ਬਾਰਡਰ ਜ਼ੋਨ ਵਿੱਚ ਬਿਜਲੀ ਬਿੱਲ ਡਿਫਾਲਟਰਾਂ ਖ਼ਿਲਾਫ਼ ਪਾਵਰਕਾਮ ਦੀ ਸਖ਼ਤੀ, 90 ਕਰੋੜ ਰੁਪਏ ਦੀ ਵਸੂਲੀ
ਬਾਰਡਰ ਜ਼ੋਨ ਵਿੱਚ ਬਿਜਲੀ ਦੇ ਬਕਾਇਆ ਬਿੱਲਾਂ ਦੀ ਵਸੂਲੀ ਨੂੰ ਲੈ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਸਖ਼ਤ ਰੁਖ ਅਪਣਾਇਆ ਹੈ। ਪਾਵਰਕਾਮ ਵੱਲੋਂ ਡਿਫਾਲਟਰ ਖਪਤਕਾਰਾਂ ਤੋਂ ਬਕਾਇਆ ਰਕਮ ਵਸੂਲਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਬਾਰਡਰ ਜ਼ੋਨ ਵਿੱਚ ਡਿਫਾਲਟਰ ਖਪਤਕਾਰਾਂ ਵੱਲੋਂ ਕਰੀਬ 868.84 ਕਰੋੜ ਰੁਪਏ ਦੀ ਰਕਮ ਬਕਾਇਆ ਸੀ। ਇਸ ਵਿੱਚੋਂ ਪਾਵਰਕਾਮ ਨੇ ਕਰੀਬ 90 ਕਰੋੜ ਰੁਪਏ ਦੀ ਰਿਕਵਰੀ ਕਰ ਲਈ ਹੈ। ਅਧਿਕਾਰੀਆਂ ਵੱਲੋਂ ਬਕਾਇਆ ਰਕਮ ਦੀ ਵਸੂਲੀ ਲਈ ਵਿਭਾਗੀ ਪੱਧਰ ‘ਤੇ ਕਾਰਵਾਈ ਤੇਜ਼ ਕੀਤੀ ਗਈ ਹੈ।
ਰਿਪੋਰਟ ਅਨੁਸਾਰ ਬਕਾਇਆ ਰਕਮ ਵਿੱਚ ਅੰਮ੍ਰਿਤਸਰ ਸਿਟੀ ਸਰਕਲ ਦਾ ਹਿੱਸਾ ਲਗਭਗ 112.54 ਕਰੋੜ ਰੁਪਏ, ਅੰਮ੍ਰਿਤਸਰ ਸਰਕਲ ਦਾ 284.95 ਕਰੋੜ ਰੁਪਏ, ਤਰਨਤਾਰਨ ਸਰਕਲ ਦਾ 258 ਕਰੋੜ ਰੁਪਏ ਅਤੇ ਗੁਰਦਾਸਪੁਰ ਸਰਕਲ ਦਾ ਕਰੀਬ 212.75 ਕਰੋੜ ਰੁਪਏ ਦੱਸਿਆ ਗਿਆ ਹੈ।
ਪਾਵਰਕਾਮ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਖਪਤਕਾਰ ਬਕਾਇਆ ਬਿੱਲਾਂ ਦਾ ਭੁਗਤਾਨ ਨਹੀਂ ਕਰਨਗੇ, ਉਨ੍ਹਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਲੋੜ ਪੈਣ ‘ਤੇ ਬਿਜਲੀ Connection ਕੱਟਣ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਅਧਿਕਾਰੀਆਂ ਮੁਤਾਬਕ ਵਿਭਾਗ ਦਾ ਮੁੱਖ ਮਕਸਦ ਬਕਾਇਆ ਰਕਮ ਦੀ ਵਸੂਲੀ ਕਰਨਾ ਅਤੇ ਬਿਜਲੀ ਬਿੱਲਾਂ ਦੀ ਸਮੇਂ ਸਿਰ ਅਦਾਇਗੀ ਨੂੰ ਯਕੀਨੀ ਬਣਾਉਣਾ ਹੈ। ਇਸ ਲਈ ਵੱਖ-ਵੱਖ ਇਲਾਕਿਆਂ ਵਿੱਚ ਡਿਫਾਲਟਰ ਖਪਤਕਾਰਾਂ ਦੀ ਪਛਾਣ ਕਰਕੇ ਉਨ੍ਹਾਂ ਤੋਂ ਬਕਾਇਆ ਰਕਮ ਵਸੂਲਣ ਦੀ ਪ੍ਰਕਿਰਿਆ ਜਾਰੀ ਹੈ।
