ਪੰਜਾਬੀ ਇੰਡਸਟਰੀ ਦਾ ਇੱਕ ਨਵਾਂ ਸਰਪ੍ਰਾਈਜ਼ ਪੇਸ਼ ਹੋਣ ਜਾ ਰਿਹਾ ਹੈ। ਨਵੀਂ ਆਉਣ ਵਾਲੀ ਪੰਜਾਬੀ ਫਿਲਮ “ਜੀ ਵੇ ਸੋਹਣਿਆ ਜੀ” ਦਾ ਪਹਿਲਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਇਸ ਫਿਲਮ ਨੂੰ ਯੂ ਐਂਡ ਆਈ ਫਿਲਮਜ਼ ਅਤੇ ਵੀ.ਐੱਚ ਐਂਟਰਟੇਨਮੈਂਟ ਦੁਆਰਾ ਪੇਸ਼ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਦਰਸ਼ਕਾਂ ਨੂੰ ਸਿਮੀ ਚਾਹਲ ਅਤੇ ਇਮਰਾਨ ਅੱਬਾਸ ਮੁੱਖ ਭੂਮਿਕਾ ਵਿੱਚ ਦਿਖਾਈ ਦੇਣਗੇ।
ਇਸ ਫਿਲਮ ਦੇ ਨਿਰਮਾਤਾ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ ਅਤੇ ਡਾ. ਪ੍ਰਭਜੋਤ ਸਿੱਧੂ ਤੇ ਸਰਲਾ ਰਾਣੀ ਸਹਿ ਨਿਰਮਾਤਾ ਹਨ। ਇਸ ਫਿਲਮ ਨੂੰ ਦੂਰਦਰਸ਼ੀ ਥਾਪਰ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਫ਼ਿਲਮ ਦਾ ਸੰਗੀਤ ਯੂ ਐਂਡ ਆਈ ਮਿਊਜ਼ਿਕ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।
ਨਿਰਮਾਤਾ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ ਅਤੇ ਪ੍ਰਭਜੋਤ ਸਿੱਧੂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ “ਜੀ ਵੇ ਸੋਹਣਿਆ ਜੀ’ ਇਹ ਲਵ ਸਟੋਰੀ ਫ਼ਿਲਮ ਹੈ ਅਤੇ ਅਸੀਂ ਰੋਮਾਂਸ ਦੀ ਇਸ ਮਨਮੋਹਕ ਕਹਾਣੀ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਬਹੁਤ ਖੁਸ਼ ਹਾਂ। ਇਹ ਰੋਮਾਂਸ ਦਾ ਜਸ਼ਨ ਹੈ, ਜਿਸ ਨੂੰ ਬਹੁਤ ਹੀ ਖੂਬਸੂਰਤੀ ਨਾਲ ਫਿਲਮ ਦੇ ਰੂਪ ਵਿੱਚ ਦਰਸਾਇਆ ਹੈ। ਸਾਰੀ ਕਾਸਟ ਅਤੇ ਸਾਥੀਆਂ ਨੇ ਪੂਰੀ ਮਿਹਨਤ ਦੇ ਨਾਲ ਇਸ ਫਿਲਮ ਨੂੰ ਬਣਾਉਣ ਵਿੱਚ ਆਪਣਾ ਸਾਂਝਾ ਯੋਗਦਾਨ ਦਿੱਤਾ ਹੈ।
ਇਸ ਤੋਂ ਇਲਾਵਾ ਲੇਖਕ ਤੇ ਨਿਰਦੇਸ਼ਕ ਥਾਪਰ ਨੇ ਕਿਹਾ ਕਿ ਮੈਂ ‘ਜੀ ਵੇ ਸੋਹਣਿਆ ਜੀ’ ਨੂੰ ਦੁਨੀਆ ਭਰ ਦੇ ਦਰਸ਼ਕਾਂ ਲਈ ਲਿਆਉਣ ਲਈ ਬਹੁਤ ਉਤਸ਼ਾਹਿਤ ਹਾਂ। ਇਹ ਫਿਲਮ ਸਿਰਫ਼ ਇੱਕ ਰੋਮਾਂਟਿਕ ਕਹਾਣੀ ਨਹੀਂ ਹੈ, ਸਗੋਂ ਪਿਆਰ, ਅਤੇ ਭਾਵਨਾਵਾਂ ਦਾ ਜਸ਼ਨ ਹੈ। ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਇਸ ਫਿਲਮ ਨੂੰ ਆਪਣਾ ਭਰਪੂਰ ਪਿਆਰ ਦੇਣਗੇ। ਇਹ ਫ਼ਿਲਮ “ਜੀ ਵੇ ਸੋਹਣਿਆ ਜੀ” 16 ਫਰਵਰੀ 2024 ਨੂੰ ਸਿਨੇਮਾਘਰਾਂ ਦੀ ਸ਼ਾਨ ਬਣਨ ਜਾ ਰਹੀ ਹੈ।