Asian Gold ਜਿੱਤ ਕੇ ਭਾਰਤ ਦੀਆਂ ਧੀਆਂ ਨੇ ਰਚਿਆ ਇਤਿਹਾਸ, ਹਰਮਨਪ੍ਰੀਤ ਦੇ ਪਿਤਾ ਨੇ ਕਿਹਾ—“ਧੀਆਂ ਨੂੰ ਪੜ੍ਹਾਓ, ਖਿਡਾਓ”

ਏਸ਼ੀਅਨ ਗੋਲਡ ਜਿੱਤਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ

Asian Gold ਜਿੱਤਣ ’ਤੇ ਹਰਮਨਪ੍ਰੀਤ ਕੌਰ ਦੇ ਪਿਤਾ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ

ਕਿਹਾ—ਭਾਰਤ ਦੀਆਂ ਧੀਆਂ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨਾਮ ਕਰ ਰਹੀਆਂ ਰੌਸ਼ਨ, ਧੀਆਂ ਨੂੰ ਜਨਮ ਦੇ ਕੇ ਪੜ੍ਹਾਓ ਅਤੇ ਖਿਡਾਓ

ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਏਸ਼ੀਅਨ ਗੋਲਡ ਮੈਡਲ ਹਾਸਲ ਕਰਨ ’ਤੇ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਪਿਤਾ ਹਰਮੰਦਰ ਸਿੰਘ ਨੇ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਹ ਉਪਲਬਧੀ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ।

ਹਰਮੰਦਰ ਸਿੰਘ ਨੇ ਕਿਹਾ ਕਿ ਅੱਜ ਭਾਰਤ ਦੀਆਂ ਧੀਆਂ ਖੇਡਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਕੇ ਦੇਸ਼ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕਰ ਰਹੀਆਂ ਹਨ। ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਨੇ ਆਪਣੀ ਮਿਹਨਤ, ਲਗਨ ਅਤੇ ਸ਼ਾਨਦਾਰ ਖੇਡ ਸਦਕਾ ਦੇਸ਼ ਨੂੰ ਵੱਡੀ ਪ੍ਰਾਪਤੀ ਦਿਵਾਈ ਹੈ।

ਉਨ੍ਹਾਂ ਇਸ ਖੁਸ਼ੀ ਦੇ ਮੌਕੇ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਟੀਮ ਇੰਡੀਆ ਨੂੰ ਜਿੱਤ ਲਈ ਵਧਾਈ ਦਿੱਤੀ ਗਈ।

ਹਰਮੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ਹਰਮਨਪ੍ਰੀਤ ਕੌਰ ’ਤੇ ਬੇਹੱਦ ਮਾਣ ਹੈ ਕਿ ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਵਜੋਂ ਟੀਮ ਦੀ ਅਗਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਦੀ ਮਿਹਨਤ ਦੇ ਨਾਲ-ਨਾਲ ਟੀਮ ਦੀਆਂ ਸਾਰੀਆਂ ਖਿਡਾਰਨਾਂ ਦੀ ਲਗਨ ਅਤੇ ਸਮਰਪਣ ਕਾਰਨ ਭਾਰਤੀ ਮਹਿਲਾ ਕ੍ਰਿਕਟ ਲਗਾਤਾਰ ਨਵੀਆਂ ਉਚਾਈਆਂ ਹਾਸਲ ਕਰ ਰਹੀ ਹੈ।

ਇਸ ਮੌਕੇ ਹਰਮੰਦਰ ਸਿੰਘ ਨੇ ਲੋਕਾਂ ਨੂੰ ਧੀਆਂ ਪ੍ਰਤੀ ਆਪਣੀ ਸੋਚ ਬਦਲਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੀਆਂ ਧੀਆਂ ਖੇਡਾਂ ਸਮੇਤ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ ਤਾਂ ਧੀਆਂ ਨੂੰ ਕੁੱਖ ਵਿੱਚ ਨਾ ਮਾਰਿਆ ਜਾਵੇ, ਸਗੋਂ ਉਨ੍ਹਾਂ ਨੂੰ ਜਨਮ ਲੈਣ, ਪੜ੍ਹਨ ਅਤੇ ਅੱਗੇ ਵਧਣ ਦਾ ਪੂਰਾ ਮੌਕਾ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਧੀਆਂ ਨੂੰ ਪੜ੍ਹਾਓ, ਖਿਡਾਓ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਉਡਾਣ ਦਿਓ, ਤਾਂ ਜੋ ਉਹ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਪਰਿਵਾਰ ਦੇ ਨਾਲ-ਨਾਲ ਦੇਸ਼ ਦਾ ਨਾਮ ਵੀ ਰੌਸ਼ਨ ਕਰ ਸਕਣ।

Leave a Reply

Your email address will not be published. Required fields are marked *