ਹਿਮਾਚਲ ਪ੍ਰਦੇਸ਼ ‘ਚ ਪੰਜਾਬੀ ਸੈਲਾਨੀ ਸਥਾਨਕ ਲੋਕਾਂ ਨਾਲ ਕਈ ਵਿਵਾਦਾਂ ‘ਚ ਫਸ ਚੁੱਕੇ ਹਨ। ਇਕ ਤਾਜ਼ਾ ਘਟਨਾ ਮਨੀਕਰਨ ਸਾਹਿਬ ਵਿਖੇ ਵਾਪਰੀ ਹੈ, ਜਿੱਥੇ ਇੱਕ ਨੌਜਵਾਨ ਦੀ ਡਰਾਈਵਰ ਨਾਲ ਬਹਿਸ ਹੋ ਗਈ ਜੋ ਇਸ ਗੱਲ ਤੱਕ ਵਧ ਗਈ ਕਿ ਨੌਜਵਾਨ ਨੇ ਪਿਸਤੌਲ ਕੱਢ ਲਈ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ‘ਚ ਟਰੈਫਿਕ ਦੇ ਮੁੱਦੇ ‘ਤੇ ਪੰਜਾਬ ਦੇ ਇਕ ਸੈਲਾਨੀ ਦੀ ਬੱਸ ਡਰਾਈਵਰ ਨਾਲ ਬਹਿਸ ਹੋ ਗਈ।
ਇਸ ਦੇ ਨਾਲ ਹੀ ਝਗੜੇ ਦੌਰਾਨ ਸੈਲਾਨੀ ਨੇ ਕਥਿਤ ਤੌਰ ‘ਤੇ ਪਿਸਤੌਲ ਕੱਢ ਲਿਆ, ਜਿਸ ਨਾਲ ਹੰਗਾਮਾ ਹੋ ਗਿਆ ਅਤੇ ਆਵਾਜਾਈ ‘ਚ ਰੁਕਾਵਟ ਆਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਪੁਲਿਸ ਨੇ ਘਟਨਾ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਚੌਕੀ ਮਨੀਕਰਨ ਅਧੀਨ ਪੈਂਦੇ ਗਾਲੂ ਪਾਲ ਨੇੜੇ ਮੰਗਲਵਾਰ ਦੁਪਹਿਰ ਕਰੀਬ 12:30 ਵਜੇ ਇੱਕ ਪ੍ਰਾਈਵੇਟ ਬੱਸ ਅਤੇ ਇੱਕ ਇਨੋਵਾ ਕਾਰ ਵਿਚਾਲੇ ਝਗੜਾ ਹੋ ਗਿਆ। ਬੱਸ ਕੁੱਲੂ ਤੋਂ ਮਨੀਕਰਨ ਜਾ ਰਹੀ ਸੀ, ਜਦਕਿ ਇਨੋਵਾ ਕਾਰ ਵੀ ਕੁੱਲੂ ਵੱਲ ਜਾ ਰਹੀ ਸੀ। ਕਥਿਤ ਤੌਰ ‘ਤੇ ਇਹ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਬੱਸ ਡਰਾਈਵਰ ਨੇ ਇਨੋਵਾ ਡਰਾਈਵਰ ਜਤਿੰਦਰ ਸਿੰਘ ਨੂੰ ਥੋੜ੍ਹਾ ਪਿੱਛੇ ਹਟਣ ਲਈ ਕਿਹਾ।
ਸਥਿਤੀ ਵਿਗੜਨ ‘ਤੇ ਜਤਿੰਦਰ ਨੇ ਆਪਣਾ ਪਿਸਤੌਲ ਕੱਢ ਲਿਆ ਅਤੇ ਬੱਸ ਡਰਾਈਵਰ ਅਤੇ ਕੰਡਕਟਰ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਪੁਲੀਸ ਨੇ ਇਨੋਵਾ ਗੱਡੀ ਦੇ ਡਰਾਈਵਰ ਖ਼ਿਲਾਫ਼ ਥਾਣਾ ਸਦਰ ਕੁੱਲੂ ‘ਚ ਭਾਰਤੀ ਅਸਲਾ ਐਕਟ ਦੀ ਧਾਰਾ 25 ਤੇ ਧਾਰਾ 504, 506 ਤਹਿਤ ਕੇਸ ਦਰਜ ਕਰ ਲਿਆ ਹੈ। ਕੁੱਲੂ ਦੇ SP ਡਾ. ਕਾਰਤੀਕੇਅਨ ਨੇ ਦੱਸਿਆ ਕਿ ਪੁਲਿਸ ਫਿਲਹਾਲ ਘਟਨਾ ਦੀ ਜਾਂਚ ਕਰ ਰਹੀ ਹੈ।