RBI ਵੱਲੋਂ ਪਲਾਸਟਿਕ ਦੇ ਨੋਟ ਲਿਆਉਣ ਦੀ ਤਿਆਰੀ: 30 ਸਾਲ ਤੱਕ ਚੱਲਣਗੇ ਨਵੇਂ ਕਰੰਸੀ ਨੋਟ, ਜਾਣੋ ਪੂਰੀ ਗੱਲ
Reserve Bank of India ਭਾਵ RBI ਜਲਦੀ ਹੀ ਦੇਸ਼ ਦੀ ਕਰੰਸੀ ਦੇ ਰੂਪ-ਰੰਗ ‘ਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ। RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਐਲਾਨ ਕੀਤਾ ਹੈ ਕਿ ਕੇਂਦਰੀ ਬੈਂਕ ਪਲਾਸਟਿਕ ਜਾਂ ਪੋਲੀਮਰ ਦੇ ਨੋਟ ਜਾਰੀ ਕਰਨ ਦੀ ਤਿਆਰੀ ਕਰ ਰਿਹਾ ਹੈ। ਜੇਕਰ ਇਹ ਯੋਜਨਾ ਸਫਲ ਰਹੀ ਤਾਂ ਆਉਣ ਵਾਲੇ ਸਮੇਂ ‘ਚ ਤੁਹਾਡੇ ਹੱਥ ‘ਚ ਕਾਗਜ਼ ਦੇ ਨੋਟਾਂ ਦੀ ਜਗ੍ਹਾ ਪਲਾਸਟਿਕ ਦੇ ਨੋਟ ਆ ਸਕਦੇ ਹਨ।
ਪਲਾਸਟਿਕ ਦੇ ਨੋਟ ਕਿਉਂ ਲਿਆਂਦੇ ਜਾ ਰਹੇ ਹਨ
ਪਿਛਲੇ ਕਈ ਸਾਲਾਂ ਤੋਂ RBI ਕਾਗਜ਼ ਦੇ ਨੋਟਾਂ ਦੀ ਉਮਰ ਅਤੇ ਗੁਣਵੱਤਾ ਨੂੰ ਲੈ ਕੇ ਚਿੰਤ ਸੀ। ਆਮ ਵਰਤੋਂ ‘ਚ ਆਉਣ ਕਾਰਨ ਕਾਗਜ਼ ਦੇ ਨੋਟ ਜਲਦੀ ਪੁਰਾਣੇ ਹੋ ਜਾਂਦੇ ਹਨ, ਗੰਦੇ ਹੋ ਜਾਂਦੇ ਹਨ ਅਤੇ ਫਟ ਵੀ ਜਾਂਦੇ ਹਨ। ਇਸ ਕਾਰਨ ਹਰ ਸਾਲ ਕਰੋੜਾਂ ਰੁਪਏ ਦੇ ਨੋਟਾਂ ਨੂੰ ਬਦਲਣਾ ਪੈਂਦਾ ਹੈ। ਇਸ ਨਾਲ ਨਾ ਸਿਰਫ ਸਰਕਾਰੀ ਖਜ਼ਾਨੇ ‘ਤੇ ਬੋਝ ਵਧਦਾ ਹੈ ਸਗੋਂ ਵਾਤਾਵਰਣ ‘ਤੇ ਵੀ ਅਸਰ ਪੈਂਦਾ ਹੈ।ਇਸ ਸਮੱਸਿਆ ਦਾ ਹੱਲ ਕੱਢਣ ਲਈ RBI ਨੇ ਪਲਾਸਟਿਕ ਦੇ ਨੋਟਾਂ ਦਾ ਵਿਕਲਪ ਚੁਣਿਆ ਹੈ। ਟੈਸਟ ਦੇ ਦੌਰਾਨ ਪਤਾ ਲੱਗਾ ਹੈ ਕਿ ਪਲਾਸਟਿਕ ਦੇ ਨੋਟ ਕਾਗਜ਼ ਦੇ ਨੋਟਾਂ ਦੇ ਮੁਕਾਬਲੇ 4 ਤੋਂ 5 ਗੁਣਾ ਜ਼ਿਆਦਾ ਚੱਲਦੇ ਹਨ। ਅਨੁਮਾਨ ਹੈ ਕਿ ਇੱਕ ਪਲਾਸਟਿਕ ਦਾ ਨੋਟ ਲਗਭਗ 30 ਸਾਲ ਤੱਕ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। ਗਵਰਨਰ ਮਲਹੋਤਰਾ ਨੇ ਕਿਹਾ, “ਸਾਡਾ ਉਦੇਸ਼ ਅਜਿਹੀ ਕਰੰਸੀ ਬਣਾਉਣਾ ਹੈ ਜੋ ਲੰਬੇ ਸਮੇਂ ਤੱਕ ਸਾਫ਼-ਸੁਥਰੀ ਰਹੇ, ਆਸਾਨੀ ਨਾਲ ਨਾ ਖਰਾਬ ਹੋਵੇ ਅਤੇ ਜਿਸਦੀ ਛਪਾਈ ਅਤੇ ਬਦਲੀ ‘ਤੇ ਖਰਚਾ ਘੱਟ ਆਵੇ।”
ਕਿਹੋ ਜਿਹੇ ਹੋਣਗੇ ਨਵੇਂ ਨੋਟ
ਪਲਾਸਟਿਕ ਦੇ ਨੋਟ ਪਾਣੀ ਤੋਂ ਪ੍ਰਭਾਵਿਤ ਨਹੀਂ ਹੋਣਗੇ। ਬਾਰਿਸ਼, ਨਮੀ ਜਾਂ ਪਸੀਨੇ ਕਾਰਨ ਇਹ ਖਰਾਬ ਨਹੀਂ ਹੋਣਗੇ। ਇਸ ਦੇ ਨਾਲ ਹੀ ਇਨ੍ਹਾਂ ‘ਤੇ ਜਾਅਲਸਾਜ਼ੀ ਕਰਨਾ ਵੀ ਕਾਫੀ ਮੁਸ਼ਕਲ ਹੋਵੇਗਾ ਕਿਉਂਕਿ ਇਨ੍ਹਾਂ ‘ਚ ਆਧੁਨਿਕ ਸੁਰੱਖਿਆ ਫੀਚਰ ਲਗਾਏ ਜਾਣਗੇ। ਦੁਨੀਆ ਦੇ ਕਈ ਦੇਸ਼ਾਂ ਜਿਵੇਂ ਆਸਟ੍ਰੇਲੀਆ, ਕੈਨੇਡਾ, ਸਿੰਗਾਪੁਰ ਅਤੇ ਬ੍ਰਿਟੇਨ ‘ਚ ਪਹਿਲਾਂ ਹੀ ਪਲਾਸਟਿਕ ਦੇ ਨੋਟ ਚੱਲ ਰਹੇ ਹਨ ਅਤੇ ਉਨ੍ਹਾਂ ਦਾ ਤਜਰਬਾ ਕਾਫੀ ਸਫਲ ਰਿਹਾ ਹੈ। ਉਨ੍ਹਾਂ ਦੇਸ਼ਾਂ ਤੋਂ ਮਿਲੇ ਫੀਡਬੈਕ ਦੇ ਆਧਾਰ ‘ਤੇ ਹੀ RBI ਨੇ ਭਾਰਤ ‘ਚ ਵੀ ਇਹ ਪ੍ਰਣਾਲੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ।ਫਿਲਹਾਲ RBI ਕਿਸ ਮੁੱਲ ਦੇ ਨੋਟ ਪਹਿਲਾਂ ਜਾਰੀ ਕਰੇਗਾ ਇਸ ਬਾਰੇ ਅੰਤਿਮ ਫੈਸਲਾ ਨਹੀਂ ਹੋਇਆ ਹੈ। ਪਰ ਮੰਨਿਆ ਜਾ ਰਿਹਾ ਹੈ ਕਿ 10, 20 ਜਾਂ 50 ਰੁਪਏ ਦੇ ਨੋਟਾਂ ਨਾਲ ਸ਼ੁਰੂਆਤ ਕੀਤੀ ਜਾ ਸਕਦੀ ਹੈ।

ਵਿਆਜ ਦਰਾਂ ਅਤੇ ਮਹਿੰਗਾਈ ‘ਤੇ ਵੀ ਕੀਤੀ ਗੱਲ
ਪਿਛਲੇ ਕੁਝ ਦਿਨਾਂ ਤੋਂ ਬਾਜ਼ਾਰ ‘ਚ ਇਹ ਚਰਚਾ ਸੀ ਕਿ RBI ਵਿਦੇਸ਼ੀ ਮੁਦਰਾ ਦੀ ਅਦਲਾ-ਬਦਲੀ ਵਾਲੀ ਸਕੀਮ ਨੂੰ ਬੰਦ ਕਰ ਸਕਦਾ ਹੈ। ਇਸ ਸਕੀਮ ਤਹਿਤ ਵਿਦੇਸ਼ਾਂ ‘ਚ ਰਹਿੰਦੇ ਭਾਰਤੀ ਆਪਣੀ ਕਮਾਈ ਨੂੰ ਭਾਰਤ ‘ਚ ਆਸਾਨੀ ਨਾਲ ਭੇਜ ਸਕਦੇ ਹਨ। ਇਨ੍ਹਾਂ ਅਟਕਲਾਂ ‘ਤੇ ਵਿਰਾਮ ਲਗਾਉਂਦੇ ਹੋਏ ਗਵਰਨਰ ਨੇ ਸਾਫ਼ ਕਿਹਾ ਕਿ ਅਜਿਹੀ ਕੋਈ ਯੋਜਨਾ ਵਿਚਾਰ ਅਧੀਨ ਨਹੀਂ ਹੈ। ਉਨ੍ਹਾਂ ਕਿਹਾ, “ਇਹ ਸਕੀਮ ਦੇਸ਼ ਲਈ ਵਿਦੇਸ਼ੀ ਮੁਦਰਾ ਲਿਆਉਣ ਦਾ ਇੱਕ ਅਹਿਮ ਸਾਧਨ ਹੈ। ਅਸੀਂ ਇਸਨੂੰ ਜਾਰੀ ਰੱਖਾਂਗੇ ਅਤੇ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਾਂਗੇ।
ਪੇਂਡੂ ਅਰਥਵਿਵਸਥਾ ਅਤੇ ਖੇਤੀ ‘ਤੇ ਫੋਕਸ
ਗਵਰਨਰ ਨੇ ਇਸ ਮੌਕੇ ‘ਤੇ ਇਹ ਵੀ ਕਿਹਾ ਕਿ RBI ਹੁਣ ਪੇਂਡੂ ਖੇਤਰਾਂ ਅਤੇ ਖੇਤੀਬਾੜੀ ਨਾਲ ਜੁੜੀ ਆਰਥਿਕਤਾ ਨੂੰ ਮਜ਼ਬੂਤ ਕਰਨ ‘ਤੇ ਖਾਸ ਧਿਆਨ ਦੇ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਪਿੰਡਾਂ ਦੀ ਆਰਥਿਕਤਾ ਮਜ਼ਬੂਤ ਨਹੀਂ ਹੁੰਦੀ, ਦੇਸ਼ ਦਾ ਸਮੁੱਚਾ ਵਿਕਾਸ ਸੰਭਵ ਨਹੀਂ ਹੈ।ਇਸ ਲਈ ਬੈਂਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਆਸਾਨੀ ਨਾਲ ਕਰਜ਼ਾ ਉਪਲਬਧ ਕਰਵਾਉਣ। ਇਸ ਨਾਲ ਪੇਂਡੂ ਖੇਤਰਾਂ ‘ਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਲੋਕਾਂ ਦੀ ਆਮਦਨ ਵਧੇਗੀ।
ਆਮ ਲੋਕਾਂ ਨੂੰ ਕੀ ਫਾਇਦਾ ਹੋਵੇਗਾ
1. ਟਿਕਾਊ ਨੋਟ: ਪਲਾਸਟਿਕ ਦੇ ਨੋਟ ਜਲਦੀ ਨਹੀਂ ਫਟਣਗੇ। ਜੇਬ ‘ਚ ਪਏ-ਪਏ ਜਾਂ ਗਿੱਲੇ ਹੋਣ ‘ਤੇ ਵੀ ਖਰਾਬ ਨਹੀਂ ਹੋਣਗੇ।
2. ਸਾਫ਼–ਸੁਥਰੇ: ਇਹ ਨੋਟ ਗੰਦਗੀ ਨਹੀਂ ਫੜਨਗੇ ਅਤੇ ਲੰਬੇ ਸਮੇਂ ਤੱਕ ਨਵੇਂ ਵਰਗੇ ਲੱਗਣਗੇ।
3. ਸੁਰੱਖਿਆ: ਆਧੁਨਿਕ ਫੀਚਰ ਹੋਣ ਕਾਰਨ ਇਨ੍ਹਾਂ ਦੀ ਨਕਲ ਕਰਨਾ ਮੁਸ਼ਕਲ ਹੋਵੇਗਾ।
4. ਵਾਤਾਵਰਣ: ਨੋਟ ਘੱਟ ਬਦਲਣ ਨਾਲ ਕਾਗਜ਼ ਦੀ ਬੱਚਤ ਹੋਵੇਗੀ ਅਤੇ ਵਾਤਾਵਰਣ ਨੂੰ ਫਾਇਦਾ ਹੋਵੇਗਾ।
ਕਦੋਂ ਤੱਕ ਆ ਜਾਣਗੇ ਬਾਜ਼ਾਰ ‘ਚ
RBI ਅਧਿਕਾਰੀਆਂ ਮੁਤਾਬਕ ਪਲਾਸਟਿਕ ਦੇ ਨੋਟਾਂ ਦੀ ਛਪਾਈ ਦਾ ਪਾਇਲਟ ਪ੍ਰੋਜੈਕਟ ਪਹਿਲਾਂ ਹੀ ਕੁਝ ਸ਼ਹਿਰਾਂ ‘ਚ ਚਲਾਇਆ ਜਾ ਚੁੱਕਾ ਹੈ ਅਤੇ ਨਤੀਜੇ ਸਕਾਰਾਤਮਕ ਰਹੇ ਹਨ। ਹੁਣ ਪੂਰੇ ਪੱਧਰ ‘ਤੇ ਇਸਨੂੰ ਲਾਗੂ ਕਰਨ ਦੀ ਤਿਆਰੀ ਚੱਲ ਰਹੀ ਹੈ। ਉਮੀਦ ਹੈ ਕਿ ਆਉਣ ਵਾਲੇ 1 ਤੋਂ 2 ਸਾਲਾਂ ਦੇ ਅੰਦਰ ਇਹ ਨੋਟ ਹੌਲੀ-ਹੌਲੀ ਬਾਜ਼ਾਰ ‘ਚ ਦੇਖਣ ਨੂੰ ਮਿਲਣ ਲੱਗਣਗੇ।ਸੰਖੇਪ ‘ਚ ਕਹੀਏ ਤਾਂ RBI ਦਾ ਇਹ ਕਦਮ ਭਾਰਤ ਦੀ ਕਰੰਸੀ ਪ੍ਰਣਾਲੀ ਨੂੰ ਹੋਰ ਆਧੁਨਿਕ ਅਤੇ ਮਜ਼ਬੂਤ ਬਣਾਉਣ ਦੀ ਦਿਸ਼ਾ ‘ਚ ਇੱਕ ਵੱਡਾ ਕਦਮ ਹੈ। ਪਲਾਸਟਿਕ ਦੇ ਨੋਟ ਨਾ ਸਿਰਫ ਸਾਡੀ ਜੇਬ ਲਈ ਸਗੋਂ ਦੇਸ਼ ਦੀ ਆਰਥਿਕਤਾ ਲਈ ਵੀ ਲਾਭਦਾਇਕ ਸਾਬਤ ਹੋ ਸਕਦੇ ਹਨ।
