5 ਸਾਲਾਂ ਤੋਂ ਲਟਕਿਆ Amritsar ਰੇਲਵੇ ਸਟੇਸ਼ਨ ਦਾ ਸੁਪਨਾ! Aujla ਨੇ ਰੇਲ ਮੰਤਰੀ ਤੋਂ ਮੰਗਿਆ ਤੁਰੰਤ ਐਕਸ਼ਨ

ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਵਿੱਚ ਦੇਰੀ ਨੂੰ ਲੈ ਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੂੰ ਮੰਗ ਪੱਤਰ ਸੌਂਪਿਆ ਗਿਆ।

Amritsar ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਵਿੱਚ ਦੇਰੀ ’ਤੇ Aujla ਨੇ ਰੇਲ ਮੰਤਰੀ ਨੂੰ ਲਿਖਿਆ ਪੱਤਰ

ਕਰੀਬ ਪੰਜ ਸਾਲ ਪਹਿਲਾਂ ਮਨਜ਼ੂਰ ਹੋਇਆ ਸੀ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਬਣਾਉਣ ਦਾ ਪ੍ਰਾਜੈਕਟ, ਸਮਾਂਬੱਧ ਢੰਗ ਨਾਲ ਕੰਮ ਸ਼ੁਰੂ ਕਰਵਾਉਣ ਦੀ ਮੰਗ

Amritsar ਰੇਲਵੇ ਸਟੇਸ਼ਨ ਦੇ ਲੰਬੇ ਸਮੇਂ ਤੋਂ ਲਟਕ ਰਹੇ ਆਧੁਨਿਕੀਕਰਨ ਅਤੇ ਮੁੜ ਵਿਕਾਸ ਕਾਰਜ ਨੂੰ ਲੈ ਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ। ਔਜਲਾ ਨੇ ਰੇਲ ਮੰਤਰੀ ਤੋਂ ਪ੍ਰਾਜੈਕਟ ਵਿੱਚ ਤੇਜ਼ੀ ਲਿਆਉਣ ਅਤੇ ਸਮਾਂਬੱਧ ਢੰਗ ਨਾਲ ਕੰਮ ਸ਼ੁਰੂ ਕਰਵਾਉਣ ਲਈ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ।

Aujla ਨੇ ਪੱਤਰ ਵਿੱਚ ਕਿਹਾ ਕਿ Amritsar ਰੇਲਵੇ ਸਟੇਸ਼ਨ ਦੇ ਮੁੜ ਵਿਕਾਸ ਦੀ ਯੋਜਨਾ ਸਾਲ 2020 ਵਿੱਚ ਮਨਜ਼ੂਰ ਕੀਤੀ ਗਈ ਸੀ। ਇਸ ਦਾ ਮਕਸਦ ਸਟੇਸ਼ਨ ਨੂੰ ਹਵਾਈ ਅੱਡੇ ਵਰਗੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਵਿਸ਼ਵ ਪੱਧਰੀ ਟਰਮੀਨਲ ਵਜੋਂ ਵਿਕਸਤ ਕਰਨਾ ਸੀ। ਪਰ ਮਨਜ਼ੂਰੀ ਮਿਲਣ ਦੇ ਕਰੀਬ ਪੰਜ ਸਾਲ ਬਾਅਦ ਵੀ ਇਹ ਪ੍ਰਾਜੈਕਟ ‘ਡਿਵੈਲਪਮੈਂਟ ਫੇਜ਼’ ਵਿੱਚ ਹੀ ਅਟਕਿਆ ਹੋਇਆ ਹੈ ਅਤੇ ਜ਼ਮੀਨੀ ਪੱਧਰ ’ਤੇ ਉਮੀਦ ਮੁਤਾਬਕ ਤਰੱਕੀ ਨਜ਼ਰ ਨਹੀਂ ਆ ਰਹੀ।ਉਨ੍ਹਾਂ ਕਿਹਾ ਕਿ Amritsar ਦੇਸ਼ ਦੇ ਪ੍ਰਮੁੱਖ ਅੰਤਰਰਾਸ਼ਟਰੀ ਸੈਰ-ਸਪਾਟਾ ਅਤੇ ਧਾਰਮਿਕ ਕੇਂਦਰਾਂ ਵਿੱਚ ਸ਼ਾਮਲ ਹੈ। ਇੱਥੇ ਸ੍ਰੀ ਹਰਿਮੰਦਰ ਸਾਹਿਬ ਸਮੇਤ ਕਈ ਮਹੱਤਵਪੂਰਨ ਧਾਰਮਿਕ ਅਤੇ ਵਿਰਾਸਤੀ ਸਥਾਨ ਹਨ, ਜਿਸ ਕਾਰਨ ਹਰ ਰੋਜ਼ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਅਤੇ ਸੈਲਾਨੀ ਪਹੁੰਚਦੇ ਹਨ। ਅਜਿਹੇ ਵਿੱਚ ਰੇਲਵੇ ਸਟੇਸ਼ਨ ਸ਼ਹਿਰ ਦਾ ਮੁੱਖ ਪ੍ਰਵੇਸ਼ ਦੁਆਰ ਹੈ ਅਤੇ ਇਸ ਦਾ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਾ ਬੇਹੱਦ ਜ਼ਰੂਰੀ ਹੈ।

 

 

15 ਐਸਕੇਲੇਟਰ ਅਤੇ 14 ਲਿਫਟਾਂ ਸਮੇਤ ਕਈ ਸਹੂਲਤਾਂ ਪ੍ਰਸਤਾਵਿਤ

Aujla ਅਨੁਸਾਰ ਮਨਜ਼ੂਰਸ਼ੁਦਾ ਮੁੜ ਵਿਕਾਸ ਯੋਜਨਾ ਤਹਿਤ ਸਟੇਸ਼ਨ ’ਤੇ ਆਧੁਨਿਕ ਗਲਾਸ-ਫਸਾਡ ਇਮਾਰਤ, ਵਿਸ਼ਾਲ ਸਰਕੂਲੇਟਿੰਗ ਏਰੀਆ, ਬਿਹਤਰ ਯਾਤਰੀ ਸਹੂਲਤਾਂ, ਨਵੇਂ ਪਲੇਟਫਾਰਮ ਅਤੇ ਫੁੱਟਓਵਰ ਬ੍ਰਿਜ, 15 ਐਸਕੇਲੇਟਰ, 14 ਲਿਫਟਾਂ, ਆਧੁਨਿਕ ਵੇਟਿੰਗ ਹਾਲ, ਸਾਫ਼-ਸੁਥਰੇ ਅਤੇ ਬਦਬੂ ਰਹਿਤ ਟਰੈਕ, ਅਪਗ੍ਰੇਡ ਕੀਤੇ ਪਖਾਨੇ ਅਤੇ ਸਥਾਨਕ ਉਤਪਾਦਾਂ ਤੇ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਵਾਲੇ ਕਿਓਸਕ ਆਦਿ ਸਹੂਲਤਾਂ ਵਿਕਸਤ ਕੀਤੀਆਂ ਜਾਣੀਆਂ ਹਨ।ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਅੰਮ੍ਰਿਤਸਰ ਆਉਣ ਵਾਲੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਮਿਲਣ ਦੇ ਨਾਲ-ਨਾਲ ਸ਼ਹਿਰ ਨੂੰ ਵਿਸ਼ਵ ਪੱਧਰੀ ਰੇਲਵੇ ਬੁਨਿਆਦੀ ਢਾਂਚਾ ਵੀ ਮਿਲੇਗਾ।

‘ਦੇਰੀ ਨਿਰਾਸ਼ਾਜਨਕ ਅਤੇ ਅਸਵੀਕਾਰਯੋਗ’

ਸੰਸਦ ਮੈਂਬਰ ਨੇ ਪੱਤਰ ਵਿੱਚ ਕਿਹਾ ਕਿ ਪ੍ਰਾਜੈਕਟ ਵਿੱਚ ਲਗਾਤਾਰ ਹੋ ਰਹੀ ਦੇਰੀ ਕਾਰਨ ਸਥਾਨਕ ਲੋਕਾਂ, ਯਾਤਰੀਆਂ ਅਤੇ ਹੋਰ ਹਿੱਤਧਾਰਕਾਂ ਵਿੱਚ ਚਿੰਤਾ ਵਧ ਰਹੀ ਹੈ। ਪ੍ਰਸ਼ਾਸਨਿਕ ਅੜਚਣਾਂ, ਕੰਮ ਨੂੰ ਲਾਗੂ ਕਰਨ ਵਿੱਚ ਕਮੀ ਅਤੇ ਜਵਾਬਦੇਹੀ ਦੀ ਘਾਟ ਕਾਰਨ ਪ੍ਰਾਜੈਕਟ ਅੱਗੇ ਨਹੀਂ ਵਧ ਰਿਹਾ।Aujla ਨੇ ਰੇਲ ਮੰਤਰੀ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਦੀ ਮਹੱਤਤਾ ਅਤੇ ਇੱਥੇ ਆਉਣ ਵਾਲੇ ਯਾਤਰੀਆਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਇਸ ਪ੍ਰਾਜੈਕਟ ਨੂੰ ਤਰਜੀਹ ਦਿੱਤੀ ਜਾਵੇ ਅਤੇ ਕੰਮ ਜਲਦ ਸ਼ੁਰੂ ਕਰਵਾ ਕੇ ਸਮਾਂਬੱਧ ਢੰਗ ਨਾਲ ਪੂਰਾ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਵਸਨੀਕਾਂ ਅਤੇ ਇੱਥੇ ਆਉਣ ਵਾਲੇ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੀ ਸਹੂਲਤ ਮਿਲਣੀ ਚਾਹੀਦੀ ਹੈ।

Leave a Reply

Your email address will not be published. Required fields are marked *