ਤਿਉਹਾਰਾਂ ਦੇ ਸੀਜ਼ਨ ’ਚ ਰੇਲ ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ, ਲੁਧਿਆਣਾ ਤੋਂ ਪੂਰਨੀਆ ਲਈ ਚੱਲੇਗੀ ਸਪੈਸ਼ਲ Train
5 ਅਤੇ 9 ਨਵੰਬਰ ਨੂੰ ਲੁਧਿਆਣਾ ਤੋਂ ਹੋਵੇਗੀ ਰਵਾਨਾ, ਵਾਪਸੀ ਲਈ 6 ਅਤੇ 10 ਨਵੰਬਰ ਨੂੰ ਪੂਰਨੀਆ ਤੋਂ ਚੱਲੇਗੀ Train
ਤਿਉਹਾਰਾਂ ਦੇ ਮੌਸਮ ਦੌਰਾਨ ਰੇਲ ਗੱਡੀਆਂ ਵਿੱਚ ਵਧਣ ਵਾਲੀ ਯਾਤਰੀਆਂ ਦੀ ਭੀੜ ਨੂੰ ਦੇਖਦੇ ਹੋਏ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਰੇਲ ਮੰਡਲ ਵੱਲੋਂ ਵਿਸ਼ੇਸ਼ ਰੇਲ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਲੁਧਿਆਣਾ ਅਤੇ ਪੂਰਨੀਆ ਵਿਚਕਾਰ ਰਿਜ਼ਰਵਡ ਤਿਉਹਾਰ ਸਪੈਸ਼ਲ ਐਕਸਪ੍ਰੈੱਸ ਚਲਾਈ ਜਾਵੇਗੀ। ਇਸ ਨਾਲ ਪੰਜਾਬ ਤੋਂ ਬਿਹਾਰ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਸਹੂਲਤ ਮਿਲਣ ਦੀ ਉਮੀਦ ਹੈ।
ਰੇਲਵੇ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਟਰੇਨ ਨੰਬਰ 04660 ਲੁਧਿਆਣਾ-ਪੂਰਨੀਆ ਸਪੈਸ਼ਲ 5 ਅਤੇ 9 ਨਵੰਬਰ ਨੂੰ ਦੁਪਹਿਰ 12 ਵਜੇ ਲੁਧਿਆਣਾ ਤੋਂ ਰਵਾਨਾ ਹੋਵੇਗੀ। ਇਹ ਗੱਡੀ ਲਗਭਗ 33 ਘੰਟੇ 30 ਮਿੰਟ ਦਾ ਸਫ਼ਰ ਤੈਅ ਕਰਕੇ ਅਗਲੇ ਦਿਨ ਰਾਤ 9:30 ਵਜੇ ਪੂਰਨੀਆ ਪਹੁੰਚੇਗੀ।

ਇਸੇ ਤਰ੍ਹਾਂ ਵਾਪਸੀ ਦੌਰਾਨ ਟਰੇਨ ਨੰਬਰ 04659 ਪੂਰਨੀਆ-ਲੁਧਿਆਣਾ ਸਪੈਸ਼ਲ 6 ਅਤੇ 10 ਨਵੰਬਰ ਨੂੰ ਰਾਤ 11:30 ਵਜੇ ਪੂਰਨੀਆ ਤੋਂ ਚੱਲੇਗੀ। ਕਰੀਬ 31 ਘੰਟੇ 20 ਮਿੰਟ ਦਾ ਸਫ਼ਰ ਪੂਰਾ ਕਰਨ ਤੋਂ ਬਾਅਦ ਇਹ ਗੱਡੀ ਸਵੇਰੇ 6:50 ਵਜੇ ਲੁਧਿਆਣਾ ਪਹੁੰਚੇਗੀ।
ਇਨ੍ਹਾਂ ਸਟੇਸ਼ਨਾਂ ’ਤੇ ਹੋਵੇਗਾ ਟਰੇਨ ਦਾ ਠਹਿਰਾਅ
ਦੋਵੇਂ ਪਾਸਿਆਂ ਦੀ ਯਾਤਰਾ ਦੌਰਾਨ ਇਹ ਵਿਸ਼ੇਸ਼ ਰੇਲ ਗੱਡੀ ਢੰਡਾਰੀ ਕਲਾਂ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਸ਼ਾਹਜਹਾਂਪੁਰ, ਸੀਤਾਪੁਰ, ਗੋਂਡਾ, ਗੋਰਖਪੁਰ, ਸੀਵਾਨ, ਛਪਰਾ, ਹਾਜੀਪੁਰ, ਬਰੌਨੀ, ਬੇਗੂਸਰਾਏ, ਖਗੜੀਆ ਅਤੇ ਸਹਰਸਾ ਸਮੇਤ ਕਈ ਮਹੱਤਵਪੂਰਨ ਰੇਲਵੇ ਸਟੇਸ਼ਨਾਂ ’ਤੇ ਰੁਕੇਗੀ।
ਰੇਲਵੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਤਿਉਹਾਰਾਂ ਦੌਰਾਨ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਇਹ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਸ ਰੇਲ ਸੇਵਾ ਦਾ ਲਾਭ ਲੈਣ ਅਤੇ ਸਫ਼ਰ ਤੋਂ ਪਹਿਲਾਂ ਟਰੇਨ ਦੇ ਸਮੇਂ ਤੇ ਰਿਜ਼ਰਵੇਸ਼ਨ ਸਬੰਧੀ ਜਾਣਕਾਰੀ ਜ਼ਰੂਰ ਹਾਸਲ ਕਰਨ।
