15 ਸਾਲਾ ਨਾਬਾਲਗ ਲੜਕੀ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਗ੍ਰਿਫ਼ਤਾਰ, ਕਤਲ ਵਿੱਚ ਵਰਤਿਆ ਡੰਡਾ ਬਰਾਮਦ
Punjab-ਥਾਣਾ ਗੇਟ ਹਕੀਮਾਂ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ, ਨੇ 15 ਸਾਲਾ ਨਾਬਾਲਗ ਲੜਕੀ ਦੇ ਕਤਲ ਦੇ ਸੰਵੇਦਨਸ਼ੀਲ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਿਤੀ 15-07-2026 ਨੂੰ ਥਾਣਾ ਗੇਟ ਹਕੀਮਾਂ ਵਿਖੇ ਅਧੀਨ ਧਾਰਾ 103, 35 ਅਤੇ 3(5) ਬੀ.ਐਨ.ਐਸ. ਤਹਿਤ ਮੁਕੱਦਮਾ ਦਰਜ ਕੀਤਾ ਗਿਆ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਸਦੀ 15 ਸਾਲਾ ਨਾਬਾਲਗ ਭੈਣ ਦੀ ਉਸਦੇ ਮਾਸੜ ਅਤੇ ਹੋਰ ਦੋ ਵਿਅਕਤੀਆਂ ਵੱਲੋਂ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ ਹੈ।
ਮੁਕਦਮੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੇ ਸਿੰਘ ਡੀਸੀਪੀ ਲਾਂਡ ਆਰਡਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਏ.ਡੀ.ਸੀ.ਪੀ.- ਸਿਟੀ 1 ਅਤੇ ਸ੍ਰੀ ਸੁਰਿੰਦਰ ਸਿੰਘ ਏਸੀਪੀ ਸੈਂਟਰਲ ਦੀ ਨਿਗਰਾਨੀ ਹੇਠ ਐਸ.ਐਚ.ਓ. ਗੇਟ ਹਕੀਮਾਂ ਇੰਸਪੈਕਟਰ ਮਨਜੀਤ ਕੌਰ ਵਲੋਂ ਵੱਖ ਵੱਖ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕਰਕੇ ਤੁਰੰਤ ਜਾਂਚ ਸ਼ੁਰੂ ਕੀਤੀ ਗਈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁੱਖ ਦੋਸ਼ੀ ਵਿਨੀਤ ਕੁਮਾਰ ਉਰਫ਼ ਸੋਨੀ, ਜੋ ਮ੍ਰਿਤਕਾ ਦਾ ਮਾਸੜ ਹੈ, ਨੇ ਲੜਕੀ ਅਤੇ ਉਸਦੇ ਭਰਾ ਨੂੰ ਜਲੰਧਰ ਤੋਂ ਆਪਣੇ ਘਰ ਅੰਮ੍ਰਿਤਸਰ ਬੁਲਾਇਆ। ਦੋਵਾਂ ਵੱਲੋਂ ਆਰਥਿਕ ਤੰਗੀ ਦੱਸਣ ‘ਤੇ ਦੋਸ਼ੀ ਨੇ ₹2,000 ਗੂਗਲ ਪੇ ਰਾਹੀਂ ਭੇਜੇ, ਜਿਸ ਤੋਂ ਬਾਅਦ ਉਹ, ਉਸਦੇ ਘਰ ਪਹੁੰਚੇ।

ਘਰ ਪਹੁੰਚਣ ਉਪਰੰਤ ਦੋਸ਼ੀ ਨੇ ਲੜਕੀ ‘ਤੇ ਸੋਨਾ ਅਤੇ ਮੁੰਦਰੀਆਂ ਚੋਰੀ ਕਰਨ ਦਾ ਦੋਸ਼ ਲਗਾਇਆ ਅਤੇ ਉਸਨੂੰ ਘਰ ਦੀ ਪਹਿਲੀ ਮੰਜ਼ਿਲ ‘ਤੇ ਕਮਰੇ ਵਿੱਚ ਲੈ ਜਾ ਕੇ ਅੰਦਰੋਂ ਕੁੰਡੀ ਲਗਾ ਲਈ। ਉੱਥੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਲੜਕੀ ਦੀਆਂ ਚੀਕਾਂ ਸੁਣ ਕੇ ਉਸਦਾ ਭਰਾ ਅਤੇ ਮਾਸੀ ਕਮਰੇ ਦੇ ਬਾਹਰ ਪਹੁੰਚੇ ਅਤੇ ਦਰਵਾਜ਼ਾ ਖੜਕਾਇਆ, ਪਰ ਦੋਸ਼ੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ।
ਇਸ ਦੌਰਾਨ ਵਿਨੀਤ ਕੁਮਾਰ ਨੇ ਆਪਣੇ ਦੋ ਹੋਰ ਸਾਥੀਆਂ ਨੂੰ ਵੀ ਮੌਕੇ ‘ਤੇ ਬੁਲਾ ਲਿਆ, ਜਿਨ੍ਹਾਂ ਨੇ ਵੀ ਲੜਕੀ ਨਾਲ ਕੁੱਟਮਾਰ ਕੀਤੀ। ਕੁਝ ਸਮੇਂ ਬਾਅਦ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਲੜਕੀ ਬੇਹੋਸ਼ ਹਾਲਤ ਵਿੱਚ ਪਈ ਸੀ ਅਤੇ ਉਸਦੇ ਸਰੀਰ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ, ਤੇ ਉਸਦੀ ਮੌਤ ਹੋ ਗਈ ਸੀ।
ਪੁਲਿਸ ਪਾਰਟੀ ਵੱਲੋਂ ਹਰ ਐਂਗਲ ਤੋਂ ਜਾਂਚ ਕਰਦੇ ਹੋਏ ਮੁੱਖ ਦੋਸ਼ੀ ਵਿਨੀਤ ਕੁਮਾਰ ਉਰਫ਼ ਸੋਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਪੁੱਛਗਿੱਛ ਦੌਰਾਨ ਉਸਦੀ ਨਿਸ਼ਾਨਦੇਹੀ ‘ਤੇ ਵਾਰਦਾਤ ਵਿੱਚ ਵਰਤਿਆ ਗਿਆ ਡੰਡਾ ਵੀ ਬਰਾਮਦ ਕਰ ਲਿਆ ਗਿਆ ਹੈ । ਮਾਮਲੇ ਵਿੱਚ ਸ਼ਾਮਲ ਹੋਰ ਦੋ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਉਨ੍ਹਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।
ਮੁੱਢਲੀ ਜਾਂਚ ਅਨੁਸਾਰ ਗ੍ਰਿਫ਼ਤਾਰ ਦੋਸ਼ੀ ਵਿਨੀਤ ਕੁਮਾਰ ਉਰਫ਼ ਸੋਨੀ, ਉਮਰ 26 ਸਾਲ, 12ਵੀਂ ਪਾਸ ਹੈ ਅਤੇ ਮਜ਼ਦੂਰੀ ਕਰਦਾ ਹੈ। ਉਸਦੇ ਖ਼ਿਲਾਫ਼ ਪਹਿਲਾਂ ਵੀ ਸਾਲ 2018 ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਸੀ-ਡਵੀਜ਼ਨ, ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਹੋ ਚੁੱਕਾ ਹੈ।
