ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਦੀਆਂ ਤਿਆਰੀਆਂ ਸਬੰਧੀ ਐਡਵੋਕੇਟ ਧਾਮੀ ਨੇ ਕੀਤੀ ਇਕੱਤਰਤਾ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਰੀ ਪੀਰੀ ਖ਼ਾਲਸਾ ਮਾਰਚ ਦੀਆਂ ਤਿਆਰੀਆਂ ਸਬੰਧੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

24 ਜੁਲਾਈ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਹੋਵੇਗੀ ਆਰੰਭਤਾ

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਦੇ ਪ੍ਰਬੰਧ ਨੂੰ ਲੈ ਕੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇਕੱਤਰਤਾਵਾਂ ਹੋਈਆਂ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਅਧਿਕਾਰੀਆਂ ਪਾਸੋਂ ਪ੍ਰਬੰਧਾਂ ਸਬੰਧੀ ਜਾਣਕਾਰੀ ਲਈ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।

 

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੀਤੇ ਦਿਨੀਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਪੰਥਕ ਇਕੱਠ ਦੌਰਾਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਖ਼ਾਲਸਾ ਮਾਰਚ ਆਰੰਭ ਕਰਨ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਸਿੱਖ ਸਿਧਾਂਤਾਂ ਦੇ ਪ੍ਰਚਾਰ ਪ੍ਰਸਾਰ ਦੇ ਨਾਲ-ਨਾਲ ਸਿੱਖ ਸੰਸਥਾਵਾਂ ਦੀ ਅਹਿਮੀਅਤ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਰੀ ਪੀਰੀ ਖ਼ਾਲਸਾ ਮਾਰਚ 24 ਜੁਲਾਈ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਆਰੰਭ ਹੋਵੇਗਾ, ਜਿਸ ਦਾ ਵੱਖ-ਵੱਖ ਪਿੰਡਾਂ ਤੋਂ ਹੋ ਕੇ ਰਾਤਰੀ ਪੜਾਅ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਠੱਠਾ ਤਰਨ ਤਾਰਨ ਵਿਖੇ ਹੋਵੇਗਾ।

 

 

ਇਸੇ ਤਰ੍ਹਾਂ 25 ਜੁਲਾਈ ਨੂੰ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਤੋਂ ਤਰਨ ਤਾਰਨ, 26 ਜੁਲਾਈ ਨੂੰ ਤਰਨ ਤਾਰਨ ਤੋਂ ਸ੍ਰੀ ਗੋਇੰਦਵਾਲ ਸਾਹਿਬ, 27 ਜੁਲਾਈ ਨੂੰ ਸ੍ਰੀ ਗੋਇੰਦਵਾਲ ਸਾਹਿਬ ਤੋਂ ਮੋਗਾ, 28 ਜੁਲਾਈ ਨੂੰ ਮੋਗਾ ਤੋਂ ਬਜੀਦਪੁਰ, 29 ਜੁਲਾਈ ਨੂੰ ਬਜੀਦਪੁਰ ਤੋਂ ਫਰੀਦਕੋਟ, 30 ਜੁਲਾਈ ਨੂੰ ਫਰੀਦਕੋਟ ਤੋਂ ਜੈਤੋ, 31 ਜੁਲਾਈ ਨੂੰ ਜੈਤੋ ਤੋਂ ਸ੍ਰੀ ਮੁਕਤਸਰ ਸਾਹਿਬ, 1 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਗੁਰਦੁਆਰਾ ਥੇਹੜੀ ਸਾਹਿਬ, 2 ਅਗਸਤ ਨੂੰ ਥੇਹੜੀ ਸਾਹਿਬ ਤੋਂ ਗੁਰਦੁਆਰਾ ਹਾਜੀਰਤਨ ਸਾਹਿਬ ਬਠਿੰਡਾ ਅਤੇ 3 ਅਗਸਤ ਨੂੰ ਬਠਿੰਡਾ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਪਹੁੰਚ ਕੇ ਸੰਪੂਰਨ ਹੋਵੇਗਾ। ਐਡਵੋਕੇਟ ਧਾਮੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਖ਼ਾਲਸਾ ਮਾਰਚ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਇਸੇ ਦੌਰਾਨ ਐਡਵੋਕੇਟ ਧਾਮੀ ਨਾਲ ਨਿਹੰਗ ਸਿੰਘ ਦਲਾਂ ਨੇ ਵੀ ਇਕੱਤਰਤਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਹਰ ਤਰ੍ਹਾਂ ਦੇ ਸਹਿਯੋਗ ਦੀ ਵਚਨਬਧਤਾ ਪ੍ਰਗਟਾਈ। ਬਾਬਾ ਮੇਜਰ ਸਿੰਘ ਸੋਢੀ ਨੇ ਕਿਹਾ ਕਿ ਨਿਹੰਗ ਸਿੰਘ ਦਲ ਖ਼ਾਲਸਾਈ ਜਾਹੋ-ਜਲਾਲ ਨਾਲ ਇਸ ਮਾਰਚ ਵਿਚ ਸ਼ਾਮਲ ਹੋਣਗੇ।

Leave a Reply

Your email address will not be published. Required fields are marked *