ਸ਼ਰਧਾਲੂ ਹੁਣ ਰਾਮ ਮੰਦਰ ‘ਚ ਅਨੋਖੀ ਸੋਨੇ ਦੀ ਰਾਮਾਇਣ ਦੇ ਦਰਸ਼ਨ ਕਰ ਸਕਣਗੇ। ਇਸ ਰਾਮਾਇਣ ਦੀ ਸਥਾਪਨਾ ਪਵਿੱਤਰ ਅਸਥਾਨ ‘ਚ ਕੀਤੀ ਗਈ ਹੈ। ਅਨੋਖੀ ਸੋਨੇ ਦੀ ਰਾਮਾਇਣ ਸਾਬਕਾ IAS ਅਧਿਕਾਰੀ ਸੁਬਰਾਮਨੀਅਮ ਲਕਸ਼ਮੀਨਾਰਾਇਣ ਅਤੇ ਉਨ੍ਹਾਂ ਦੀ ਪਤਨੀ ਨੇ ਰਾਮ ਮੰਦਰ ਟਰੱਸਟ ਨੂੰ ਭੇਟ ਕੀਤੀ ਹੈ। ਇਹ ਸਥਾਪਨਾ ਨਵਰਾਤਰੀ ਦੇ ਪਹਿਲੇ ਦਿਨ ਹੋਈ ਜਿਸ ‘ਚ ਲਕਸ਼ਮੀ ਨਰਾਇਣ ਆਪਣੀ ਪਤਨੀ ਨਾਲ ਮੌਜੂਦ ਸਨ।
ਜ਼ਿਕਰਯੋਗ, ਇਹ ਸੋਨੇ ਦੀ ਰਾਮਾਇਣ ਚੇਨਈ ਦੇ ਮਸ਼ਹੂਰ ਵੁਮੀਦੀ ਬੰਗਾਰੂ ਜਵੈਲਰਜ਼ ਦੁਆਰਾ ਬਣਾਈ ਗਈ ਹੈ। ਪਾਵਨ ਅਸਥਾਨ ‘ਚ ਰਾਮਲੱਲਾ ਦੀ ਮੂਰਤੀ ਤੋਂ ਸਿਰਫ਼ 15 ਫੁੱਟ ਦੂਰ ਪੱਥਰ ਦੀ ਚੌਂਕੀ ਉੱਤੇ ਰਾਮਾਇਣ ਨੂੰ ਰੱਖਿਆ ਗਿਆ ਹੈ। ਇਹ ਵਿਸ਼ੇਸ਼ ਪ੍ਰਤੀਕ੍ਰਿਤੀ ਤਾਂਬੇ ਦੀ ਬਣੀ ਹੋਈ ਹੈ ਅਤੇ ਹਰੇਕ ਪੰਨੇ ਦਾ ਆਕਾਰ 14 ਗੁਣਾ 12 ਇੰਚ ਹੈ, ਇਨ੍ਹਾਂ ਪੰਨਿਆਂ ਉੱਤੇ ਰਾਮ ਚਰਿਤ ਮਾਨਸ ਦੀਆਂ ਤੁਕਾਂ ਉੱਕਰੀਆਂ ਹੋਈਆਂ ਹਨ।
ਇਸ ਤੋਂ ਇਲਾਵਾ ਮਹਾਂਕਾਵਿ ‘ਚ 10,902 ਆਇਤਾਂ ਹਨ ਅਤੇ ਹਰ ਪੰਨਾ 24 ਕੈਰਟ ਸੋਨੇ ਨਾਲ ਢੱਕਿਆ ਹੋਇਆ ਹੈ। ਪ੍ਰਤੀਕ੍ਰਿਤੀ ਲਗਭਗ 480-500 ਪੰਨਿਆਂ ਵਾਲੀ 151 ਕਿਲੋ ਤਾਂਬੇ ਅਤੇ 3-4 ਕਿਲੋ ਸੋਨੇ ਦੀ ਬਣੀ ਹੋਈ ਹੈ। ਹਰ ਪੰਨੇ ਦਾ ਭਾਰ 3 ਕਿਲੋਗ੍ਰਾਮ ਤਾਂਬਾ ਹੁੰਦਾ ਹੈ। ਕੁੱਲ ਮਿਲਾ ਕੇ, ਇਸ ਧਾਤ ਰਾਮਾਇਣ ਦਾ ਭਾਰ 1.5 ਕੁਇੰਟਲ ਤੋਂ ਵੱਧ ਹੈ।