ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਪੰਛੀਆਂ ਦੇ ਚਹਿਕ-ਚਿਹਾੜੇ ਦੀਆਂ ਆਵਾਜ਼ਾਂ ਸੁਣਨ ਨੂੰ ਮਿਲ ਰਹੀਆਂ ਹਨ ਕਿਉਂਕਿ ਉਨ੍ਹਾਂ ਦੀ ਮਾਂ ਚਰਨ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੇ ਪਿੰਡ ਮੂਸੇਵਾਲਾ ‘ਚ ਤਿਉਹਾਰ ਦਾ ਮਾਹੌਲ ਬਣ ਗਿਆ ਹੈ। ਆਪਣੇ ਨਵਜੰਮੇ ਪੁੱਤ ਦੇ ਜਨਮ ਮਗਰੋਂ ਮਾਤਾ ਚਰਨ ਕੌਰ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ‘ਚ ਉਨ੍ਹਾਂ ਨੇ ਆਪਣੇ ਨਵਜੰਮੇ ਪੁੱਤਰ ਲਈ ਖੁਸ਼ੀ ਅਤੇ ਸ਼ੁਕਰਗੁਜ਼ਾਰੀ ਦਾ ਪ੍ਰਗਟਾਵਾ ਕਰਦੇ ਹੋਏ ਆਪਣੇ ਪੁੱਤ ਦਾ ਘਰ ਵਾਪਸ ਆਉਣ ਲਈ ਧੰਨਵਾਦ ਕੀਤਾ ਅਤੇ ਉਸਦੀ ਤੰਦਰੁਸਤੀ ਅਤੇ ਸਫਲਤਾ ਲਈ ਅਰਦਾਸ ਕੀਤੀ।
ਇਸ ਦੇ ਨਾਲ ਹੀ ਮਾਤਾ ਚਰਨ ਕੌਰ ਨੇ ਪੋਸਟ ‘ਚ ਲਿਖਿਆ,”ਸੁਭਾਗ ਸੁਲੱਖਣਾ ਹੋ ਨਿਬੜਿਆ ਪੁੱਤ ਮੈਂ ਇੱਕ ਸਾਲ 10 ਮਹੀਨੇ ਬਾਅਦ ਫਿਰ ਤੋਂ ਤੁਹਾਡਾ ਦੀਦਾਰ ਕੀਤਾ। ਮੈਂ ਤੁਹਾਡੇ ਪਰਛਾਈ ਤੇ ਸਾਡੇ ਨਿੱਕੇ ਪੁੱਤ ਦਾ ਸੁਆਗਤ ਕਰਦੀ ਹਾਂ। ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀ ਹਾਂ ਜਿਸਨੇ ਇੱਕ ਵਾਰ ਫਿਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ। ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੇ ਜਿਹੀ ਨਿਡਰਤਾ, ਸਿਦਕ, ਸਫਲਤਾ, ਨੇਕੀ ਤੇ ਹਲੀਮੀ ਬਖਸ਼ਣ। ਘਰ ਪਰਤਣ ਲਈ ਧੰਨਵਾਦ ਪੁੱਤ।”