Reserve Bank Of India- ਕਾਗਜ਼ੀ ਨੋਟ ਰਹਿਣਗੇ ਜਾਰੀ, RBI ਵੱਲੋਂ ਸੀਮਤ ਪੱਧਰ ’ਤੇ ਪਾਲਿਮਰ ਕਰੰਸੀ ਦੀ ਜਾਂਚ ਦੀ ਤਿਆਰੀ
ਭਾਰਤੀ ਕਰੰਸੀ ਵਿੱਚ ਬਦਲਾਅ ਦੀ ਦਿਸ਼ਾ ਵੱਲ ਸਰਕਾਰ ਨੇ ਇੱਕ ਅਹਿਮ ਕਦਮ ਚੁੱਕਿਆ ਹੈ। ₹10 ਅਤੇ ₹20 ਦੇ ਪਾਲਿਮਰ ਨੋਟਾਂ ਨੂੰ ਬਾਜ਼ਾਰ ਵਿੱਚ ਲਿਆਉਣ ਤੋਂ ਪਹਿਲਾਂ ਉਨ੍ਹਾਂ ਦਾ ਸੀਮਤ ਪੱਧਰ ’ਤੇ ਟ੍ਰਾਇਲ ਕਰਨ ਦੇ ਪ੍ਰਸਤਾਵ ਨੂੰ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਮਿਲ ਗਈ ਹੈ।
ਇਸ ਯੋਜਨਾ ਤਹਿਤ ਦੋਵਾਂ ਮੁੱਲਾਂ ਦੇ ਪਾਲਿਮਰ ਨੋਟਾਂ ਦੀ ਵੱਡੀ ਗਿਣਤੀ ਵਿੱਚ ਤਿਆਰੀ ਕੀਤੀ ਜਾਵੇਗੀ। ਇਸ ਸਬੰਧੀ ਵਿੱਤ ਮੰਤਰੀ Nirmala Sitharaman ਨੇ ਰਾਜ ਸਭਾ ਵਿੱਚ ਲਿਖਤੀ ਜਵਾਬ ਰਾਹੀਂ ਸਰਕਾਰ ਦੀ ਸਥਿਤੀ ਸਪੱਸ਼ਟ ਕੀਤੀ।

ਕਾਗਜ਼ੀ ਨੋਟਾਂ ਦੇ ਨਾਲ ਚੱਲਣਗੇ ਪਾਲਿਮਰ ਨੋਟ
ਵਿੱਤ ਮੰਤਰੀ Nirmala Sitharaman ਦੇ ਜਵਾਬ ਮੁਤਾਬਕ, ਜੇ ਪਾਲਿਮਰ ਨੋਟ ਬਾਜ਼ਾਰ ਵਿੱਚ ਲਿਆਂਦੇ ਜਾਂਦੇ ਹਨ ਤਾਂ ਉਹ ਮੌਜੂਦਾ ਕਾਗਜ਼ੀ ਨੋਟਾਂ ਦੀ ਥਾਂ ਤੁਰੰਤ ਨਹੀਂ ਲੈਣਗੇ। ਦੋਵਾਂ ਕਿਸਮਾਂ ਦੇ ਨੋਟ ਇਕੱਠੇ ਚੱਲਣਗੇ।
RBI ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਾਲਿਮਰ ਨੋਟਾਂ ਦੀ ਖਰੀਦ ਅਤੇ ਤਿਆਰੀ ਨਾਲ ਜੁੜੀ ਪ੍ਰਕਿਰਿਆ ਹਾਲੇ ਸ਼ੁਰੂਆਤੀ ਪੜਾਅ ਵਿੱਚ ਹੈ। ਇਸ ਕਾਰਨ ਇਸ ਵੇਲੇ ਇਹ ਨਿਰਧਾਰਤ ਨਹੀਂ ਕੀਤਾ ਗਿਆ ਕਿ ਇਹ ਨੋਟ ਕਦੋਂ ਤੱਕ ਆਮ ਲੋਕਾਂ ਲਈ ਬਾਜ਼ਾਰ ਵਿੱਚ ਉਪਲਬਧ ਹੋਣਗੇ।

ਪਹਿਲਾਂ ਹੋਵੇਗਾ ਸੀਮਤ Trial
RBI ਨੇ ਕੇਂਦਰੀ ਬੋਰਡ ਦੀ ਸਿਫਾਰਸ਼ ਤੋਂ ਬਾਅਦ ਸਰਕਾਰ ਨੂੰ ਪਾਲਿਮਰ ਨੋਟਾਂ ਦੇ Trial ਦਾ ਪ੍ਰਸਤਾਵ ਭੇਜਿਆ ਸੀ। ਯੋਜਨਾ ਮੁਤਾਬਕ ਪਹਿਲੇ ਪੜਾਅ ਵਿੱਚ ਇਨ੍ਹਾਂ ਨੋਟਾਂ ਨੂੰ ਸੀਮਤ ਮਾਤਰਾ ਵਿੱਚ ਜਾਰੀ ਕਰਕੇ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਵਰਤੋਂ ਦਾ ਅਧਿਐਨ ਕੀਤਾ ਜਾਵੇਗਾ।
ਜੇਕਰ ਇਹ ਟ੍ਰਾਇਲ ਸਫਲ ਰਹਿੰਦਾ ਹੈ ਤਾਂ ਭਵਿੱਖ ਵਿੱਚ ₹10 ਅਤੇ ₹20 ਦੇ ਪਾਲਿਮਰ ਨੋਟਾਂ ਨੂੰ ਨਿਯਮਤ ਤੌਰ ’ਤੇ ਜਾਰੀ ਕਰਨ ਬਾਰੇ ਫੈਸਲਾ ਲਿਆ ਜਾ ਸਕਦਾ ਹੈ।
ਕਦੋਂ ਆਉਣਗੇ ਬਾਜ਼ਾਰ ਵਿੱਚ?
ਫਿਲਹਾਲ ਪਾਲਿਮਰ ਨੋਟਾਂ ਦੇ ਬਾਜ਼ਾਰ ਵਿੱਚ ਆਉਣ ਦੀ ਕੋਈ ਨਿਰਧਾਰਤ ਤਾਰੀਖ ਸਾਹਮਣੇ ਨਹੀਂ ਆਈ ਹੈ। ਇਨ੍ਹਾਂ ਦੀ ਖਰੀਦ ਅਤੇ ਉਤਪਾਦਨ ਦੀ ਪ੍ਰਕਿਰਿਆ ਅੱਗੇ ਵਧਣ ਤੋਂ ਬਾਅਦ ਹੀ ਇਸ ਬਾਰੇ ਸਪੱਸ਼ਟ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।
ਅਹਿਮ ਗੱਲ ਇਹ ਹੈ ਕਿ ਮੌਜੂਦਾ ₹10 ਅਤੇ ₹20 ਦੇ ਕਾਗਜ਼ੀ ਨੋਟ ਬੰਦ ਨਹੀਂ ਕੀਤੇ ਜਾ ਰਹੇ। ਪਾਲਿਮਰ ਨੋਟ ਆਉਣ ਦੀ ਸਥਿਤੀ ਵਿੱਚ ਵੀ ਕਾਗਜ਼ੀ ਨੋਟ ਪਹਿਲਾਂ ਵਾਂਗ ਕਾਨੂੰਨੀ ਕਰੰਸੀ ਵਜੋਂ ਚੱਲਦੇ ਰਹਿਣਗੇ।
