ਅੰਮ੍ਰਿਤਸਰ ’ਚ ਪਟਾਕਿਆਂ ਦੇ ਖੋਖਿਆਂ ਲਈ ਅਰਜ਼ੀਆਂ ਦੀ ਭਰਮਾਰ, 13 ਅਕਤੂਬਰ ਨੂੰ ਨਿਕਲੇਗਾ ਡਰਾਅ
ਦੀਵਾਲੀ ’ਤੇ ਪਟਾਕੇ ਵੇਚਣ ਲਈ ਆਰਜ਼ੀ ਸਟਾਲ ਲਗਾਉਣ ਵਾਸਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੀਤੀਆਂ ਅਰਜ਼ੀਆਂ, ਖੋਖਿਆਂ ਦੀ ਗਿਣਤੀ ਵਧਾਉਣ ਦੀ ਵੀ ਉੱਠੀ ਮੰਗ
Amritsar: ਦੀਵਾਲੀ ਦੇ ਤਿਉਹਾਰ ਮੌਕੇ ਪਟਾਕਿਆਂ ਦੀ ਵਿਕਰੀ ਲਈ ਅੰਮ੍ਰਿਤਸਰ ਵਿੱਚ ਆਰਜ਼ੀ ਖੋਖੇ ਲਗਾਉਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਰਜ਼ੀਆਂ ਲਈਆਂ ਜਾ ਰਹੀਆਂ ਹਨ। ਇਸ ਪ੍ਰਕਿਰਿਆ ਦੇ ਦੂਜੇ ਦਿਨ ਰੈੱਡ ਕਰਾਸ ਦਫ਼ਤਰ ਵਿੱਚ 674 ਅਰਜ਼ੀਆਂ ਜਦਕਿ ਸੇਵਾ ਕੇਂਦਰਾਂ ਰਾਹੀਂ 385 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਖੋਖੇ ਅਲਾਟ ਕਰਨ ਲਈ ਡਰਾਅ 13 ਅਕਤੂਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੱਢਿਆ ਜਾਵੇਗਾ।
ਪ੍ਰਸ਼ਾਸਨ ਵੱਲੋਂ ਅਰਜ਼ੀ ਪ੍ਰਕਿਰਿਆ ਦੌਰਾਨ ਸੇਵਾ ਕੇਂਦਰ ਦੀ ਫੀਸ 100 ਰੁਪਏ ਅਤੇ ਰੈੱਡ ਕਰਾਸ ਦੀ ਪਰਚੀ ਲਈ 2,000 ਰੁਪਏ ਨਿਰਧਾਰਤ ਕੀਤੇ ਗਏ ਹਨ। ਪਟਾਕਿਆਂ ਦੀ ਵਿਕਰੀ ਲਈ ਖੋਖੇ ਲਗਾਉਣ ਦੀ ਇਹ ਪ੍ਰਕਿਰਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਹੈ।

ਖੋਖਿਆਂ ਦੀ ਗਿਣਤੀ ਵਧਾਉਣ ਦੀ ਮੰਗ
ਦੂਜੇ ਪਾਸੇ, ‘ਦ ਅੰਮ੍ਰਿਤਸਰ ਫਾਇਰ ਵਰਕਸ’ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਧਵਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਟਾਕਿਆਂ ਦੇ ਖੋਖਿਆਂ ਦੀ ਗਿਣਤੀ 10 ਤੋਂ ਵਧਾ ਕੇ 20 ਜਾਂ ਇਸ ਤੋਂ ਵੀ ਵੱਧ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜਲੰਧਰ ਅਤੇ ਲੁਧਿਆਣਾ ਵਰਗੇ ਸ਼ਹਿਰਾਂ ਵਿੱਚ ਅੰਮ੍ਰਿਤਸਰ ਦੇ ਮੁਕਾਬਲੇ ਵੱਧ ਖੋਖੇ ਲਗਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਇਸ ਮੰਗ ਸਬੰਧੀ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਖੋਖਿਆਂ ਦੀ ਗਿਣਤੀ ਵਧਾਉਣ ਦੇ ਮਾਮਲੇ ’ਤੇ ਵਿਚਾਰ ਕੀਤਾ ਜਾਵੇਗਾ।
ਬਿਨਾਂ License ਪਟਾਕੇ ਵੇਚਣ ਦੀ ਇਜਾਜ਼ਤ ਨਹੀਂ
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਨਿਰਧਾਰਤ ਪ੍ਰਕਿਰਿਆ ਅਨੁਸਾਰ ਆਰਜ਼ੀ License ਜਾਂ ਵਿਸਫੋਟਕ ਵਿਭਾਗ ਤੋਂ ਲੋੜੀਂਦਾ ਲਾਇਸੈਂਸ ਲਏ ਬਿਨਾਂ ਕਿਸੇ ਹੋਰ ਥਾਂ ’ਤੇ ਪਟਾਕਿਆਂ ਦੀ ਵਿਕਰੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪਟਾਕਿਆਂ ਦੇ ਖੋਖੇ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੁੱਲ 724 ਅਰਜ਼ੀਆਂ ਮਿਲੀਆਂ ਸਨ। ਇਸ ਵਾਰ ਵੀ ਅਰਜ਼ੀਆਂ ਦੀ ਗਿਣਤੀ ਨੂੰ ਦੇਖਦਿਆਂ ਖੋਖਿਆਂ ਦੀ Allotment ਅਤੇ ਉਨ੍ਹਾਂ ਦੀ ਗਿਣਤੀ ਬਾਰੇ ਪ੍ਰਸ਼ਾਸਨ ਦੇ ਅਗਲੇ ਫ਼ੈਸਲੇ ’ਤੇ ਸਭ ਦੀ ਨਜ਼ਰ ਰਹੇਗੀ।
