ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨਾਲ ਮਿਲੇ MP ਗੁਰਜੀਤ ਸਿੰਘ ਔਜਲਾ

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨਾਲ ਮਿਲੇ ਸਾਂਸਦ ਗੁਰਜੀਤ ਸਿੰਘ ਔਜਲਾ

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨਾਲ ਮਿਲੇ ਸਾਂਸਦ ਗੁਰਜੀਤ ਸਿੰਘ ਔਜਲਾ

ਰੇਲ ਕਨੈਕਟਿਵਿਟੀ ਅਤੇ ਵਿਰਾਸਤ ਨਾਲ ਜੁੜੇ ਅਹਿਮ ਮੁੱਦੇ ਉਠਾਏ

ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਅੱਜ ਮਾਨਯੋਗ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਜੀ ਨਾਲ ਮੁਲਾਕਾਤ ਕਰਕੇ ਅੰਮ੍ਰਿਤਸਰ ਅਤੇ ਪੰਜਾਬ ਨਾਲ ਸਬੰਧਤ ਅਤਿ ਮਹੱਤਵਪੂਰਣ ਅਤੇ ਲੰਮੇ ਸਮੇਂ ਤੋਂ ਲਟਕੇ ਹੋਏ ਜਨਹਿਤੀ ਰੇਲ ਮੁੱਦੇ ਪੂਰੀ ਮਜ਼ਬੂਤੀ ਨਾਲ ਉਠਾਏ। ਸਾਂਸਦ ਔਜਲਾ ਨੇ ਲਿਖਤੀ ਰੂਪ ਵਿੱਚ ਮੰਗਾਂ ਸੌਂਪਦਿਆਂ ਕਿਹਾ ਕਿ ਇਹ ਮੰਗਾਂ ਸਿਰਫ਼ ਖੇਤਰੀ ਨਹੀਂ, ਸਗੋਂ ਲੱਖਾਂ ਯਾਤਰੀਆਂ, ਵਿਦਿਆਰਥੀਆਂ, ਵਪਾਰੀਆਂ ਅਤੇ ਸ਼ਰਧਾਲੂਆਂ ਦੀਆਂ ਸਾਲਾਂ ਪੁਰਾਣੀਆਂ ਉਮੀਦਾਂ ਨਾਲ ਜੁੜੀਆਂ ਹੋਈਆਂ ਹਨ।

ਸਾਂਸਦ ਔਜਲਾ ਨੇ ਰੇਲ ਮੰਤਰੀ ਦੇ ਸਾਹਮਣੇ ਅੰਮ੍ਰਿਤਸਰ–ਪੁਣੇ (ਹੜਪਸਰ) ਸਾਪਤਾਹਿਕ ਸੁਪਰਫਾਸਟ ਏ.ਸੀ. ਐਕਸਪ੍ਰੈੱਸ ਸ਼ੁਰੂ ਕਰਨ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਇਸ ਰੂਟ ’ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ, ਕਾਰੋਬਾਰੀ, ਨੌਕਰੀਪੇਸ਼ਾ ਲੋਕ ਅਤੇ ਸ਼ਰਧਾਲੂ ਯਾਤਰਾ ਕਰਦੇ ਹਨ, ਪਰ ਸਿੱਧੀ ਟ੍ਰੇਨ ਸੇਵਾ ਨਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਤੋਂ ਇਲਾਵਾ ਸਾਂਸਦ ਔਜਲਾ ਨੇ ਕੋਟਲਾ ਗੁਜਰਾਂ ਵਿੱਚ ਡੀ.ਐੱਮ.ਯੂ. ਟ੍ਰੇਨਾਂ ਦੇ ਸਟਾਪੇਜ ਬਹਾਲ ਕਰਨ ਅਤੇ ਉਥੋਂ ਅੰਮ੍ਰਿਤਸਰ ਲਈ ਸਿੱਧੀ ਸੇਵਾ ਸ਼ੁਰੂ ਕਰਨ ਦੀ ਮੰਗ ਵੀ ਕੀਤੀ, ਤਾਂ ਜੋ ਪਿੰਡਾਂ ਅਤੇ ਕਸਬਿਆਂ ਦੇ ਯਾਤਰੀਆਂ ਨੂੰ ਬਿਹਤਰ ਰੇਲ ਸਹੂਲਤ ਮਿਲ ਸਕੇ।

ਸਾਂਸਦ ਔਜਲਾ ਨੇ ਸੰਗਰਾਨਾ ਸਾਹਿਬ ਵਿਖੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਉਥੇ ਟ੍ਰੇਨਾਂ ਦੇ ਸਟਾਪੇਜ ਦੁਬਾਰਾ ਸ਼ੁਰੂ ਕਰਨ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਇਹ ਸਥਾਨ ਸਿੱਖ ਸ਼ਰਧਾਲੂਆਂ ਲਈ ਬਹੁਤ ਪਵਿੱਤਰ ਹੈ ਅਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਨਤਮਸਤਕ ਹੋਣ ਆਉਂਦੀ ਹੈ।

ਇਸਦੇ ਨਾਲ ਹੀ, ਸਾਂਸਦ ਔਜਲਾ ਨੇ 350ਵੇਂ ਸ਼ਹੀਦੀ ਵਰ੍ਹੇ ਦੇ ਮੌਕੇ ’ਤੇ ਇੱਕ ਇਤਿਹਾਸਕ ਅਤੇ ਭਾਵਨਾਤਮਕ ਮੰਗ ਰੱਖਦਿਆਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ‘ਹਿੰਦ ਦੀ ਚਾਦਰ – ਸ਼੍ਰੀ ਗੁਰੂ ਤੇਗ ਬਹਾਦੁਰ ਜੀ’ ਰੱਖਣ ਦਾ ਪ੍ਰਸਤਾਵ ਵੀ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਨੂੰ ਗੁਰੂ ਤੇਗ ਬਹਾਦੁਰ ਜੀ ਦੇ ਮਹਾਨ ਬਲਿਦਾਨ ਅਤੇ ਮਨੁੱਖਤਾ ਲਈ ਦਿੱਤੇ ਯੋਗਦਾਨ ਦੀ ਸਥਾਈ ਪਹਿਚਾਣ ਮਿਲੇਗੀ।

ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਮੰਗਾਂ ਦੇ ਪੂਰਾ ਹੋਣ ਨਾਲ ਨਾ ਸਿਰਫ਼ ਰੇਲ ਕਨੈਕਟਿਵਿਟੀ ਮਜ਼ਬੂਤ ਹੋਵੇਗੀ, ਸਗੋਂ ਵਪਾਰ, ਰੋਜ਼ਗਾਰ, ਅਰਥਵਿਵਸਥਾ ਅਤੇ ਧਾਰਮਿਕ ਸੈਰ-ਸਪਾਟੇ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਆਸ ਜਤਾਈ ਕਿ ਰੇਲ ਮੰਤਰਾਲਾ ਇਨ੍ਹਾਂ ਜਨਹਿਤੀ ਮੁੱਦਿਆਂ ’ਤੇ ਜਲਦੀ ਅਤੇ ਸਕਾਰਾਤਮਕ ਫ਼ੈਸਲਾ ਲਏਗਾ।

Leave a Reply

Your email address will not be published. Required fields are marked *