ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

ਪੰਜਾਬ ਸਰਕਾਰ ਵੱਲੋਂ ਰਾਜ ਦੇ ਯੋਗ ਲਾਭਪਾਤਰੀਆਂ ਨੂੰ ਸਿਹਤ ਬੀਮਾ ਅਧੀਨ ਕਵਰ ਕਰਨ ਲਈ ਆਯੂਸ਼ਮਾਨ ਕਾਰਡ ਬਣਾ ਕੇ ਦਿੱਤੇ ਜਾ ਰਹੇ ਹਨ। ਇਹਨਾਂ ਲਾਭਪਾਤਰੀ ਪਰਿਵਾਰਾਂ ਵਿੱਚ ਐੱਨ.ਐੱਫ.ਐੱਸ.ਏ. ਰਾਸ਼ਨ ਕਾਰਡ ਧਾਰਕ, ਜੇ-ਫਾਰਮ ਧਾਰਕ ਕਿਸਾਨ, ਰਜ਼ਿਸਟਰਡ ਮਜ਼ਦੂਰ, ਰਜ਼ਿਸਟਰਡ ਛੋਟੇ ਵਪਾਰੀ, ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਅਤੇ 2011 ਦੇ ਸਮਾਜਿਕ-ਆਰਥਿਕ ਜਾਤੀ ਜਨਗਣਨਾ ਡਾਟਾ ਤਹਿਤ ਕਵਰ ਕੀਤੇ ਗਏ ਪਰਿਵਾਰ ਸ਼ਾਮਲ ਹਨ।

ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਭਰ ਵਿੱਚ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ। ਜਿਹੜੇ ਲਾਭਪਤਾਰੀ 31 ਦਸੰਬਰ, 2023 ਤੱਕ ਆਪਣੇ ਸਿਹਤ ਬੀਮਾ ਕਾਰਡ ਬਣਵਾਉਣਗੇ ਪੰਜਾਬ ਸਰਕਾਰ ਵੱਲੋਂ ਲੱਕੀ ਡਰਾਅ ਕੱਢ ਕੇ ਉਨ੍ਹਾਂ ਨੂੰ ਇੱਕ ਲੱਖ ਰੁਪਏ ਤੱਕ ਦਾ ਇਨਾਮ ਦਿੱਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਲੱਕੀ ਡਰਾਅ ਰਾਹੀਂ 10 ਜੇਤੂਆਂ ਦੀ ਚੋਣ ਕੀਤੀ ਜਾਵੇਗੀ ਅਤੇ ਪਹਿਲਾ ਇਨਾਮ 1 ਲੱਖ ਰੁਪਏ, ਦੂਜਾ ਇਨਾਮ 50000 ਰੁਪਏ ਅਤੇ ਤੀਜਾ ਇਨਾਮ 25000 ਰੁਪਏ ਦਿੱਤਾ ਜਾਵੇਗਾ। ਇਸੇ ਤਰਾਂ ਚੌਥਾ ਇਨਾਮ 10000 ਰੁਪਏ ਅਤੇ ਪੰਜਵਾਂ ਇਨਾਮ 8000 ਰੁਪਏ ਹੈ ਜਦਕਿ ਛੇਵਾਂ ਤੋਂ ਦਸਵਾਂ ਇਨਾਮ 5000 ਰੁਪਏ ਹੋਵੇਗਾ। ਉਨਾਂ ਕਿਹਾ ਕਿ ਹੁਣ ਡਰਾਅ ਜਨਵਰੀ 2024 ਵਿੱਚ ਕੱਢਿਆ ਜਾਵੇਗਾ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਇਹ ਵਿਸ਼ੇਸ਼ ਮੁਹਿੰਮ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਿੱਚ ਵੱਧ ਤੋਂ ਵੱਧ ਲੋਕਾਂ ਦਾ ਨਾਮ ਦਰਜ ਕਰਵਾਉਣ ਲਈ ਪੰਜਾਬ ਸਰਕਾਰ ਦੀ ਇੱਕ ਹੋਰ ਪਹਿਲਕਦਮੀ ਹੈ ਜਿਸ ਜ਼ਰੀਏ ਆਯੁਸ਼ਮਾਨ ਕਾਰਡ ਬਣਾਉਣ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਲਾਭਪਾਤਰੀ ਆਯੁਸ਼ਮਾਨ ਐਪ ਦੀ ਵਰਤੋਂ ਕਰਕੇ, ਵੈਬਸਾਈਟ ’ਤੇ ਜਾ ਕੇ ਜਾਂ ਆਪਣੇ ਨਜ਼ਦੀਕੀ ਆਸ਼ਾ ਵਰਕਰ ਜਾਂ ਸੂਚੀਬੱਧ ਹਸਪਤਾਲਾਂ ਤੱਕ ਪਹੁੰਚ ਕਰਕੇ ਆਸਾਨੀ ਨਾਲ ਆਪਣੇ ਕਾਰਡ ਪ੍ਰਾਪਤ ਕਰ ਸਕਦੇ ਹਨ।

ਸ੍ਰੀ ਬਹਿਲ ਨੇ ਕਿਹਾ ਕਿ ਇਹ ਸਕੀਮ ਸੂਬੇ ਭਰ ਦੇ 800 ਤੋਂ ਵੱਧ ਸਰਕਾਰੀ ਅਤੇ ਨਿੱਜੀ ਸੂਚੀਬੱਧ ਹਸਪਤਾਲਾਂ ਵਿੱਚ ਹਰੇਕ ਪਰਿਵਾਰ ਲਈ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਪੇਸ਼ਕਸ਼ ਕਰਦੀ ਹੈ। ਸੂਬੇ ਵਿੱਚ 44 ਲੱਖ ਤੋਂ ਵੱਧ ਪਰਿਵਾਰ ਇਸ ਸਕੀਮ ਦਾ ਲਾਭ ਲੈ ਰਹੇ ਹਨ, ਜਿਸ ਵਿੱਚ ਗੋਡੇ ਬਦਲਾਉਣ, ਦਿਲ ਦੀ ਸਰਜਰੀ, ਕੈਂਸਰ ਦੇ ਇਲਾਜ ਆਦਿ ਸਮੇਤ ਲਗਭਗ 1600 ਕਿਸਮਾਂ ਦੇ ਇਲਾਜ ਸ਼ਾਮਲ ਹਨ।

Leave a Reply

Your email address will not be published. Required fields are marked *