ਮੇਅਰ ਅਤੇ ਕਮਿਸ਼ਨਰ ਨੇ ਠੋਸ ਕੁੜੇ ਦੇ ਪ੍ਰਬੰਧਨ ਲਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਸ਼ਹਿਰ ਵਿੱਚ ਠੋਸ ਕੁੜੇ ਦੇ ਪ੍ਰਬੰਧਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਰਣਜੀਤ ਐਵੀਨਿਊ ਸਥਿਤ ਨਗਰ ਨਿਗਮ ਦਫ਼ਤਰ ਤੋਂ ਇੱਕ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਮੇਅਰ ਨੇ ਕਿਹਾ ਕਿ ਠੋਸ ਕੁੜੇ ਦੇ ਸਹੀ ਪ੍ਰਬੰਧਨ ਲਈ ਘਰ ਵਿੱਚ ਕੁੜੇ ਦਾ ਪ੍ਰਬੰਧਨ ਕਰਨਾ ਜ਼ਰੂਰੀ ਹੈ।

ਜਿਸ ਤਹਿਤ ਘਰ ਵਿਚ ਹੀ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕੁੜੇਦਾਨਾਂ ਵਿੱਚ ਰੱਖਣਾ ਚਾਹੀਦਾ ਹੈ। ਗਿੱਲੇ ਕੂੜੇ ਵਿੱਚ ਸਬਜ਼ੀਆਂ ਅਤੇ ਫਲਾਂ ਦੇ ਛਿਲਕੇ, ਖਰਾਬ ਭੋਜਨ, ਅੰਡੇ ਦੇ ਛਿਲਕੇ, ਟੀ ਬੈਗ, ਸੜੇ ਫਲ, ਫੁੱਲਾਂ ਦੇ ਹਾਰ, ਪੱਤੇ, ਮਾਸ ਅਤੇ ਮੱਛੀ ਦੀਆਂ ਹੱਡੀਆਂ ਆਦਿ ਸ਼ਾਮਲ ਹਨ। ਸੁੱਕੇ ਕੂੜੇ ਵਿੱਚ ਪਲਾਸਟਿਕ ਦੇ ਕਵਰ, ਬੋਤਲਾਂ ਅਤੇ ਡੱਬੇ, ਚਿਪਸ ਅਤੇ ਟੌਫੀ ਦੇ ਰੈਪਰ, ਅਖ਼ਬਾਰ, ਗੱਤੇ, ਫਾਈਲ ਪੇਪਰ, ਟੈਟਰਾਪੈਕ, ਧਾਤ ਦੇ ਡੱਬੇ, ਗਲਾਸ, ਬੋਤਲਾਂ, ਜਾਰ ਅਤੇ ਪਲੇਟਾਂ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ, ਘਰਾਂ ਤੋਂ ਰਸਾਇਣਕ ਕੂੜਾ, ਜਿਵੇਂ ਕਿ ਕੀਟਨਾਸ਼ਕ, ਵਰਤੀਆਂ ਗਈਆਂ ਬੈਟਰੀਆਂ ਅਤੇ ਸੈੱਲ, ਮਿਆਦ ਪੁੱਗ ਚੁੱਕੀਆਂ ਦਵਾਈਆਂ, ਫਿਨਾਇਲ, ਐਸਿਡ, ਬਲੀਚਿੰਗ ਏਜੰਟ, ਖਰਾਬ ਬਿਜਲੀ ਦੀਆਂ ਤਾਰਾਂ ਆਦਿ ਨੂੰ ਕਾਲੇ ਕੁੜੇਦਾਨ ਵਿੱਚ ਰੱਖਣਾ ਚਾਹੀਦਾ ਹੈ। ਘਰੇਲੂ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਸੈਨੇਟਰੀ ਪੈਡ ਅਤੇ ਡਾਇਪਰ ਸਮੇਤ ਸੈਨੇਟਰੀ ਕੂੜੇ ਲਈ ਲਾਲ ਕੁੜੇਦਾਨ ਦੀ ਵਰਤੋਂ ਕਰਨੀ ਚਾਹੀਦੀ ਹੈ। ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਇਸ ਮੌਕੇ ਕਿਹਾ ਕਿ ਸ਼ਹਿਰ ਵਿੱਚ ਕੂੜਾ ਪ੍ਰਬੰਧਨ ਜਨਤਕ ਸਹਿਯੋਗ ਅਤੇ ਭਾਗੀਦਾਰੀ ਤੋਂ ਬਿਨਾਂ ਅਸੰਭਵ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਖਾਲੀ ਪਲਾਟਾਂ ਅਤੇ ਗਲੀਆਂ- ਸੜਕਾਂ ਵਿੱਚ ਕੂੜਾ ਨਾ ਸੁੱਟਣ ਅਤੇ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਤੋਂ ਬਾਅਦ ਸਫਾਈ ਨੂੰ ਯਕੀਨੀ ਬਣਾਉਣ। ਠੋਸ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਜਾਗਰੂਕਤਾ ਫੈਲਾਉਣ ਲਈ ਅੱਜ ਇੱਕ ਵੈਨ ਲਾਂਚ ਕੀਤੀ ਗਈ, ਜੋ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀ ਗਲੀਆਂ ਮੁਹੱਲੇ ਆਦਿ ਵਿੱਚ ਘੁੰਮੇਗੀ। ਇਸ ਮੌਕੇ ਡਾ. ਕਿਰਨ ਕੁਮਾਰ ਅਤੇ ਹੋਰ ਵੀ ਮੌਜੂਦ ਸਨ।
