ਅੰਮ੍ਰਿਤਸਰ ਦੇ ਅਟਾਰੀ ਬਾਰਡਰ ‘ਤੇ ਤਾਇਨਾਤ BSF ਦੀ 144 ਬਟਾਲੀਅਨ ਅਤੇ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਆਪ੍ਰੇਸ਼ਨ ਦੌਰਾਨ ਪਾਕਿਸਤਾਨ ਤੋਂ ਆਏ 2 ਡਰੋਨ ਬਰਾਮਦ ਕੀਤੇ ਗਏ ਹਨ। ਇੱਕ ਡਰੋਨ ਭਾਰਤ ਪਾਕਿਸਤਾਨ ਸਰਹੱਦ ‘ਤੇ ਸਥਿਤ ਪਿੰਡ ਦਾਉਕੇ ਅਤੇ ਦੂਸਰਾ ਡਰੋਨ ਸਰਹੱਦੀ ਪਿੰਡ ਰਤਨਖੁਰਦ ਦੇ ਨਜ਼ਦੀਕ ਤੋਂ ਬਰਾਮਦ ਕੀਤਾ ਗਿਆ ਹੈ। ਜ਼ਿਕਰਯੋਗ, ਮਿਲੀ ਜਾਣਕਾਰੀ ਅਨੁਸਾਰ ਪਿੰਡ ਦਉਕੇ ‘ਚ ਰਾਤ ਸਮੇਂ BSF ਦੇ ਜਵਾਨਾਂ ਨੂੰ ਡਰੋਨ ਦੇ ਸ਼ੋਰ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ BSF ਅਤੇ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ।
ਇਸ ਦੇ ਨਾਲ ਹੀ ਤਲਾਸ਼ੀ ਦੌਰਾਨ ਉਨ੍ਹਾਂ ਨੂੰ ਇੱਕ ਪਾਕਿਸਤਾਨੀ ਡਰੋਨ ਮਿਲਿਆ ਅਤੇ ਦੂਜਾ ਡਰੋਨ ਪਿੰਡ ਰਤਨਖੁਰਦ ‘ਤੋਂ ਬਰਾਮਦ ਹੋਇਆ। ਬਰਾਮਦ ਪਾਕਿਸਤਾਨੀ ਡਰੋਨ (DJI Mavic 3 classic) ਹੈ। ਇਹ ਡਰੋਨ ਕਥਿਤ ਤੌਰ ‘ਤੇ ਸਰਹੱਦ ਪਾਰ ਤਸਕਰੀ ਲਈ ਵਰਤਿਆ ਜਾ ਰਿਹਾ ਸੀ। BOP ਹਰਦੋ ਰਤਨ ਅਤੇ BOP ਦਉਕੇ ਵਿਖੇ ਡਿਊਟੀ ਨਿਭਾ ਰਹੇ BSF ਦੇ ਸਹਾਇਕ ਕੰਪਨੀ ਕਮਾਂਡਰਾਂ ਵਲੋਂ ਦੋਵੇਂ ਡਰੋਨ ਪੁਲਿਸ ਥਾਣਾ ਘਰਿੰਡਾ ਨੂੰ ਸੌਂਪ ਦਿੱਤੇ ਗਏ। ਪੁਲਿਸ ਥਾਣਾ ਘਰਿੰਡਾ ਦੇ ਸਹਾਇਕ SHO ਅਰਜਨ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।