CWG 2026: ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਜਿੱਤਿਆ ਚਾਂਦੀ ਦਾ ਤਗਮਾ, ਭਾਰਤ ਦੇ ਖਾਤੇ ‘ਚ ਆਇਆ 12ਵਾਂ ਮੈਡਲ

CWG 2026 ਵਿੱਚ ਵੇਟਲਿਫਟਿੰਗ ਦੇ 69 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਹਰਜਿੰਦਰ ਕੌਰ ਤਗਮੇ ਨਾਲ ਖੁਸ਼ੀ ਮਨਾਉਂਦੀ ਹੋਈ।

ਹਰਜਿੰਦਰ ਕੌਰ ਦਾ ਕਮਾਲ: CWG 2026 ‘ਚ ਵੇਟਲਿਫਟਿੰਗ ‘ਚ ਚਾਂਦੀ ਜਿੱਤ ਕੇ ਭਾਰਤ ਦੇ ਖਾਤੇ ‘ਚ ਜੋੜਿਆ 12ਵਾਂ ਮੈਡਲ

ਰਾਸ਼ਟਰਮੰਡਲ ਖੇਡਾਂ 2026 ‘ਚ ਭਾਰਤ ਦਾ ਝੰਡਾ ਇੱਕ ਵਾਰ ਫਿਰ ਉੱਚਾ ਹੋਇਆ ਹੈ। ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਔਰਤਾਂ ਦੀ 69 ਕਿਲੋਗ੍ਰਾਮ ਵੇਟਲਿਫਟਿੰਗ ਵਰਗ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ। ਇਸ ਜਿੱਤ ਨਾਲ ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 12 ਤੱਕ ਪਹੁੰਚ ਗਈ ਹੈ।ਗਲਾਸਗੋ ਦੇ SEC ਆਰਮਾਡੀਲੋ ਹਾਲ ‘ਚ ਹੋਏ ਇਸ ਮੁਕਾਬਲੇ ‘ਚ ਹਰਜਿੰਦਰ ਨੇ ਕੁੱਲ 227 ਕਿਲੋਗ੍ਰਾਮ ਭਾਰ ਚੁੱਕਿਆ। ਉਨ੍ਹਾਂ ਨੇ ਸਨੈਚ ‘ਚ 101 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ‘ਚ 126 ਕਿਲੋਗ੍ਰਾਮ ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ।

ਸਨੈਚ ਤੋਂ ਲੈ ਕੇ ਕਲੀਨ ਐਂਡ ਜਰਕ ਤੱਕ ਦਬਦਬਾ

ਹਰਜਿੰਦਰ ਨੇ ਸਨੈਚ ਦੀਆਂ ਤਿੰਨੋਂ ਕੋਸ਼ਿਸ਼ਾਂ ‘ਚ ਕਾਮਯਾਬੀ ਹਾਸਲ ਕੀਤੀ। ਉਨ੍ਹਾਂ ਨੇ ਪਹਿਲਾਂ 95 ਕਿਲੋ, ਫਿਰ 99 ਕਿਲੋ ਅਤੇ ਅੰਤ ‘ਚ 101 ਕਿਲੋ ਭਾਰ ਚੁੱਕਿਆ। ਉਨ੍ਹਾਂ ਦੀ ਆਖਰੀ ਲਿਫਟ ਨੇ ਕੁਝ ਸਮੇਂ ਲਈ CWG ਰਿਕਾਰਡ ਵੀ ਬਣਾਇਆ ਸੀ, ਪਰ ਬਾਅਦ ‘ਚ ਨਾਈਜੀਰੀਆ ਦੀ ਖਿਡਾਰਨ ਨੇ ਇਸਨੂੰ ਤੋੜ ਦਿੱਤਾ।ਕਲੀਨ ਐਂਡ ਜਰਕ ‘ਚ ਵੀ ਹਰਜਿੰਦਰ ਦਾ ਪ੍ਰਦਰਸ਼ਨ ਕਮਾਲ ਦਾ ਰਿਹਾ। ਉਨ੍ਹਾਂ ਨੇ 120 ਕਿਲੋ, 123 ਕਿਲੋ ਅਤੇ ਆਖਰ ‘ਚ 126 ਕਿਲੋ ਭਾਰ ਚੁੱਕ ਕੇ ਆਪਣੀ ਲੀਡ ਮਜ਼ਬੂਤ ਕੀਤੀ।

ਬਰਮਿੰਘਮ ਤੋਂ ਬਾਅਦ ਮੈਡਲ ਦਾ ਰੰਗ ਬਦਲਿਆ

ਨਾਭਾ ਦੇ ਨੇੜੇ ਪਿੰਡ ਮੈਂਹਸ ਦੀ ਰਹਿਣ ਵਾਲੀ 29 ਸਾਲਾ ਹਰਜਿੰਦਰ ਲਈ ਇਹ ਲਗਾਤਾਰ ਦੂਜਾ Common Wealth games ਮੈਡਲ ਹੈ। 2022 ਦੀਆਂ ਬਰਮਿੰਘਮ ਖੇਡਾਂ ‘ਚ ਉਨ੍ਹਾਂ ਨੇ 71 ਕਿਲੋ ਵਰਗ ‘ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਵਾਰ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ‘ਚ ਸੁਧਾਰ ਕਰਦੇ ਹੋਏ ਚਾਂਦੀ ਜਿੱਤੀ ਅਤੇ ਦੇਸ਼ ਲਈ ਮਾਣ ਵਧਾਇਆ।ਗਲਾਸਗੋ ‘ਚ ਹੋਈਆਂ 8 ਵੇਟਲਿਫਟਿੰਗ ਈਵੈਂਟਸ ‘ਚੋਂ ਇਹ ਭਾਰਤ ਦਾ 7ਵਾਂ ਮੈਡਲ ਹੈ।

 

 

ਭਾਰਤ ਮੈਡਲ ਟੈਲੀ ‘ਚ 9ਵੇਂ ਸਥਾਨ ‘ਤੇ

ਛੇਵੇਂ ਦਿਨ 2 ਹੋਰ ਚਾਂਦੀ ਦੇ ਤਗਮੇ ਜੁੜਨ ਨਾਲ ਭਾਰਤ ਦੇ ਖਾਤੇ ‘ਚ ਹੁਣ 2 Gold , 7 Silver ਅਤੇ 3 Bronze ਸਮੇਤ ਕੁੱਲ 12 ਤਗਮੇ ਹੋ ਗਏ ਹਨ। ਮੈਡਲ ਸੂਚੀ ‘ਚ ਭਾਰਤ ਇਸ ਸਮੇਂ 9ਵੇਂ ਨੰਬਰ ‘ਤੇ ਹੈ। ਆਸਟ੍ਰੇਲੀਆ 80 ਮੈਡਲਾਂ ਨਾਲ ਸਭ ਤੋਂ ਉੱਪਰ ਹੈ।

ਪਿੰਡ ‘ਚ ਖੁਸ਼ੀ ਦਾ ਮਾਹੌਲ, ਪਿਤਾ ਹਨ ਕਿਸਾਨ

ਸਾਧਾਰਣ ਕਿਸਾਨ ਪਰਿਵਾਰ ‘ਚੋਂ ਆਉਣ ਵਾਲੀ ਹਰਜਿੰਦਰ ਦੀ ਇਸ ਕਾਮਯਾਬੀ ਨਾਲ ਉਨ੍ਹਾਂ ਦੇ ਪਿੰਡ ਮੈਂਹਸ ‘ਚ ਖੁਸ਼ੀ ਦੀ ਲਹਿਰ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮਿੱਠਾ ਵੰਡ ਕੇ ਜਸ਼ਨ ਮਨਾਇਆ।ਹਰਜਿੰਦਰ ਦੇ ਪਿਤਾ ਨੇ ਕਿਹਾ, “ਸਾਡੀ ਧੀ ਨੇ ਬਹੁਤ ਮਿਹਨਤ ਕੀਤੀ ਹੈ। ਪਹਿਲਾਂ ਕਾਂਸੀ ਜਿੱਤਿਆ ਸੀ, ਇਸ ਵਾਰ ਚਾਂਦੀ ਲਿਆਈ ਹੈ। ਸਾਨੂੰ ਆਪਣੀ ਧੀ ‘ਤੇ ਮਾਣ ਹੈ ਜਿਸਨੇ ਦੇਸ਼ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ।”ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰਜਿੰਦਰ ਨੇ ਨਾ ਸਿਰਫ ਦੇਸ਼ ਸਗੋਂ ਨਾਭਾ ਅਤੇ ਪੰਜਾਬ ਦਾ ਨਾਂ ਵੀ ਦੁਨੀਆ ਭਰ ‘ਚ ਚਮਕਾਇਆ ਹੈ।

Leave a Reply

Your email address will not be published. Required fields are marked *