ਪ੍ਰਸਿੱਧ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਤੀਰਥ ਯਾਤਰਾ ਤੋਂ ਪਹਿਲਾਂ ਭਾਰੀ ਬਰਫ਼ਬਾਰੀ ਨਾਲ ਢਕਿਆ ਗਿਆ ਹੈ। ਬਰਫਬਾਰੀ ਤੋਂ ਬਾਅਦ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਸ੍ਰੀ ਹੇਮਕੁੰਟ ਸਾਹਿਬ ਪਹੁੰਚ ਕੇ ਫੌਜ ਨੇ ਬਰਫ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੜਕ ਦਾ ਮੁਆਇਨਾ ਕੀਤਾ ਹੈ। ਗੁਰਦੁਆਰਾ ਪਹਿਲੀ ਮੰਜ਼ਿਲ ਅਤੇ ਸਰੋਵਰ ਸਮੇਤ 12 ਤੋਂ 15 ਫੁੱਟ ਤੱਕ ਬਰਫ ਨਾਲ ਢੱਕਿਆ ਹੋਇਆ ਹੈ।
ਇਸ ਦੇ ਨਾਲ ਹੀ ਸਾਲਾਨਾ ਤੀਰਥ ਯਾਤਰਾ 25 ਮਈ ਨੂੰ ਸ਼ੁਰੂ ਹੋਵੇਗੀ ਅਤੇ ਬਰਫ਼ ਹਟਾਉਣ ਦਾ ਕੰਮ ਆਮ ਤੌਰ ‘ਤੇ ਭਾਰਤੀ ਫੌਜ ਵੱਲੋਂ ਵੀ ਕੀਤਾ ਜਾਂਦਾ ਹੈ। ਜ਼ਿਕਰਯੋਗ, ਭਾਰਤੀ ਫੌਜ ਵੱਲੋਂ ਬਰਫ ਹਟਾਉਣ ਸਮੇਤ ਤਿਆਰੀਆਂ ਚੱਲ ਰਹੀਆਂ ਹਨ। ਉਹ 20 ਅਪ੍ਰੈਲ ਤੋਂ ਸੜਕ ਨੂੰ ਸਾਫ਼ ਕਰਨਾ ਸ਼ੁਰੂ ਕਰ ਦੇਣਗੇ ਅਤੇ 20 ਮਈ ਤੱਕ ਪੂਰਾ ਰਸਤਾ ਤਿਆਰ ਕਰ ਦੇਣਗੇ।
ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਉਤਰਾਖੰਡ ਸਰਕਾਰ ਦੇ ਸਹਿਯੋਗ ਨਾਲ 25 ਮਈ ਤੋਂ ਆਪਣੀ ਸਾਲਾਨਾ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਐਲਾਨ ਕੀਤਾ ਕਿ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ 25 ਮਈ ਤੋਂ ਖੁੱਲ੍ਹੇ ਰਹਿਣਗੇ ਅਤੇ 10 ਅਕਤੂਬਰ ਨੂੰ ਬੰਦ ਕੀਤੇ ਜਾਣਗੇ, ਜਿਸਦੇ ਲਈ ਸੂਬਾ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ।