ਹਰਿਆਣਾ ਦੀਆਂ ਸਰਹੱਦਾਂ ‘ਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਦੌਰਾਨ 21 ਫਰਵਰੀ ਨੂੰ ਹਰਿਆਣਾ ਪੁਲਿਸ ਹੱਥੋਂ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਹੈ। ਜਿਸ ਨੂੰ ਮੱਦੇਨਜ਼ਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ‘ਚ ਉਨ੍ਹਾਂ ਨੇ ਪੰਜਾਬ ਦੇ CM ਮਾਨ ਅਤੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਦੇ ਨਾਲ ਹੀ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਇਹ ਪੰਜਾਬ ਲਈ ਦੁਖਦਾਈ ਦਿਨ ਹਨ। ਸਾਡਾ ਨੌਜਵਾਨ ਭਰਾ ਅਤੇ ਪੰਜਾਬ ਦਾ ਬੱਚਾ ਸ਼ੁਭਕਰਨ ਸਿੰਘ PM ਮੋਦੀ ਅਤੇ ਹਰਿਆਣਾ ਪੁਲਿਸ ਹੱਥੋਂ ਸ਼ਹੀਦ ਹੋ ਗਿਆ ਹੈ। ਹਰਿਆਣਾ ਪੁਲਿਸ PM ਮੋਦੀ ਦੇ ਹੁਕਮਾਂ ‘ਤੇ ਕੰਮ ਕਰਦੀ ਹੈ, ਰਾਜਨੇਤਾ ਵੀ ਸਾਡੇ ਕਿਸਾਨਾਂ ਵਿਰੁੱਧ ਇਨ੍ਹਾਂ ਅੱਤਿਆਚਾਰਾਂ ਲਈ PM ਨੂੰ ਜ਼ਿੰਮੇਵਾਰ ਦੱਸਣ ਤੋਂ ਡਰਦਾ ਹੈ, ਮੈਂ ਸੱਤਾ ਦੀ ਦੁਰਵਰਤੋਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦਾ ਰਹਾਂਗਾ।
ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਜਿੰਨਾ ਦੋਸ਼ ਭਾਜਪਾ ਦਾ ਹੈ, ਪੰਜਾਬ ਸਰਕਾਰ ਵੀ ਓਨੀ ਜ਼ਿੰਮੇਵਾਰ ਹੈ। ਜਦ ਸ਼ੁਰੂ ‘ਚ ਅੱਥਰੂ ਗੈਸ ਦੇ ਗੋਲੇ ਵਰਤੇ ਗਏ ਸਨ, ਅਸੀਂ ਪੰਜਾਬ ਦੇ CM ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਸੀ। ਕਿਸਾਨ ਭਰਾਵਾਂ ‘ਤੇ ਰਬੜ ਦੀਆਂ ਗੋਲੀਆਂ ਵਰਤੀਆਂ ਜਾ ਰਹੀਆਂ ਹਨ। ਅਗਲੇ ਹੀ ਦਿਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਐਸਪੀ ਅੰਬਾਲਾ ਦੇ ਖਿਲਾਫ ਐਫਆਈਆਰ ਲਈ ਪੱਤਰ ਭੇਜਿਆ ਗਿਆ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ AAP ਸਰਕਾਰ ਸਪੱਸ਼ਟ ਤੌਰ ‘ਤੇ PM ਦੇ ਸਾਹਮਣੇ ਝੁਕ ਗਈ ਹੈ, AAP ਨੂੰ ਸਮਝਣਾ ਚਾਹੀਦਾ ਹੈ ਕਿ ਬਿਆਨਬਾਜ਼ੀ ਦਾ ਕੋਈ ਮਤਲਬ ਨਹੀਂ ਹੈ। ਪਰਿਵਾਰ ਦਾ ਸਮਰਥਨ ਜ਼ਰੂਰੀ ਹੈ, ਪਰ ਕੀ ਇਸ ਨਾਲ ਸ਼ੁਭਕਰਨ ਨੂੰ ਇਨਸਾਫ ਮਿਲੇਗਾ? ਕੀ ਇਸ ਨਾਲ ਕਿਸਾਨਾਂ ਦੀਆਂ ਹੋਰ ਮੌਤਾਂ ਤੋਂ ਬਚਣ ਵਿੱਚ ਮਦਦ ਮਿਲੇਗੀ? ਅਸੀਂ ਆਪਣੇ ਕਿਸਾਨਾਂ ਦੇ ਹੱਕ ‘ਚ ਪੁਲਿਸ ਕਿਉਂ ਨਹੀਂ ਤਾਇਨਾਤ ਕਰ ਸਕਦੇ? ਅਸੀਂ ਪਹਿਲਾਂ ਹੀ 700+ ਮੌਤਾਂ ਦਾ ਸਾਹਮਣਾ ਕਰ ਚੁੱਕੇ ਹਾਂ, ਅਸੀਂ ਹੋਰ ਨਹੀਂ ਚਾਹੁੰਦੇ।