ਚਾਵਲਾ ਮਾਮਲੇ ’ਤੇ ਵਾਰਿਸ ਪੰਜਾਬ ਦੇ ਦਾ ਵਿਰੋਧ, ਬਾਪੂ ਤਰਸੇਮ ਸਿੰਘ ਨੇ ਮੰਗਿਆ ਧਾਮੀ ਦਾ ਅਸਤੀਫ਼ਾ

ਚਾਵਲਾ ਮਾਮਲੇ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਦੀ ਹੁਸ਼ਿਆਰਪੁਰ ਰਿਹਾਇਸ਼ ਬਾਹਰ ਵਿਰੋਧ ਪ੍ਰਦਰਸ਼ਨ ਕਰਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਅਤੇ ਵਰਕਰ

ਚਾਵਲਾ ਬਲਾਤਕਾਰ ਮਾਮਲੇ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਸਖ਼ਤ ਰੁਖ਼, SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇਵੇ ਅਸਤੀਫ਼ਾ : ਬਾਪੂ ਤਰਸੇਮ ਸਿੰਘ

Punjab-ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਦੇ ਘਰ ਦੇ ਬਾਹਰ ਜ਼ੋਰਦਾਰ ਵਿਰੋਧ ਪ੍ਰਦਰਸ਼ਨਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਦੇ ਘਰ ਦੇ ਬਾਹਰ ਜ਼ੋਰਦਾਰ ਵਿਰੋਧ ਪ੍ਰਦਰਸ਼ਨ

ਚਾਵਲਾ ਬਲਾਤਕਾਰ ਮਾਮਲੇ ਨੂੰ ਲੈ ਕੇ ਅੱਜ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਹੁਸ਼ਿਆਰਪੁਰ ਸਥਿਤ ਰਿਹਾਇਸ਼ ਦੇ ਬਾਹਰ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। ਪ੍ਰਦਰਸ਼ਨ ਦੌਰਾਨ ਬਾਪੂ ਤਰਸੇਮ ਸਿੰਘ ਤੋਂ ਇਲਾਵਾ ਪਾਰਟੀ ਦੇ ਪ੍ਰਮੁੱਖ ਆਗੂਆਂ ਵਿੱਚ ਸ੍ਰ. ਮਨਪ੍ਰੀਤ ਸਿੰਘ ਇਆਲੀ, ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ, ਸ੍ਰ. ਇਕਬਾਲ ਝੂੰਦਾ, ਭਾਈ ਸੁਖਦੇਵ ਸਿੰਘ ਕਾਦੀਆਂ, ਸ੍ਰ. ਪ੍ਰਿਥੀਪਾਲ ਸਿੰਘ, ਬੀਬੀ ਹਰਪ੍ਰੀਤ ਕੌਰ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਦਲਜੀਤ ਸਿੰਘ ਜਵੰਦਾ, ਸ੍ਰ. ਅਵਤਾਰ ਸਿੰਘ ਸੇਖੋਂ, ਸ੍ਰ. ਪ੍ਰਭਜੋਤ ਸਿੰਘ ਰਾਹੋਂ, ਸ੍ਰ. ਇਕਬਾਲ ਸਿੰਘ ਸੰਧੂ, ਰੱਬੀ ਕੰਦੋਲਾ ਅਤੇ ਸ੍ਰ. ਸੁਖਬੀਰ ਸਿੰਘ ਵਲਟੋਹਾ ਸਮੇਤ ਹੋਰ ਆਗੂ ਹਾਜ਼ਰ ਸਨ। ਪਾਰਟੀ ਆਗੂਆਂ ਨੇ ਕਿਹਾ ਕਿ ਚਾਵਲਾ ਮਾਮਲੇ ਸਬੰਧੀ ਸਾਹਮਣੇ ਆਏ ਦੋਸ਼ਾਂ ਅਤੇ SGPC ਪ੍ਰਬੰਧ ਅਧੀਨ ਸਰਾਵਾਂ ਵਿੱਚ ਸ਼ਿਕਾਇਤਕਰਤਾ ਔਰਤ ਦੇ ਲੰਮੇ ਸਮੇਂ ਤੱਕ ਰਹਿਣ ਸਬੰਧੀ ਸਾਹਮਣੇ ਆਈਆਂ ਗੱਲਾਂ ਨੇ ਸੰਗਤ ਦੇ ਮਨ ਵਿੱਚ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਸਰਾਵਾਂ ਵਿੱਚ ਰਹਿਣ ਅਤੇ ਉੱਥੇ ਕਥਿਤ ਤੌਰ ’ਤੇ ਵਾਪਰੀਆਂ ਘਟਨਾਵਾਂ ਸਬੰਧੀ ਦੋਸ਼ ਲਗਾਏ ਗਏ ਹਨ, ਜਦਕਿ ਇਸ ਮਾਮਲੇ ਵਿੱਚ ਪੁਲਿਸ ਕੇਸ ਵੀ ਦਰਜ ਹੈ ਅਤੇ ਜਾਂਚ ਜਾਰੀ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਜੇਕਰ ਸਬੰਧਤ ਜ਼ਿੰਮੇਵਾਰ ਅਧਿਕਾਰੀਆਂ ਜਾਂ ਪ੍ਰਬੰਧਕਾਂ ਨੂੰ ਇਸ ਮਾਮਲੇ ਸਬੰਧੀ ਪਹਿਲਾਂ ਤੋਂ ਕੋਈ ਜਾਣਕਾਰੀ ਸੀ ਤਾਂ ਉਨ੍ਹਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ SGPC ਦੇ ਪ੍ਰਬੰਧ ਅਧੀਨ ਵਾਪਰੀਆਂ ਘਟਨਾਵਾਂ ਸਬੰਧੀ ਸੰਗਤ ਵੱਲੋਂ ਉਠਾਏ ਜਾ ਰਹੇ ਸਵਾਲਾਂ ਦਾ ਜਵਾਬ ਦੇਣਾ SGPC ਦੀ ਜ਼ਿੰਮੇਵਾਰੀ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਇਨ੍ਹਾਂ ਸਵਾਲਾਂ ਦੇ ਮੱਦੇਨਜ਼ਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਨੈਤਿਕ ਜ਼ਿੰਮੇਵਾਰੀ ਲੈਂਦਿਆਂ SGPC ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਹੈ। ਵਿਰੋਧ ਪ੍ਰਦਰਸ਼ਨ ਮੌਕੇ ਬੋਲਦਿਆਂ ਬਾਪੂ ਤਰਸੇਮ ਸਿੰਘ ਨੇ ਮੰਗ ਕੀਤੀ ਕਿ ਚਾਵਲਾ ਮਾਮਲੇ ਨਾਲ ਸਬੰਧਤ ਸਾਰੇ ਤੱਥਾਂ, SGPC ਪ੍ਰਬੰਧ ਅਧੀਨ ਸਰਾਵਾਂ ਦੇ ਰਿਕਾਰਡ ਅਤੇ ਹੋਰ ਸਬੰਧਤ ਸਬੂਤਾਂ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੰਗਤ ਵੱਲੋਂ ਉਠਾਏ ਜਾ ਰਹੇ ਸਵਾਲਾਂ ਦੇ ਸਪੱਸ਼ਟ ਅਤੇ ਤਸੱਲੀਬਖ਼ਸ਼ ਜਵਾਬ ਸਾਹਮਣੇ ਆਉਣੇ ਚਾਹੀਦੇ ਹਨ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਜਾਂਚ ਦੌਰਾਨ ਜੇਕਰ ਕਿਸੇ ਵੀ ਅਧਿਕਾਰੀ, ਪ੍ਰਬੰਧਕ ਜਾਂ ਆਗੂ ਦੀ ਕਿਸੇ ਵੀ ਪੱਧਰ ’ਤੇ ਜ਼ਿੰਮੇਵਾਰੀ, ਲਾਪਰਵਾਹੀ ਜਾਂ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਅਤੇ ਤੱਥਾਂ ਨੂੰ ਜਨਤਕ ਕਰਨਾ ਹੀ ਸੰਗਤ ਦੇ ਮਨ ਵਿੱਚ ਪੈਦਾ ਹੋਏ ਸਵਾਲਾਂ ਦਾ ਜਵਾਬ ਦੇਣ ਦਾ ਸਹੀ ਰਸਤਾ ਹੈ।ਪ੍ਰਦਰਸ਼ਨ ਦੌਰਾਨ ਪਾਰਟੀ ਵਰਕਰਾਂ ਵੱਲੋਂ “ਸੰਗਤ ਦੇ ਸਵਾਲਾਂ ਦੇ ਜਵਾਬ ਦਿਓ” ਅਤੇ “ਧਾਮੀ ਅਸਤੀਫ਼ਾ ਦਿਓ” ਦੇ ਨਾਅਰੇ ਲਗਾਏ ਗਏ।

Leave a Reply

Your email address will not be published. Required fields are marked *