ਰਾਵੀ ਦੇ ਕਟਾਅ ਨਾਲ ਸਰਹੱਦੀ ਪਿੰਡ ਕੱਕੜ ‘ਤੇ ਮੰਡਰਾਇਆ ਖ਼ਤਰਾ
ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ; ਤੁਰੰਤ ਬਚਾਅ ਕਾਰਜਾਂ ਦੀ ਕੀਤੀ ਮੰਗ
ਅੰਮ੍ਰਿਤਸਰ: M.P. ਗੁਰਜੀਤ ਸਿੰਘ ਔਜਲਾ ਨੇ ਅੱਜ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਕੱਕੜ ਦਾ ਦੌਰਾ ਕਰਕੇ ਰਾਵੀ ਦਰਿਆ ਦੇ ਤੇਜ਼ ਕਟਾਅ ਕਾਰਨ ਬਣੇ ਗੰਭੀਰ ਹਾਲਾਤਾਂ ਦਾ ਜਾਇਜ਼ਾ ਲਿਆ। ਓਹਨਾਂ ਨੇ ਇਸ ਦੌਰਾਨ B.S.F.ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ।

ਉਨ੍ਹਾਂ ਕਿਹਾ ਕਿ ਰਾਵੀ ਦੇ ਲਗਾਤਾਰ ਕਟਾਅ ਕਾਰਨ ਸੈਂਕੜੇ ਏਕੜ ਕੀਮਤੀ ਖੇਤੀਬਾੜੀ ਜ਼ਮੀਨ ਦਰਿਆ ਵਿੱਚ ਸਮਾ ਚੁੱਕੀ ਹੈ ਅਤੇ ਹੁਣ B.S.F.ਦੀਆਂ defence lines ਵੀ ਖ਼ਤਰੇ ਵਿੱਚ ਹਨ।
ਔਜਲਾ ਨੇ ਦੱਸਿਆ ਕਿ ਪਹਿਲਾਂ ਦਰਿਆ ਦਾ ਰੁਖ ਕਾਫ਼ੀ ਦੂਰ ਸੀ, ਪਰ ਹੁਣ ਇਹ ਕਟਾਅ ਕਰਦਾ ਹੋਇਆ ਡਿਫੈਂਸ ਲਾਈਨਾਂ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਰੋਕਥਾਮ ਨਾ ਕੀਤੀ ਗਈ ਤਾਂ ਡਿਫੈਂਸ ਲਾਈਨ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ, ਜਿਸ ਨਾਲ ਦੇਸ਼ ਦੀ ਸੁਰੱਖਿਆ ਵੀ ਪ੍ਰਭਾਵਿਤ ਹੋ ਸਕਦੀ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਹੜ੍ਹਾਂ ਤੋਂ ਬਾਅਦ ਸਰਕਾਰ ਵੱਲੋਂ ਇਸ ਖੇਤਰ ਦੀ ਕੋਈ ਸਾਰ ਨਹੀਂ ਲਈ ਗਈ। ਨਾ ਕੋਈ ਪੱਥਰ ਲਗਾਏ ਗਏ ਅਤੇ ਨਾ ਹੀ ਕਟਾਅ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਰਜਿਸਟਰਡ ਜ਼ਮੀਨਾਂ, ਖਸਰਾ ਨੰਬਰਾਂ ਸਮੇਤ, ਰਾਵੀ ਦੇ ਕਟਾਅ ਦੀ ਭੇਟ ਚੜ੍ਹ ਰਹੀਆਂ ਹਨ।
ਸਾਂਸਦ ਔਜਲਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਅਸਥਾਈ ਤੌਰ ‘ਤੇ ਰੇਤ ਦੀਆਂ ਬੋਰੀਆਂ ਜਾਂ ਹੋਰ ਪ੍ਰਬੰਧ ਕਰਕੇ ਕਟਾਅ ਰੋਕਿਆ ਜਾਵੇ। ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਕਰੀਬ ਦੋ ਤੋਂ ਢਾਈ ਕਿਲੋਮੀਟਰ ਲੰਬੇ ਪ੍ਰਭਾਵਿਤ ਹਿੱਸੇ ‘ਤੇ ਪੱਕੇ ਤੌਰ ‘ਤੇ ਪੱਥਰ ਲਗਾ ਕੇ ਦਰਿਆ ਦੇ ਕਟਾਅ ਨੂੰ ਰੋਕਿਆ ਜਾਵੇ।
ਉਨ੍ਹਾਂ ਕਿਹਾ ਕਿ ਸੰਸਦ ਦਾ ਸੈਸ਼ਨ ਸ਼ੁਰੂ ਹੋਣ ‘ਤੇ ਉਹ ਇਹ ਮਾਮਲਾ ਵੀ ਉਠਾਉਣਗੇ ਅਤੇ ਜੇਕਰ ਪੰਜਾਬ ਸਰਕਾਰ ਕੇਂਦਰ ਨੂੰ ਕੋਈ ਤਜਵੀਜ਼ ਭੇਜੇਗੀ ਤਾਂ ਉਸ ਨੂੰ ਮਨਜ਼ੂਰ ਕਰਵਾਉਣ ਲਈ ਪੂਰਾ ਯਤਨ ਕਰਨਗੇ।

ਔਜਲਾ ਨੇ ਕਿਹਾ ਕਿ ਕੱਕੜ ਤੋਂ ਲੈ ਕੇ ਇਸ ਸਰਹੱਦੀ ਪੱਟੀ ਦੇ ਆਖ਼ਰੀ ਹਿੱਸੇ ਤੱਕ ਕਿਤੇ ਵੀ ਬਚਾਅ ਲਈ ਪੱਥਰ ਜਾਂ ਰੇਤ ਦੀਆਂ ਬੋਰੀਆਂ ਨਹੀਂ ਲਗਾਈਆਂ ਗਈਆਂ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਮੌਕੇ ‘ਤੇ ਪਹੁੰਚ ਕੇ ਕਿਸਾਨਾਂ ਅਤੇ ਸਰਹੱਦੀ ਇਲਾਕੇ ਦੀ ਸੁਰੱਖਿਆ ਲਈ ਲੋੜੀਂਦੇ ਬਚਾਅ ਕਾਰਜ ਸ਼ੁਰੂ ਕੀਤੇ ਜਾਣ।
