ਆਮ ਆਦਮੀ ਕਲੀਨਿਕਾਂ ਨੇ ਪੰਜਾਬ ਵਿੱਚ ਪ੍ਰਾਇਮਰੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕੀਤਾ: ਪ੍ਰਭਬੀਰ ਸਿੰਘ ਬਰਾੜ
ਬੀਤੇ ਕੱਲ੍ਹ 154 ਨਵੇਂ ਕਲੀਨਿਕਾਂ ਨਾਲ ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 1,244 ਹੋਈ
ਲਗਭਗ 1.98 ਕਰੋੜ ਲੋਕਾਂ ਨੇ ਕੀਤਾ ਆਮ ਆਦਮੀ ਕਲੀਨਿਕਾਂ ਦਾ ਦੌਰਾ, ਓ.ਪੀ.ਡੀ. 6.5 ਕਰੋੜ ਤੋਂ ਪਾਰ
ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਦੀ ਸ਼ਲਾਘਾ ਕਰਦਿਆਂ ਪਨਸਪ ਦੇ ਚੇਅਰਮੈਨ ਸ੍ਰੀ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਨੇ ਸੂਬੇ ਵਿੱਚ ਪ੍ਰਾਇਮਰੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ 154 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਨਾਲ ਪੰਜਾਬ ਵਿੱਚ ਇਨ੍ਹਾਂ ਕਲੀਨਿਕਾਂ ਦੀ ਕੁੱਲ ਗਿਣਤੀ 1,244 ਹੋ ਗਈ ਹੈ, ਜਿਸ ਨਾਲ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਕਿਫਾਇਤੀ ਅਤੇ ਮਿਆਰੀ ਸਿਹਤ ਸੇਵਾਵਾਂ ਮਿਲ ਰਹੀਆਂ ਹਨ।
ਸ੍ਰੀ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਡਾਕਟਰੀ ਸਲਾਹ, ਲੈਬ ਟੈਸਟ ਅਤੇ ਮੁਫ਼ਤ ਦਵਾਈਆਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਦਾ ਵਿਸ਼ੇਸ਼ ਲਾਭ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਮਿਲ ਰਿਹਾ ਹੈ, ਜੋ ਬਿਨਾਂ ਵਾਧੂ ਆਰਥਿਕ ਬੋਝ ਦੇ ਸਮੇਂ ਸਿਰ ਇਲਾਜ ਕਰਵਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਹਰ ਨਾਗਰਿਕ ਦਾ ਬੁਨਿਆਦੀ ਹੱਕ ਹੈ ਅਤੇ ਮਿਆਰੀ ਇਲਾਜ ਸਿਰਫ਼ ਉਨ੍ਹਾਂ ਲੋਕਾਂ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਜੋ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਦਾ ਖਰਚਾ ਚੁੱਕ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰ ਵਰਗ ਦੇ ਲੋਕਾਂ ਨੂੰ ਬਿਨਾਂ ਵਿੱਤੀ ਮੁਸ਼ਕਲਾਂ ਦੇ ਲੋੜੀਂਦੀਆਂ ਸਿਹਤ ਸੇਵਾਵਾਂ ਮਿਲ ਸਕਣ।
ਪਨਸਪ ਦੇ ਚੇਅਰਮੈਨ ਸ੍ਰੀ ਪ੍ਰਭਬੀਰ ਸਿੰਘ ਬਰਾੜ ਨੇ ਦੱਸਿਆ ਕਿ ਹੁਣ ਤੱਕ ਲਗਭਗ 1.98 ਕਰੋੜ ਲੋਕ ਆਮ ਆਦਮੀ ਕਲੀਨਿਕਾਂ ਦਾ ਦੌਰਾ ਕਰ ਚੁੱਕੇ ਹਨ, ਜਦਕਿ ਇਨ੍ਹਾਂ ਵਿੱਚ ਕੁੱਲ ਓ.ਪੀ.ਡੀ. ਦੀ ਗਿਣਤੀ 6.5 ਕਰੋੜ ਤੋਂ ਪਾਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜੇ ਸੂਬੇ ਦੇ ਲੋਕਾਂ ਵਿੱਚ ਇਨ੍ਹਾਂ ਕਲੀਨਿਕਾਂ ਪ੍ਰਤੀ ਵਧ ਰਹੇ ਭਰੋਸੇ ਅਤੇ ਇਨ੍ਹਾਂ ਦੀ ਉਪਯੋਗਤਾ ਨੂੰ ਦਰਸਾਉਂਦੇ ਹਨ।
ਸ੍ਰੀ ਬਰਾੜ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ 127 ਤਰ੍ਹਾਂ ਦੀਆਂ ਦਵਾਈਆਂ ਅਤੇ ਵੱਖ-ਵੱਖ ਲੈਬ ਟੈਸਟ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਨਾਲ ਮਰੀਜ਼ਾਂ ਨੂੰ ਜ਼ਰੂਰੀ ਇਲਾਜ ਲਈ ਆਪਣੀ ਜੇਬ ਵਿੱਚੋਂ ਵਾਧੂ ਖਰਚਾ ਨਹੀਂ ਕਰਨਾ ਪੈਂਦਾ। ਉਨ੍ਹਾਂ ਕਿਹਾ ਕਿ ਮੁਫ਼ਤ ਦਵਾਈਆਂ ਅਤੇ ਜਾਂਚ ਸਹੂਲਤਾਂ ਰਾਹੀਂ ਸਰਕਾਰੀ ਸਿਹਤ ਸੰਸਥਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਪੰਜਾਬ ਦੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਇੱਕ ਮਹੱਤਵਪੂਰਨ ਪਹਿਲਕਦਮੀ ਹਨ, ਜਿਨ੍ਹਾਂ ਰਾਹੀਂ ਆਮ ਲੋਕਾਂ ਨੂੰ ਸਮੇਂ ਸਿਰ, ਸੁਖਾਲੀਆਂ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ।
