਦੋ ਖਿਡਾਰਨਾਂ ਜਪਨੀਤ ਕੌਰ ਅਤੇ ਪਲਕਪ੍ਰੀਤ ਕੌਰ ਦੀ ਸ਼ਮੂਲੀਅਤ ਨੇ ਜ਼ਿਲ੍ਹੇ ਦੇ ਖੇਡ ਪ੍ਰੇਮੀਆਂ ਦਾ ਮਾਣ ਵੀ ਵਧਾਇਆ ਹੈ। ਜਪਨੀਤ ਕੌਰ, ਪਿਤਾ ਜਗਦੀਪ ਸਿੰਘ ਅਤੇ ਮਾਤਾ ਸੁਖਜਿੰਦਰ ਕੌਰ ਦੀ ਧੀ ਹੈ, ਜਦਕਿ ਪਲਕਪ੍ਰੀਤ ਕੌਰ, ਪਿਤਾ ਬਲਜਿੰਦਰ ਸਿੰਘ ਅਤੇ ਮਾਤਾ ਹਰਪ੍ਰੀਤ ਕੌਰ ਦੀ ਧੀ ਹੈ। ਟੀਮ ਦੀ ਸਾਥੀ ਖਿਡਾਰਨ ਲੁਧਿਆਣਾ ਦੀ ਪ੍ਰੀਤੀ ਸ਼ਾਹ, ਪਿਤਾ ਗਣੇਸ਼ ਸ਼ਾਹ ਅਤੇ ਮਾਤਾ ਰੇਣੂ ਦੇਵੀ ਦੀ ਧੀ ਹੈ, ਜਦਕਿ ਪਟਿਆਲਾ ਦੀ ਗੁਨਤਾਸ ਸੰਧੂ, ਪਿਤਾ ਗੁਰਮੀਤ ਸਿੰਘ ਅਤੇ ਮਾਤਾ ਪੂਨਮਦੀਪ ਕੌਰ ਦੀ ਧੀ ਹੈ।ਕਾਹਲੋਂ ਨੇ ਦੱਸਿਆ ਕਿ ਚੈਂਪੀਅਨਸ਼ਿਪ ਦੀ ਤਿਆਰੀ ਲਈ ਪੰਜਾਬ ਸਾਈਕਲਿੰਗ ਟੀਮ ਦਾ ਸਿਖਲਾਈ ਕੈਂਪ ਲੁਧਿਆਣਾ ਵਿਖੇ ਲਗਾਇਆ ਗਿਆ ਸੀ। ਕੈਂਪ ਦੌਰਾਨ ਖਿਡਾਰਨਾਂ ਨੇ ਕੋਚਾਂ ਦੀ ਨਿਗਰਾਨੀ ਹੇਠ ਸਖ਼ਤ ਅਭਿਆਸ ਕੀਤਾ। ਉਨ੍ਹਾਂ ਕਿਹਾ ਕਿ ਸੱਤ ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜਨਾ ਖਿਡਾਰਨਾਂ ਦੀ ਲਗਨ ਅਤੇ ਯੋਜਨਾਬੱਧ ਤਿਆਰੀ ਦਾ ਨਤੀਜਾ ਹੈ।

ਇਸ ਪ੍ਰਾਪਤੀ ’ਤੇ ਖਿਡਾਰਨਾਂ ਨੇ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਉਨ੍ਹਾਂ ਦੀ ਤਿਆਰੀ ਅਤੇ ਹੌਸਲਾ-ਅਫ਼ਜ਼ਾਈ ਲਈ ਕੀਤੇ ਵਿਸ਼ੇਸ਼ ਯਤਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਪਣੀ ਸਫ਼ਲਤਾ ਵਿੱਚ ਕੋਚਾਂ ਦੀ ਅਗਵਾਈ ਅਤੇ ਮਾਪਿਆਂ ਦੇ ਨਿਰੰਤਰ ਸਹਿਯੋਗ ਨੂੰ ਅਹਿਮ ਦੱਸਿਆ।

 

ਕਾਹਲੋਂ ਨੇ ਪੰਜਾਬ ਸਾਈਕਲਿੰਗ ਟੀਮ ਦੇ ਮੁੱਖ ਕੋਚ ਸਤਵਿੰਦਰ ਸਿੰਘ, ਕੋਚ ਭੁਪਿੰਦਰ ਕੁਮਾਰ, ਕੋਚ ਇਕਵਿੰਦਰ ਸਿੰਘ ਅਤੇ ਮਹਿਲਾ ਕੋਚ ਹਰਪ੍ਰੀਤ ਕੌਰ ਦੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੋਚਾਂ ਵੱਲੋਂ ਦਿੱਤੀ ਸੁਚੱਜੀ ਸਿਖਲਾਈ ਅਤੇ ਖਿਡਾਰਨਾਂ ਵੱਲੋਂ ਕੀਤੇ ਨਿਰੰਤਰ ਅਭਿਆਸ ਸਦਕਾ ਹੀ ਇਹ ਪ੍ਰਾਪਤੀ ਸੰਭਵ ਹੋਈ ਹੈ। ਉਨ੍ਹਾਂ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਅਤੇ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।

ਐਸੋਸੀਏਸ਼ਨ ਦੇ ਖ਼ਜ਼ਾਨਚੀ ਬੀ.ਐੱਸ. ਸੂਦਨ ਅਤੇ ਮੀਤ ਪ੍ਰਧਾਨ ਐੱਸ.ਪੀ. ਸਿੰਘ ਨੇ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵੇਂ ਰਾਸ਼ਟਰੀ ਰਿਕਾਰਡ ਨਾਲ ਸੋਨ ਤਗਮਾ ਜਿੱਤਣਾ ਪੰਜਾਬ ਦੇ ਸਮੁੱਚੇ ਸਾਈਕਲਿੰਗ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਧੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਹੋਰਨਾਂ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਬਣੇਗਾ।

ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਸੀਨੀਅਰ ਮੀਤ ਪ੍ਰਧਾਨ ਓਂਕਾਰ ਸਿੰਘ, ਮੁੱਖ ਸਰਪ੍ਰਸਤ ਦਰਸ਼ਨ ਸਿੰਘ ਧਾਲੀਵਾਲ ਯੂਐੱਸਏ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਚੇਅਰਮੈਨ ਓਂਕਾਰ ਸਿੰਘ, ਜਨਰਲ ਸਕੱਤਰ ਮਨਿੰਦਰਪਾਲ ਸਿੰਘ, ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਅਤੇ ਓਲੰਪੀਅਨ ਗੁਰਜੀਤ ਕੌਰ ਨੇ ਖਿਡਾਰਨਾਂ, ਉਨ੍ਹਾਂ ਦੇ ਮਾਪਿਆਂ, ਕੋਚਾਂ ਅਤੇ ਸਹਿਯੋਗੀ ਟੀਮ ਨੂੰ ਵਧਾਈ ਅਤੇ ਆਉਣ ਵਾਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

Leave a Reply

Your email address will not be published. Required fields are marked *