ਬਟਾਲਾ ਰੋਡ ’ਤੇ ਨਿੱਜੀ ਹਸਪਤਾਲ ਨੂੰ ਪਾਵਰਕਾਮ ਦੀ ਮਿਹਰਬਾਨੀ , ਲੋਕਾਂ ਦੀਆਂ ਮੁਸ਼ਕਲਾਂ ਵਧੀਆਂ, ਗੰਦਗੀ ਕਾਰਨ ਘਰ ਛੱਡਣ ਲਈ ਮਜਬੂਰ
ਗੰਦਗੀ ਤੇ ਸੀਵਰੇਜ ਜਾਮ ਤੋਂ ਪ੍ਰੇਸ਼ਾਨ ਕ੍ਰਿਪਾਲ ਕਾਲੋਨੀ ਵਾਸੀਆਂ ਨੇ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਕੋਲ ਰੱਖੀ ਸਮੱਸਿਆ
ਮੌਕੇ ਦਾ ਜਾਇਜ਼ਾ ਲੈਣ ਪਹੁੰਚੀ ਪ੍ਰਿਯੰਕਾ ਸ਼ਰਮਾ ਨੇ ਅਧਿਕਾਰੀਆਂ ਨੂੰ ਲਾਈ ਫਟਕਾਰ, ਟਰਾਂਸਫਾਰਮਰ ਸ਼ਿਫਟ ਕਰਨ ਦੇ ਦਿੱਤੇ ਨਿਰਦੇਸ਼
Punjab-ਬਟਾਲਾ ਰੋਡ ਸਥਿਤ ਇੱਕ ਨਿੱਜੀ ਹਸਪਤਾਲ ਨੂੰ ਪਾਵਰਕਾਮ ਵੱਲੋਂ ਕਥਿਤ ਤੌਰ ’ਤੇ ਦਿੱਤੀ ਜਾ ਰਹੀ ਤਰਜੀਹ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਲਰ ਨੰਬਰ 46 ਦੇ ਸਾਹਮਣੇ ਸਥਿਤ ਕ੍ਰਿਪਾਲ ਕਾਲੋਨੀ ਦੇ ਵਸਨੀਕ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਜਾਮ ਅਤੇ ਗੰਦਗੀ ਦੀ ਸਮੱਸਿਆ ਨਾਲ ਜੂਝ ਰਹੇ ਹਨ।ਸਥਾਨਕ ਲੋਕਾਂ ਨੇ ਸ਼ਹਿਰ ਦੀ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨਾਲ ਮੁਲਾਕਾਤ ਕਰਕੇ ਆਪਣੀ ਸਮੱਸਿਆ ਤੋਂ ਜਾਣੂ ਕਰਵਾਇਆ। ਇਸ ਤੋਂ ਬਾਅਦ ਪ੍ਰਿਯੰਕਾ ਸ਼ਰਮਾ ਆਪਣੀ ਟੀਮ ਸਮੇਤ ਮੌਕੇ ’ਤੇ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ।ਸੀਵਰੇਜ ਜਾਮ ਦੀ ਸਮੱਸਿਆ ਦੀ ਗੰਭੀਰਤਾ ਨਾਲ ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਬਟਾਲਾ ਰੋਡ ’ਤੇ ਪਿਲਰ ਨੰਬਰ 46 ਦੇ ਸਾਹਮਣੇ ਇੱਕ ਨਿੱਜੀ ਹਸਪਤਾਲ ਬਣਾਇਆ ਗਿਆ ਹੈ। ਹਸਪਤਾਲ ਦੀ ਇਮਾਰਤ ਲਈ ਬਿਜਲੀ ਸਪਲਾਈ ਦੇਣ ਵਾਸਤੇ ਫੁੱਟਪਾਥ ’ਤੇ ਨਵਾਂ ਟਰਾਂਸਫਾਰਮਰ ਲਗਾਇਆ ਗਿਆ ਸੀ।

ਦੱਸਿਆ ਗਿਆ ਕਿ ਬਿਜਲੀ ਵਿਭਾਗ ਵੱਲੋਂ ਟਰਾਂਸਫਾਰਮਰ ਲਗਾਉਣ ਸਮੇਂ ਹਸਪਤਾਲ ਦੇ ਨਾਲ ਲੱਗਦੀ ਗਲੀ ਦੇ ਘਰਾਂ ਦੀ ਸੀਵਰੇਜ ਪਾਈਪ ਟੁੱਟ ਗਈ, ਜਿਸ ਕਾਰਨ ਇਹ ਸਾਰੀ ਸਮੱਸਿਆ ਪੈਦਾ ਹੋਈ।
ਪ੍ਰਿਯੰਕਾ ਸ਼ਰਮਾ ਨੇ ਸਮੱਸਿਆ ਦੇ ਹੱਲ ਲਈ ਪਾਵਰਕਾਮ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਟਰਾਂਸਫਾਰਮਰ ਨੂੰ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਹਸਪਤਾਲ ਅਤੇ ਡਾਇਗਨੋਸਟਿਕ ਸੈਂਟਰ ਪ੍ਰਬੰਧਕਾਂ ਨੂੰ ਸੀਵਰੇਜ ਦੇ ਕਨੈਕਸ਼ਨ ਸਹੀ ਢੰਗ ਨਾਲ ਲੈਣ, ਕਾਲੋਨੀ ਦੀ ਗਲੀ ਵਿੱਚ ਬੰਦ ਹੋਏ ਚੈਂਬਰਾਂ ਨੂੰ ਠੀਕ ਕਰਵਾਉਣ ਅਤੇ ਹੋਰ ਜ਼ਰੂਰੀ ਕੰਮ ਜਲਦ ਤੋਂ ਜਲਦ ਮੁਕੰਮਲ ਕਰਨ ਲਈ ਕਿਹਾ।

ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨੇ ਕਿਹਾ ਕਿ ਨਿੱਜੀ ਹਸਪਤਾਲ ਅਤੇ ਡਾਇਗਨੋਸਟਿਕ ਸੈਂਟਰ ਦੀ ਬਿਜਲੀ ਸਪਲਾਈ ਲਈ ਆਮ ਲੋਕਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪਾਵਰਕਾਮ ਵੱਲੋਂ ਟੁੱਟੀ ਸੀਵਰੇਜ ਪਾਈਪ ਦੀ ਮੁਰੰਮਤ ਮੌਕੇ ’ਤੇ ਹੀ ਸ਼ੁਰੂ ਕਰਵਾਈ ਜਾਵੇਗੀ। ਟਰਾਂਸਫਾਰਮਰ ਨੂੰ ਸ਼ਿਫਟ ਕਰਨ ਲਈ ਕਰਮਚਾਰੀ ਕੰਮ ’ਤੇ ਲੱਗ ਗਏ ਹਨ ਅਤੇ ਜਲਦ ਹੀ ਕ੍ਰਿਪਾਲ ਕਾਲੋਨੀ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ।
ਬਿਮਾਰੀ ਤੋਂ ਬਚਣ ਲਈ ਘਰ ਛੱਡਣ ਨੂੰ ਮਜਬੂਰ
ਸਥਾਨਕ ਵਸਨੀਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਰਹਿਣਾ ਬਿਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ। ਇਸ ਕਾਰਨ ਕਾਲੋਨੀ ਦੇ ਕਈ ਵਸਨੀਕ ਆਪਣੇ ਘਰ ਛੱਡ ਕੇ ਰਿਸ਼ਤੇਦਾਰਾਂ ਦੇ ਘਰ ਰਹਿਣ ਲਈ ਮਜਬੂਰ ਹੋ ਗਏ ਹਨ। ਗੰਦਗੀ ਅਤੇ ਦੂਸ਼ਿਤ ਪਾਣੀ ਕਾਰਨ ਗਲੀ ਵਿੱਚ ਬੱਚੇ ਜ਼ਖ਼ਮੀ ਹੋਣ ਦੇ ਨਾਲ-ਨਾਲ ਬਿਮਾਰ ਵੀ ਹੋ ਰਹੇ ਹਨ।
ਜਲਦ ਹੋਵੇਗਾ ਸਮੱਸਿਆ ਦਾ ਹੱਲ: ਪ੍ਰਿਯੰਕਾ ਸ਼ਰਮਾ
ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਨੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਅਧਿਕਾਰੀਆਂ ਅਤੇ ਹਸਪਤਾਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇਗਾ ਅਤੇ ਇਸ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
